Friday, April 18, 2025
 

ਕਾਵਿ ਕਿਆਰੀ

ਕਵਿਤਾ ਦਿਵਸ ’ਤੇ ਵਿਸ਼ੇਸ਼ : ਕਵਿਤਾ ਦੀ ਚੇਟਕ ਸੱਭ ਨੂੰ ਲੱਗੇ ਤੇ ਜਹਾਨ ਸੋਹਣਾ-ਸੋਹਣਾ ਬਣ ਜਾਵੇ

March 22, 2021 06:25 PM

ਵਿਸ਼ਵ ਕਵਿਤਾ ਦਿਵਸ ਹਰ ਸਾਲ 21 ਮਾਰਚ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਭਾਸ਼ਾਈ ਵਿਭਿੰਨਤਾ ਨੂੰ ਦਰਸਾਉਣ ਦੇ ਨਾਲ-ਨਾਲ ਅਪਣੇ ਹਾਵ-ਭਾਵ ਨੂੰ ਪ੍ਰਗਟ ਕਰਨਾ ਵੀ ਹੈ। ਇਸ ਦਾ ਮੁੱਖ ਮੰਤਵ ਲੋਕਾਂ ਵਿਚ ਕਵਿਤਾ ਪ੍ਰਤੀ ਪ੍ਰੇਮ ਅਤੇ ਉਤਸੁਕਤਾ ਪੈਦਾ ਕਰਨਾ ਹੁੰਦਾ ਹੈ। ਇਸ ਦਾ ਇਕ ਮਕਸਦ ਇਹ ਵੀ ਹੁੰਦਾ ਹੈ ਕਿ ਵੱਖ-ਵੱਖ ਭਾਸ਼ਾਈ ਖੇਤਰਾਂ ਦੇ ਲੋਕਾਂ ਨੂੰ ਕਵਿਤਾ ਰਾਹੀਂ ਜੋੜਿਆ ਜਾਵੇ ਤੇ ਉਹ ਇਕ-ਦੂਜੀ ਭਾਸ਼ਾ ਨੂੰ ਵੀ ਸਤਿਕਾਰ ਦੇ ਸਕਣ।
ਕਵਿਤਾ ਜਿਥੇ ਮਨੁੱਖ ਅੰਦਰ ਸੁਹਜ਼, ਸਰਲਤਾ, ਕੋਮਲਤਾ ਨੂੰ ਬੁਲੰਦ ਕਰਦੀ ਹੈ ਉਥੇ ਹੀ ਕਵਿਤਾ ਲਿਖਣ ਵਾਲੇ ਅਤੇ ਪੇਸ਼ ਕਰਨ ਵਾਲੇ ਅੰਦਰ ਆਤਮ ਵਿਸ਼ਵਾਸ, ਸ੍ਰੋਤਿਆਂ ਅੱਗੇ ਬੋਲਣ ਦਾ ਵਿਸ਼ਵਾਸ, ਅਪਣੀ ਭਾਸ਼ਾਈ ਸ਼ਬਦਾਵਲੀ, ਲਿਖਣ ਕਲਾ, ਕਲਪਨਾ ਅਤੇ ਸੋਚਣ ਸ਼ਕਤੀ ਦੇ ਨਾਲ-ਨਾਲ ਪੜ੍ਹਨ ਕੌਸ਼ਲ ਵਰਗੀਆਂ ਕੋਸ਼ਕਾਵਾਂ ਉਤਪੰਨ ਕਰਨ ਵਿਚ ਵੀ ਸਹਾਇਕ ਹੁੰਦੀ ਹੈ।
ਕਵਿਤਾ ਉਹ ਜ਼ਰੀਆ ਹੈ ਜਿਸ ਰਾਹੀਂ ਕਵੀ ਤੇ ਵਕਤਾ ਅਪਣੇ ਅੰਦਰਲੇ ਜਜ਼ਬਾਤ ਇਸ਼ਾਰੇ ਮਾਤਰ ਪ੍ਰਗਟ ਕਰ ਸਕਦਾ ਹੈ ਤੇ ਇਹ ਅਜਿਹਾ ਮਾਧਿਅਮ ਹੈ ਜਿਸ ਦੇ ਕਹਿਣ ਨਾਲ ਸਾਹਮਣੇ ਵਾਲੇ ਦੀਆਂ ਭਾਵਨਾਵਾਂ ਨੂੰ ਵੀ ਠੇਸ ਨਹੀਂ ਪਹੁੰਚਦੀ।
ਕਵਿਤਾ ਉਹ ਕੋਮਲ ਕਲਾ ਹੈ ਜਿਹੜੀ ਪੱਥਰ ਤੋਂ ਪੱਥਰ ਇਨਸਾਨ ਨੂੰ ਬਰਫ਼ ਵਾਗ ਪਿਘਲਾ ਦਿੰਦੀ ਹੈ। ਵੱਡੇ-ਵੱਡੇ ਤੋਂ ਮੁਜ਼ਰਮ ਕਵਿਤਾ ਦੇ ਪ੍ਰਭਾਵ ਅੱਗੇ ਸੰਤ ਬਣਦੇ ਦੇਖੇ ਗਏ ਹਨ। ਇਸ ਦੀ ਪ੍ਰਤੱਖ ਉਦਾਹਰਨ ‘ਸੱਜਣ ਠੱਗ’ ਹੈ। ਜਦੋਂ ਬਾਬੇ ਨਾਨਕ ਦੇ ਕਵਿਤਾ ਰੂਪੀ ਸ਼ਬਦ ਨੇ ਉਸ ਦੀ ਆਤਮਾ ’ਤੇ ਅਸਰ ਪਾਇਆ ਤਾਂ ਉਹ ਗੁਰੂ ਸਾਹਿਬ ਦੇ ਚਰਨੀ ਆ ਡਿੱਗਾ।
ਕਵਿਤਾ ਮਹਿਬੂਬਾ ਦੇ ਮੁਖੜੇ ਵਰਗੀ ਹੁੰਦੀ ਹੈ ਜਿਹੜੀ ਕਿ ਦੇਖਣ ਵਿਚ ਵੀ ਪਿਆਰੀ ਲਗਦੀ ਹੈ ਤੇ ਉਸ ਨੂੰ ਸੁਣ ਕੇ ਆਨੰਦ ਵੀ ਉਸੇ ਤਰ੍ਹਾਂ ਦਾ ਮਿਲਦਾ ਹੈ ਜਿਵੇਂ ਮਹਿਬੂਬਾ ਨਾਲ ਪਹਿਲੀ ਮੁਲਾਕਾਤ ਹੋਈ ਹੋਵੇ।
ਕਵਿਤਾ ਬਾਰੇ ਲਿਖਦਿਆਂ ਕਈ ਸਾਲ ਲੱਗ ਸਕਦੇ ਹਨ ਤੇ ਕਈ ਗ੍ਰੰਥ ਭਰ ਸਕਦੇ ਹਨ ਪਰ ਅੱਜ ਲਿਖਣ ਦਾ ਮਕਸਦ ਇੰਨਾ ਹੈ ਕਿ ਸੱਭ ਨੂੰ ਕਵਿਤਾ ਦੀ ਚੇਟਕ ਲੱਗੇ ਤੇ ਇਹ ਜਹਾਨ ਸੋਹਣਾ-ਸੋਹਣਾ ਤੇ ਪਿਆਰਾ-ਪਿਆਰਾ ਬਣ ਜਾਵੇ।
ਭੋਲਾ ਸਿੰਘ ‘ਪ੍ਰੀਤ’
85282-90077

 

Have something to say? Post your comment

Subscribe