Saturday, November 23, 2024
 

ਕਾਵਿ ਕਿਆਰੀ

ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ

May 26, 2020 10:30 AM

ਜੇਠ ਮਹੀਨਾ ਰੁੱਤ ਗਰਮੀ ਦੀ
ਪਾਪੀ ਕਹਿਰ ਕਮਾਇਆ
ਭਾਣਾ ਮੰਨ ਕੇ ਪੰਚਮ ਸਤਿਗੁਰੂ
ਲੋਹ 'ਤੇ ਆਸਣ ਲਾਇਆ
ਤੱਤੀ ਰੇਤ ਦੇ ਭਰ ਭਰ ਕੜਛੇ
ਭੜਭੂੰਜਾ ਪਿਆ ਪਉਂਦੇ
ਤੱਤੀ ਲੋਹ 'ਤੇ ਬੈਠੇ ਸਤਿਗੁਰ ਭਾਣਾ ਮਿੱਠਾ ਗਉਂਦੇ
ਅਗ ਕਹਿਰ ਦੀ ਬਾਲੀ ਜਾਲਮਾ ਪਾਣੀ ਖਾਵੇ ਉਬਾਲੇ
ਬਿਠਾਏ ਪਹਿਲਾਂ ਦੇਗ ਦੇ ਅੰਦਰ ਦੁਨੀਆਂ ਦੇ ਰਖਵਾਲੇ
ਛਾਲੇ ਛਾਲੇ ਸਰੀਰ ਹੋ ਗਿਆ ਫਿਰ ਵੀ ਰਹੇ
ਮੁਸਕਰਾਉਂਦੇ

ਤੱਤੀ ਲੋਹ ਤੇ ਬੈਠੇ-----------
ਚੰਦੂ ਸ਼ਾਹ ਗੁਮਾਨ 'ਚ ਭਰਿਆ ਜੁਲਮ ਕਰੇ ਹਤਿਆਰਾ
ਜੁਲਮ ਵੇਖ ਕੇ ਧਰਤੀ ਡੋਲੀ ਕੰਬੇ ਲਵਪੁਰ ਸਾਰਾ
ਹੁਕਮ ਉਹਦੇ ਨਾਲ ਲੋਹ ਫਿੱਟ ਕਰ ਕੇ ਹੇਠਾਂ ਅਗ ਮਚਾਉਂਦੇ
ਤੱਤੀ ਲੋਹ 'ਤੇ ਬੈਠੇ-----------
ਤੱਤੀ ਲੋਹ 'ਤੇ ਰਬ ਬੈਠਾ ਕੇ ਕਰਨ ਤਸਦਦ ਭਾਰੀ
ਤੱਤੀ ਰੇਤ ਸੀਸ 'ਤੇ ਪਾਵੋ ਆਡਰ ਦਏ ਹੰਕਾਰੀ
ਜੁਲਮੋ ਸਿਤਮ ਵੇਖ ਕੇ ਲੋਕੀਂ ਮੁੰਹ ਵਿਚ ਉਂਗਲਾਂ ਪਉਂਦੇ
ਤੱਤੀ ਲੋਹ 'ਤੇ ਬੈਠੇ---------
ਲਟ-ਲਟ ਅਗ ਪਈ ਮਚੇ ਲੋਹ ਵਾਂਗ ਅੰਗਿਆਰੇ
ਤੱਤੀ ਲੋਹ 'ਤੇ ਲਾਈ ਸਮਾਧੀ ਭਾਨੀ ਮਾਂ ਦੇ ਤਾਰੇ
ਸ਼ਾਤੀ ਦੇ ਪੁੰਜ ਸ਼ਾਂਤ ਨੇ ਬੈਠੇ ਮੁੱਖੋਂ ਬਾਣੀ ਗਾਉਂਦੇ
ਤੱਤੀ ਲੋਹ 'ਤੇ ਬੈਠੇ------------
ਚੰਦੁ ਖੜਾ ਚੰਡਾਲ ਸੀ ਮੁਹਰੇ ਕਹਿ ਕੇ ਅਗ ਡਵਾਵੇ
ਮਜਬੂਰ ਹੋਇਆ ਨੌਕਰ ਪਿਆ ਕੜਛੇ ਭਰ ਕੇ ਰੇਤ ਦੇ ਪਾਵੇ
ਅਡੋਲ ਬੈਠੇ ਨੇ ਪੰਚਮ ਸਤਿਗੁਰ ਜਾਲਮ ਰਹੇ ਡੁਲਾਉਂਦੇ
ਤੱਤੀ ਲੋਹ 'ਤੇ ਬੈਠੇ----------
ਸਚੁ ਧਰਮ ਲਈ ਪੰਚਮ ਸਤਿਗੁਰ ਤਨ ਤੇ ਕਸ਼ਟ ਸਹਾਰੇ
ਤੇਰਾ ਭਾਣਾ ਮਿੱਠਾ ਲਾਗੇ ਮੁੱਖ 'ਚੋਂ ਬਚਨ ਉਚਾਰੇ
ਜਾਲਮ ਜੁਲਮ ਕਰਨ ਅਤਿ ਬਾਹਲੇ ਨਹੀਂ ਮਨ ਆਈਓਂ ਭਉਂਦੇ
ਤੱਤੀ ਲੋਹ 'ਤੇ ਬੈਠੇ-------------
ਯੁਗਾਂ ਤੱਕ ਭੁੱਲੂ ਨਾ ਜਗ ਨੂੰ ਗੁਰ ਦੀ ਇਹ ਕੁਰਬਾਨੀ
ਸ਼ਾਤੀ ਦੇ ਪੁੰਜ ਸ਼ਾਂਤਮਈ ਰਹਿ ਕੇ ਸ਼ਹਾਦਤ ਪਾਈ ਲਸਾਨੀ
ਸਰਤਾਜ ਸ਼ਹੀਦਾਂ ਦੇ ਗੁਰ ਤਾਹੀਓਂ ਹਰਦਿਆਲ ਸਿੰਘਾ ਅਖਵਾਉਂਦੇ
ਤੱਤੀ ਲੋਹ 'ਤੇ ਬੈਠੇ ਸਤਿਗੁਰ ਭਾਣਾ ਮਿੱਠਾ ਗਉਂਦੇ


ਲੇਖਕ
ਕਵੀਸ਼ਰ ਭਾਈ ਹਰਦਿਆਲ ਸਿੰਘ ਹੀਰਾ
ਮੋ  : 94657-162844

 

Have something to say? Post your comment

Subscribe