ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ
ਪੳੜੀ
1
ਤੁਰ ਗਿਆ ਸ਼ੇਰ ਪੰਜਾਬ ਦਾ ਛਡ ਰੰਗਲੀ ਧਰਤੀ
ਮਹਾਰਾਜੇ ਰਣਜੀਤ ਤੇ ਆ ਭਾਵੀ ਵਰਤੀ
ਅਠਾਰਾਂ ਸੌ ਉਨਤਾਲੀ ਈਸਵੀ ਪਾਏ ਮੌਤ ਨੇ ਘੇਰੇ
ਸੂਰਜ ਡੁੱਬ ਗਿਆ ਸਿੱਖ ਰਾਜ ਦਾ ਅਜ ਸਿਖਰ ਦੁਪਹਿਰੇ
2
ਰੋਈ ਧਰਤ ਪੰਜਾਬ ਦੀ ਧਾਹ ਅੰਬਰ ਮਾਰੀ
ਨੀਰ ਵਹਾਉਂਦੀ ਅਖੀਂਓ ਹੈ ਖ਼ਲਕਤ ਸਾਰੀ
ਬੁਝ ਗਿਆ ਦੀਪਕ ਸਚ ਦਾ ਜਗ ਪਏ ਹਨੇਰੇ
ਸੂਰਜ ਡੁੱਬ ਗਿਆ ਸਿੱਖ ਰਾਜ ਦਾ ਅਜ ਸਿਖਰ ਦੁਪਹਿਰੇ
3
ਸਿਰ ਤੋਂ ਲਹਿ ਗਿਆ ਤਾਜ ਦਲੀਪ ਦੇ ਤੇ ਉਲਝੀ ਤਾਣੀ
ਕੱਖੋਂ ਹੌਲੀ ਹੌਲੀ ਹੋ ਗਈ ਪੰਜਾਬ ਦੀ ਰਾਣੀ
ਉਹਦੀ ਵੱਸਦੀ ਦੁਨੀਆਂ ਉਜੜੀ ਹੋਏ ਘੁੱਪ ਹਨੇਰੇ
ਸੂਰਜ ਡੁੱਬ ਗਿਆ ਸਿੱਖ ਰਾਜ ਦਾ ਅਜ ਸਿਖਰ ਦੁਪਹਿਰੇ
4
ਸੇਜ ਮੌਤ ਦੀ ਲੇਟਿਆ ਸਿੱਖ ਰਾਜ ਦਾ ਵਾਰਿਸ
ਦੁਨੀਆਂ ਨੇ ਸਤਿਕਾਰਿਆ ਜਿਹਨੂੰ ਕਹਿਕੇ ਪਾਰਿਸ
ਧੁੰਮਾਂ ਪਾ ਗਿਆ ਜਗ ਤੇ ਉਹ ਚਾਰ ਚੁਫੇਰੇ
ਸੂਰਜ ਡੁੱਬ ਗਿਆ ਸਿੱਖ ਰਾਜ ਦਾ ਅਜ ਸਿਖਰ ਦੁਪਹਿਰੇ
5
ਚਿਖਾ ਮੱਚੀ ਜਦ ਸ਼ੇਰ ਦੀ ਸੀ ਜਗ ਕੁਰਲਾਇਆ
ਸੋਗ ਮਨਾਇਆ ਪੰਛੀਆਂ ਨਾ ਕੁਝ ਵੀ ਖਾਇਆ
ਪਈ ਸੁੰਝ ਲਹੌਰ ਵਿੱਚ ਸੀ ਚਾਰ ਚੁਫੇਰੇ
ਸੂਰਜ ਡੁੱਬ ਗਿਆ ਸਿੱਖ ਰਾਜ ਦਾ ਅਜ ਸਿਖਰ ਦੁਪਹਿਰੇ
6
ਸਾਕੀ ਛਡ ਗਿਆ ਮਹਿਫਲਾਂ ਕਰ ਸੁੰਝੇ ਮੇਲੇ
ਕਿਸਮਤ ਫੁੱਟੀ ਪੰਜਾਬ ਦੀ ਹਾਰੇ ਲੇਖ ਕੁਵੇਲੇ
ਲੱਗੀ ਨਜ਼ਰ ਪੰਜਾਬ ਨੂੰ ਛਾਏ ਘੁੱਪ ਹਨੇਰੇ
ਸੂਰਜ ਡੁੱਬ ਗਿਆ ਸਿੱਖ ਰਾਜ ਦਾ ਅਜ ਸਿਖਰ ਦੁਪਹਿਰੇ
7
ਵਾਰਿਸ ਦੇਸ਼ ਪੰਜਾਬ ਦਾ ਲਿਆ ਮੌਤ ਕਲਾਵੇ
ਰੋਈ ਰੂਹ ਪੰਜਾਬ ਦੀ ਤੜਫੇ ਕੁਰਲਾਵੇ
ਹਰਦਿਆਲ ਸ਼ੇਰ ਏ ਪੰਜਾਬ ਨੂੰ ਸਿਜਦੇ ਨੇ ਮੇਰੇ
ਸੂਰਜ ਡੁੱਬ ਗਿਆ ਸਿੱਖ ਰਾਜ ਦਾ ਅਜ ਸਿਖਰ ਦੁਪਹਿਰੇ
ਲੇਖਕ : ਕਵੀਸ਼ਰ ਭਾਈ ਹਰਦਿਆਲ ਸਿੰਘ ਹੀਰਾ
ਸੰਪਰਕ-9465716284