Thursday, November 21, 2024
 

ਕਾਵਿ ਕਿਆਰੀ

ਫਰਕ

May 31, 2021 10:09 PM

ਔਰਤ ਮੋਹ ਭਰੇ ਸ਼ਬਦ ਬੋਲਦੀ ਹੈ
ਗੱਲਵਕੜੀ ਪਾ ਮੁਹੱਬਤ ਦਾ ਇਜਹਾਰ ਕਰਦੀ ਹੈ ਸ਼ਿਕਾਇਤਾਂ ਕਰ ਹੱਕ ਜਤਾਉਦੀ ਹੈ
ਰੁੱਸਦੀ ਹੈ ਫਿਰ ਮੰਨ ਜਾਦੀ ਹੈ
ਧਿਆਨ ਰੱਖਦੀ ਹੈ
ਭੱਜ ਕੇ ਗੇਟ ਤੇ ਜਾਂਦੀ ਹੈ
ਮੁਸਕਰਾਹਟ ਨਾਲ ਸਵਾਗਤ ਕਰਦੀ ਹੈ
ਦੁਆਵਾਂ ਦੇ ਤੋਰਦੀ ਹੈ
ਕਪੜੇ ਧੋ ਪ੍ਰੈਸ ਕਰ ਰੱਖਦੀ ਹੈ
ਮਨਪਸੰਦ ਪਕਵਾਨ ਬਣਾਉਦੀ ਹੈ
ਉਸ ਲਈ ਮੰਨਤਾਂ ਮੰਗਦੀ ਹੈ...

'ਤੇ
ਮਰਦ ਬਹੁਤ ਨਹੀਂ ਬੋਲਦਾ
ਹਰ ਗੱਲ ਦਾ ਜਵਾਬ
ਸ਼ਾਇਦ ਹੂੰਅ ਹਾਂ 'ਚ ਹੀ ਦੇਵੇ
ਸੜਕ ਪਾਰ ਕਰਾਉਣ ਲੱਗਿਆ ਹੱਥ ਫੜਦਾ ਹੈ
ਅਕਸਰ ਹਦਾਇਤਾਂ ਦਿੰਦਾ ਹੈ
ਧਿਆਨ ਨਾਲ ਵੇਖ ਕੇ ਉਤਰੀ ਪੌੜੀਆਂ
ਧੁੱਪ ਛਾਂ ਦੀ ਗੱਲ ਆਵੇ
ਤਾਂ ਛਾਵੇਂ ਉਸ ਨੂੰ ਕਰਦਾ ਹੈ
ਕੋਈ ਅਵਸਰ ਹੋਵੇ
ਤਾਂ ਉਸ ਲਈ ਕਪੜੇ ਨਵੇਂ ਹੀ ਹੁੰਦੇ ਨੇ
'ਤੇ ਆਪਣੇ ਅਕਸਰ ਪਹਿਲਾਂ ਬਣੇ ਹੀ ਪਾਉਂਦਾ ਹੈ ਰੋਟੀ ਖਾ ਲੈਣੀ ਸੀ ਤੂੰ ਵੀ
ਪੈ ਜਾ ਹੁਣ ਕੰਮ ਹੁੰਦੇ ਰਹਿਣੇ
ਦਵਾਈ ਟੈਮ ਨਾਲ ਨਹੀਂ ਖਾਧੀ ਜਾਂਦੀ
ਲੈ ਫੜ ਖਾ...

ਥੱਕੀ ਮਹਿਸੂਸ ਕਰ
ਸੁੱਤੀ ਦਾ ਅਲਾਰਮ ਬੰਦ ਕਰਦਾ ਹੈ
ਝਿੜਕਦਾ ਹੈ
ਉਸ ਦੀ ਸੇਹਤ ਪ੍ਰਤੀ ਲਾਪਰਵਾਹੀ 'ਤੇ
ਬੱਚਿਆਂ ਨੂੰ ਅਕਸਰ ਕਹਿ ਕੇ ਜਾਣਾ
ਮਾਂ ਦਾ ਖਿਆਲ ਰੱਖਿਓ
ਆਪਣਾ ਵੱਡੇ ਤੋਂ ਵੱਡਾ ਦੁੱਖ ਦਰਦ
ਫਿਕਰ ਲੁਕਾ ਛੱਡਦਾ...

ਦਿਨ ਵਾਰ ਭਾਵੇ ਭੁੱਲ ਜਾਵੇ
ਪਰ ਉਸ ਦੀ ਖੁਸ਼ੀ ਲਈ
ਕਦੇ ਉਸ ਦੀ ਫੇਵਰਟ ਆਈਸਕ੍ਰੀਮ
ਕਦੀ ਮਿਠਾਈ ਘਰੇ ਜਰੂਰ ਆਉਂਦੀ ਹੈ
ਉਹ ਯਾਦ ਰੱਖਦਾ ਹੈ
ਥੱਕੀ-ਅੱਕੀ ਨੂੰ ਸ਼ੌਪਿੰਗ ਕਰਵਾਉਣਾ
'ਤੇ ਕਦੇ-ਕਦੇ ਘੁੰਮਾਉਣ ਲੈ ਜਾਣਾ
ਸੁੱਤੀ ਦੀ ਐਨਕ ਉਤਾਰ ਕੰਬਲ ਦੇਣਾ
'ਤੇ ਚਿਹਰੇ ਨੂੰ ਨਿਹਾਰ, ਮੁਸਕਰਾ ਛੱਡਣਾ
ਉਹ ਖਿਆਲ ਰੱਖਦਾ ਹੈ
ਉਸ ਨੂੰ ਅਪਣੀ ਕਮਲੀ-ਰਮਲੀ
ਝੱਲੀ ਹੀ ਸੋਹਣੀ ਲਗਦੀ ਹੈ
ਪਿਆਰ ਉਹ ਵੀ ਕਰਦਾ ਹੈ
ਔਰਤ ਤੇ ਮਰਦ ਦੇ ਪਿਆਰ
ਜਤਾਉਣ 'ਚ ਬਸ ਇਹੀ ਫਰਕ ਹੈ...!!!

Naturedeep Kahlon

 

Have something to say? Post your comment

Subscribe