ਜ਼ਿੰਦਗੀ ਇਕ ਸੰਘਰਸ਼ ਹੈ। ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਕਈ ਵਾਰ ਸਾਡੇ ਸਾਹਮਣੇ ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਸਾਨੂੰ ਮੁਸੀਬਤ ਚੋਂ ਲੰਘਣ ਲਈ ਕੋਈ ਰਸਤਾ ਨਹੀਂ ਦਿੱਖਦਾ ।ਤਕਰੀਬਨ ਅਸੀਂ ਸਾਰੇ ਹੀ ਆਪਣੇ ਪਰਿਵਾਰਾਂ ਵਿੱਚ ਰਹਿੰਦੇ ਹਨ ।ਜੇ ਕੋਈ ਦੁੱਖ , ਤਕਲੀਫ਼ ਜਾਂ ਕੋਈ ਮੁਸੀਬਤ ਆ ਵੀ ਜਾਵੇ ਤਾਂ ਸਾਡੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਮਾਂ ਬਾਪ ਨਾਲ ਸਾਂਝੀ ਕਰੀਏ ।ਕਿਉਂਕਿ ਮਾਂ ਬਾਪ ਤੋਂ ਚੰਗਾ ਦੋਸਤ ਕੋਈ ਹੋ ਨਹੀਂ ਸਕਦਾ ।
ਮਾਂ ਪਿਓ ਹੀ ਉਸ ਮੁਸੀਬਤ ਚੋਂ ਸਾਨੂੰ ਨਿਕਲਣ ਲਈ ਰਸਤਾ ਦਿਖਾਉਂਦੇ ਹਨ ।ਖ਼ਬਰਾਂ ਸੁਣਨ ਨੂੰ ਵੀ ਮਿਲਦੀਆਂ ਹਨ ਜਾਂ ਆਮ ਅਸੀਂ ਸਾਰੇ ਹੀ ਸੰਸਾਰ ਵਿੱਚ ਵਿਚਰਦੇ ਹਨ ਕਿ ਅੱਜ ਕੱਲ੍ਹ ਦੀ ਜੋ ਨੌਜਵਾਨ ਪੀੜ੍ਹੀ ਹੈ, ਉਹ ਗਲਤ ਕਦਮ ਉਠਾ ਲੈਂਦੀ ਹੈ ।ਹੁਣ ਉਨ੍ਹਾਂ ਨੂੰ ਕੀ ਪਤਾ ਕਿ ਇਹ ਕਦਮ ਸਹੀ ਵੀ ਹੈ ਜਾਂ ਨਹੀਂ ਹੈ। ਸ਼ੁਰੂ ਤੋਂ ਹੀ ਮਾਂ ਬਾਪ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਨੇੜਤਾ ਪਾਉਣ ਤਾਂ ਜੋ ਕੱਲ੍ਹ ਨੂੰ ਕੋਈ ਉਨ੍ਹਾਂ ਦੇ ਬੱਚਿਆਂ ਤੇ ਮੁਸੀਬਤ ਆ ਜਾਵੇ ਤਾਂ ਬੱਚੇ ਉਨ੍ਹਾਂ ਤੋਂ ਬਿਲਕੁਲ ਵੀ ਨਾ ਸੰਗਣ ।ਆਪਣੇ ਮਾਂ ਬਾਪ ਨੂੰ ਸਾਰੀ ਗੱਲ ਦੱਸਣ। ਕੀ ਮੈਂ ਇਸ ਮੁਸੀਬਤ ਵਿੱਚ ਫੱਸ ਗਿਆ ਹਾਂ? ਇਸ ਮੁਸੀਬਤ ਦਾ ਕੀ ਹੱਲ ਹੋਵੇਗਾ?ਕਈ ਮਾਂ ਬਾਪ ਦਾ ਵਤੀਰਾ ਵੀ ਬਹੁਤ ਸਖ਼ਤ ਹੁੰਦਾ ਹੈ ।ਉਹ ਬੱਚਿਆਂ ਨਾਲ ਨੇੜਤਾ ਨਹੀਂ ਬਣਾ ਪਾਉਂਦੇ ।ਅੱਗੇ ਬੱਚੇ ਵੀ ਉਨ੍ਹਾਂ ਦੇ ਵਤੀਰੇ ਕਰਕੇ ਪ੍ਰੇਸ਼ਾਨ ਹੁੰਦੇ ਹਨ, ਕਿ ਜੇ ਮੈਂ ਆਪਣੇ ਮਾਂ ਪਿਓ ਨੂੰ ਇਹ ਗੱਲ ਦੱਸਦਾ , ਕਿੱਥੇ ਉਹ ਮੈਨੂੰ ਮਾਰਨਗੇ ਤਾਂ ਨਹੀਂ।
ਅਕਸਰ ਆਮ ਦੇਖਿਆ ਜਾਂਦਾ ਹੈ ਕਿ ਬੱਚੇ ਆਪਣੇ ਮਾਂ ਬਾਪ ਨਾਲ ਬਿਲਕੁਲ ਵੀ ਗੱਲਾਂ ਸਾਂਝੀਆਂ ਨਹੀਂ ਕਰਦੇ, ਨਾ ਕਿਸੇ ਬਾਹਰ ਦੋਸਤ ਕਰੀਬੀ ਨੂੰ ਦੱਸਦੇ ਹਨ। ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਹਨ ਕਿ ਉਹ ਫਿਰ ਗਲਤ ਕਦਮ ਚੁੱਕ ਲੈਂਦੇ ਹਨ। ਫਿਰ ਬਾਅਦ ਵਿਚ ਪਛਤਾਵਾ ਹੀ ਰਹਿ ਜਾਂਦਾ ਹੈ ।ਸ਼ੁਰੂ ਤੋਂ ਹੀ ਮਾਪਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਬੱਚਿਆਂ ਨਾਲ ਦੋਸਤੀ ਕੀਤੀ ਜਾਵੇ, ਜੇ ਅਸੀਂ ਬੱਚਿਆਂ ਨਾਲ ਵਧੀਆ ਦੋਸਤੀ ਕਰਾਂਗੇ ਤਾਂ ਬੱਚੇ ਬਾਹਰ ਤੋਂ ਆ ਕੇ ਘਰ ਵਿੱਚ ਸਾਡੇ ਨਾਲ ਹਰੇਕ ਗੱਲ ਦੱਸਣਗੇ ।ਫਿਰ ਉਨ੍ਹਾਂ ਨੂੰ ਮਾਪਿਆਂ ਤੋਂ ਸੰਗ ਨਹੀਂ ਲੱਗੇਗੀ ।ਚਾਹੇ ਉਨ੍ਹਾਂ ਨੇ ਕੋਈ ਵੀ ਕੰਮ ਕਰਨਾ ਹੈ ।ਚਾਹੇ ਉਹ ਕੰਮ ਗਲਤ ਹੈ ਜਾਂ ਸਹੀ ਹੈ। ਇੱਕ ਵਾਰ ਉਹ ਆਪਣੇ ਮਾਂ ਬਾਪ ਦੀ ਜ਼ਰੂਰ ਰਾਏ ਲੈਣਗੇ ।ਕੀ ਇਸ ਕੰਮ ਦਾ ਕੀ ਨਤੀਜਾ ਨਿਕਲਦਾ ਹੈ? ਬੱਚਿਆਂ ਦੀ ਵੀ ਅਹਿਮ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਹਰ ਗੱਲ ਪਹਿਲਾਂ ਆਪਣੇ ਮਾਂ ਬਾਪ ਨਾਲ ਸਾਂਝੀ ਕਰਨ ।ਜੇਕਰ ਮਾਂ ਬਾਪ ਛੋਟੇ ਬੱਚੇ ਨਾਲ ਸ਼ੁਰੂ ਤੋਂ ਹੀ ਨੇੜਤਾ ਸਥਾਪਿਤ ਕਰ ਲੈਣਗੇ, ਤਾਂ ਕੱਲ੍ਹ ਨੂੰ ਬੱਚੇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸੌ ਵਾਰ ਮਾਪਿਆਂ ਨਾਲ ਸਾਂਝਾ ਕਰਨਗੇ ।
ਸੰਜੀਵ ਸਿੰਘ ਸੈਣੀ, ਮੁਹਾਲੀ