ਕਲੀ
ਸੰਮਤ ਪੰਦਰਾਂ ਸੌ ਚੁਤਾਲੀ ਬਿਕਰਮੀ ਸਾਲ ਸੀ
ਚੜਿਆ ਮਾਂਹ ਭਾਦਰੋਂ ਰੁੱਤ ਸੀ ਬੜੀ ਨਿਆਰੀ
ਸੋਹਣਾ ਕਾਜ ਰਚਾਇਆ ਦੀਨ ਦੁਨੀ ਦੇ ਮਾਲਕ ਦਾ
ਰੀਝਾਂ ਚਾਵਾਂ ਦੇ ਨਾਲ ਕੀਤੀ ਫੁੱਲ ਤਿਆਰੀ
ਆਵੇ ਦਿਨ ਸ਼ਗਨਾਂ ਦਾ ਪੁੱਤ ਦੇ ਕਾਜ ਰਚਾਵਨ ਦਾ
ਹੁੰਦੇ ਮਾਤ ਪਿਤਾ ਦੇ ਦਿਲ ਵਿੱਚ ਚਾਅ ਨੇ ਭਾਰੀ
ਗੁੰਦੀ ਵਾਗ ਭੈਣ ਨੇ ਨਾਨਕ ਵੀਰ ਪਿਆਰੇ ਦੀ
ਗਾਵੇ ਗੀਤ ਖੁਸ਼ੀ ਦੇ ਨਾਨਕੀ ਭੈਣ ਪਿਆਰੀ
ਪਿੰਡ ਸੁਲਤਾਨਪੁਰੇ ਤੋਂ ਜੰਝ ਚੜੀ ਗੁਰੂ ਨਾਨਕ ਦੀ
ਫਬਦੀ ਸੂਰਤ ਸੋਹਣੀ ਰੱਬੀ ਜੋਤ ਨਿਆਰੀ
ਪਹੁੰਚੀ ਆਣ ਬਟਾਲੇ ਬਰਾਤ ਸ੍ਰੀ ਗੁਰੂ ਨਾਨਕ ਦੀ
ਆ ਕੇ ਕਰੇ ਸਵਾਗਤ ਜੰਞ ਦਾ ਸੰਗਤ ਸਾਰੀ
ਹੋਇਆ ਅਨੰਦ ਕਾਰਜ ਤੇ ਰਸਮਾਂ ਸਭੇ ਨਿਭਾਈਆਂ ਨੇ
ਕੀਤਾ ਦਾਨ ਪਿਤਾ ਨੇ ਕਾਲੂ ਜੀ ਪਟਵਾਰੀ
ਕਰਮਾਂ ਭਾਗਾਂ ਵਾਲੀ ਲੜ ਲੱਗੀ ਜੋ ਸਤਿਗੁਰ ਦੇ
ਧੰਨ ਧੰਨ ਮਾਤ ਸੁਲੱਖਣੀ ਪੁੱਤਰੀ ਮੂਲ ਚੰਦ ਦੀ ਪਿਆਰੀ
ਦੇਵਤੇ ਫੁੱਲ ਬਰਸਾਵਣ ਪਰੀਆਂ ਮੰਗਲ ਗਾ ਰਹੀਆਂ
ਕਰਦੀ ਜੈ ਜੈ ਕਾਰਾਂ ਗੁਰ ਦੀ ਸੰਗਤ ਸਾਰੀ
ਲੱਗੀ ਸ਼ਹਿਰ ਬਟਾਲੇ ਰੌਣਕ ਹੈ ਹਰਦਿਆਲ ਸਿੰਘਾ
ਖੁਸ਼ੀ ਮਨਾਉਂਦੀ ਕਿਵੇਂ ਵੇਖੋ ਖਲਕਤ ਸਾਰੀ
ਲੇਖਕ
ਕਵੀਸ਼ਰ ਭਾਈ ਹਰਦਿਆਲ ਸਿੰਘ ਹੀਰਾ
ਪਿੰਡ ਹਾਜੀ ਵਾਲਾ ਫਿਰੋਜ਼ਪੁਰ
ਸੰਪਰਕ 9465716284