Thursday, November 21, 2024
 

ਕਾਵਿ ਕਿਆਰੀ

ਸੋਕੇ ਦਾ ਸੰਤਾਪ ਭੋਗ ਰਹੀ ਅੱਜ ਪੰਜਾਬ ਦੀ ਹਰੀ ਕ੍ਰਾਂਤੀ

July 15, 2020 03:19 PM
ਪੰਜਾਬ ਦੀ ਧਰਤੀ ਬਹੁਤ ਹੀ ਪਵਿੱਤਰ ਧਰਤੀ ਹੈ  ਜਿੱਥੇ ਸਾਡੇ ਗੁਰੂਆਂ ਪੀਰਾਂ ਤੇ ਸੂਫੀ ਸੰਤਾਂ ਨੇ ਜਨਮ ਲਿਆ। ਇਸ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਨਾਂ ਤਾਂ ਪੰਜਾਬ ਕੋਲ ਪੂਰੇ ਦਰਿਆ ਹਨ ਤੇ ਨਾਂ ਹੀ ਉਹਨਾਂ ਵਿੱਚ ਪੀਣਯੋਗ ਪਾਣੀ। ਪੰਜਾਬ ਸੂਬੇ ਦੀ ਜੇਕਰ  ਗੱਲ ਕਰੀਏ ਤਾਂ ਇਸਦਾ ਮੁੱਖ ਕਿੱਤਾ ਖੇਤੀਬਾੜੀ ਹੈ ਜਾਂ ਇੰਜ ਕਹਿ ਲਈਏ ਕਿ ਇਸਦੀ ਅਰਥ ਵਿਵਸਥਾ ਪੂਰੀ ਤਰਾਂ ਕਿਸਾਨੀ ਤੇ ਨਿਰਭਰ ਹੈ। ਪੰਜਾਬ ਦੇ ਕਿਸਾਨ ਦੀ ਦਸ਼ਾ ਅੱਜ ਬਹੁਤ ਹੀ ਤਰਸਯੋਗ ਹੈ ਤੇ ਉਹ ਆਪਣੀਆਂ ਸਮੱਸਿਆਵਾਂ ਨਾਲ ਬੁਰੀ ਤਰਾਂ ਜੂਝ ਰਿਹਾ ਹੈ ਜਿਸ ਦੇ ਪਿਛਲੇ ਸਮੇਂ ਤੋਂ ਕੁਝ ਅਹਿਮ ਤੇ ਵਿਸ਼ੇਸ਼ ਕਾਰਨ ਰਹੇ ਹਨ। ਪੁਰਾਤਨ ਸਮੇਂ ਵਿੱਚ ਜਦੋਂ ਭਾਰਤ ਦੇਸ਼ ਭੁੱਖ ਨੰਗ ਨਾਲ ਘੁਲ ਰਿਹਾ ਸੀ ਤਾਂ ਉਸ ਵਕਤ ਇਸ ਦੇਸ਼ ਵਿੱਚ ਆਰੀਆ ਸਮਾਜ ਤੇ ਜਨ ਸੰਘ ਜਿਹੀਆਂ ਤਾਕਤਾਂ ਦਾ ਇੱਕ ਆਪਣਾ ਹੀ ਖਾਸ ਪ੍ਰਭਾਵ ਸੀ। ਉਸ ਵਕਤ ਦੇਸ਼ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਇੱਕ ਅਜਿਹੇ ਸੂਬੇ ਦੀ ਲੋੜ ਸੀ ਜਿਸ ਤੋਂ ਕਿਸੇ ਤਰੀਕੇ ਮਾਲੀ ਸਹਾਇਤਾ ਲੈ ਕੇ ਪੂਰੇ ਦੇਸ਼ ਨੂੰ ਇਸ ਆਰਥਿਕ ਸੰਕਟ ਵਿਚੋਂ ਬਾਹਰ ਕੱਢਿਆ ਜਾ ਸਕਦਾ ਸੀ। ਪੰਜਾਬ ਦੀ ਧਰਤੀ ਸਭ ਤੋਂ ਵੱਧ ਉਪਜਾਊ ਹੋਣ ਕਾਰਨ ਇਸ ਰਾਜ ਦੀ ਚੋਣ ਕੀਤੀ ਗਈ ਤੇ ਇਸ ਵਿਰੁੱਧ ਇੱਕ ਅੰਦੋਲਨ ਖੜ੍ਹਾ ਕੀਤਾ ਗਿਆ। ਉਸ ਵਕਤ ਕਿਸੇ ਗਹਿਰੀ ਸਾਜਿਸ਼ ਅਧੀਨ ਬੁਣੇ ਤਾਣੇ ਬਾਣੇ ਨੂੰ ਅੰਜਾਮ ਦੇਂਦੇ ਹੋਏ ਇੱਕ ਨੀਤੀ ਘੜੀ ਗਈ ਜਿਸ ਦੇ ਤਹਿਤ ਇਸ ਧਰਤੀ ਵਿੱਚੋਂ ਵੱਧ ਤੋਂ ਵੱਧ ਉਪਜ ਲੈ ਕੇ ਇਸ ਨੂੰ ਬੰਜਰ ਕਰਨਾ ਉਹਨਾਂ ਦਾ ਮੁੱਖ ਮਕਸਦ ਰਿਹਾ। ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਮੇਂ ਦੀਆਂ ਸਰਕਾਰਾਂ ਨਾਲ ਮਿਲੀਭੁਗਤ ਕਰਕੇ ਅਜਾਦੀ ਨਾਂ ਦੀ ਇੱਕ ਖੇਡ ਖੇਡੀ ਗਈ ਜਿਸ ਦੇ ਤਹਿਤ ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ ਵੰਡ ਕੇ ਗੈਰ ਰਾਜਾਂ ਵਿੱਚ ਮਿਲਾ ਦਿੱਤਾ ਗਿਆ। ਅਜਾਦੀ ਦਾ ਜਸ਼ਨ ਮਨਾਉਂਦੇ ਹੋਏ ਭਾਵੇਂ ਅੱਜ ਅਸੀਂ ਦੇਸ਼ ਵੰਡ ਦੀ ਗੱਲ ਕਰਦੇ ਹਾਂ ਪਰ ਉਸ ਵਕਤ ਸਿਰਫ ਤੇ ਸਿਰਫ ਪੰਜਾਬ ਦੀ ਹੀ ਵੰਡ ਹੋਈ ਦੇਸ਼ ਦੀ ਨਹੀਂ ਕਿਉਂਕਿ ਦੇਸ਼ ਤਾਂ ਅੱਜ ਵੀ ਜਿਓਂ ਦਾ ਤਿਓਂ ਹੈ। ਇਸ ਗੱਲ ਦਾ ਖੁਲਾਸਾ ਤਾਂ ਪੁਰਾਤਨ ਸਮੇਂ ਦੇ ਖੋਜਕਰਤਾ ਤੇ ਸਾਬਕਾ ਮੈਂਬਰ ਪਾਰਲੀਮੈਂਟ ਭਾਈ ਅਤਿੰਦਰਪਾਲ ਸਿੰਘ ਜੀ ਨੇ ਵੀ ਆਪਣੇ ਦਸਤਾਵੇਜ਼ਾਂ ਵਿੱਚ ਬਾਖੂਬੀ ਸ਼ਪੱਸ਼ਟ ਕੀਤਾ ਹੈ। ਉਸ ਵਕਤ ਸੂਬੇ ਵਿੱਚ ਸਭ ਧਰਮਾਂ ਦੇ ਲੋਕ ਵੱਸਦੇ ਸਨ ਪਰ ਉਹਨਾਂ ਵੱਲੋਂ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਸਿੱਖ ਧਰਮ ਦੀ ਚੋਣ ਕੀਤੀ ਗਈ ਕਿਉਂਕਿ ਉਹ ਜਾਣਦੇ ਸਨ ਕਿ ਕੇਵਲ ਇਹੋ ਕੌਮ ਹੀ ਜਾਨ ਤੱਕ ਦੇ ਕੇ ਆਪਣੇ ਮੰਤਵ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋਵੇਗੀ। ਫਿਰ ਇੱਥੋਂ ਦੇ ਰਹਿਣ ਵਾਲੇ ਲੋਕ ਜੋ ਆਪਣੀਆਂ ਖੁਧ ਦੀਆਂ ਜਮੀਨਾਂ ਦੇ ਮਾਲਕ ਸਨ ਉਹਨਾਂ ਨੂੰ ਖੇਤੀ ਪ੍ਰਤੀ ਉਤਸ਼ਾਹਿਤ ਕਰ ਕੇ ਹਰੀ ਕ੍ਰਾਂਤੀ ਨਾਂ ਦਾ ਥਾਪੜਾ ਦਿੱਤਾ ਗਿਆ। ਹੌਲੀ ਹੌਲੀ ਇਸ ਉਪਜਾਊ ਧਰਤੀ ਤੇ ਸਖਤ ਮਿਹਨਤ ਦੀ ਬਦੌਲਤ ਫਸਲ ਦੀ ਖੂਬ ਪੈਦਾਵਾਰ ਹੋਣ ਲੱਗੀ ਤੇ ਖੇਤੀ ਕਰਨ ਵਾਲਾ ਹਰੇਕ ਵਿਅਕਤੀ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਸੀ ਕਿਸਾਨ ਅਖਵਾਉਣ ਲੱਗਾ। ਫਿਰ ਪੰਜਾਬ ਦੇ ਕਿਸਾਨ ਵੱਲੋਂ ਆਪਣੀ ਮਿਹਨਤ ਨਾਲ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਸਿਲਸਿਲਾ ਸ਼ੁਰੂ ਹੋਇਆ। ਹਰੀ ਕ੍ਰਾਂਤੀ ਦੇ ਨਾਲ ਨਾਲ ਕਿਸਾਨ ਵਰਗ ਨੂੰ ਸਫੈਦ ਕ੍ਰਾਂਤੀ ਤੇ ਨੀਲੀ ਕ੍ਰਾਂਤੀ ਜਿਹੀਆਂ ਵੰਨ ਸਵੰਨੀਆਂ ਕ੍ਰਾਂਤੀਆਂ ਦੀ ਚਿਣਗ ਵੀ ਲਗਾਈ ਗਈ ਪਰ ਉਹਨਾਂ ਧੰਦਿਆਂ ਵਿੱਚ ਬਹੁਤ ਜਿਆਦਾ ਸਫਲਤਾ ਨਾ ਮਿਲਣ ਕਾਰਨ ਕਿਸਾਨ ਨੇ ਇਸ ਪਾਸੇ ਵੱਲ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ ਤੇ ਖੇਤੀਬਾੜੀ ਨੂੰ ਹੀ ਪਹਿਲ ਦਿੱਤੀ ਕਿਉਂਕਿ ਜਮੀਨ ਦੀ ਮਾਲਕੀਅਤ ਹੋਣ ਕਾਰਨ ਇਸ ਨੂੰ ਕਰਨਾ ਉਹਨਾਂ ਦੀ ਇੱਕ ਮਜਬੂਰੀ ਵੀ ਸੀ ਤੇ ਦੂਜੇ ਕਾਰੋਬਾਰਾਂ ਦੇ ਮੁਕਾਬਲੇ ਇਹ ਇੱਕ ਲਾਹੇਵੰਦ ਧੰਦਾ ਵੀ ਸੀ। ਫਿਰ ਆਪਣੇ ਦੂਸਰੇ ਮੰਤਵ ਅਰਥਾਤ ਧਰਤੀ ਨੂੰ ਬੰਜਰ ਕਰਨ ਲਈ ਇੱਕ ਹੋਰ ਅਹਿਮ ਗੋਂਦ ਗੁੰਦੀ ਗਈ ਜਿਸ ਦੇ ਤਹਿਤ ਪੈਸਟੀਸਾਈਡ ਤੇ ਯੂਰੀਆ ਖਾਦ ਨੂੰ ਤਿਆਰ ਕਰਨ ਵਾਲੀਆਂ ਬਹੁ ਰਾਸ਼ਟਰੀ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ। ਉਹਨਾਂ ਦੇ ਕਰਿੰਦਿਆਂ ਵੱਲੌਂ ਪਹਿਲਾਂ ਪਹਿਲ ਕਿਸਾਨ ਨੂੰ ਇਹ ਖਾਦ ਦਵਾਈਆਂ ਮੁਫਤ ਵਿੱਚ ਮੁਹੱਈਆ ਕਰਵਾਈਆਂ ਗਈਆਂ ਜਿਹਨਾਂ ਦੀ ਵਰਤੋਂ ਨਾਲ ਫਸਲਾਂ ਦੇ ਝਾੜ ਵਿੱਚ ਦਿਨੋਂ ਦਿਨ ਵਾਧਾ ਹੋਣ ਲੱਗਾ। ਮੁਨਾਫ਼ਾ ਲੈਣ ਦੀ ਲਾਲਸਾ ਕਾਰਨ ਬਹੁ ਮਾਤਰਾ ਵਿੱਚ ਜਹਿਰਾਂ ਦੀ ਵਰਤੋਂ ਹੋਣ ਲੱਗੀ ਤੇ ਕੁਦਰਤੀ ਖੇਤੀ ਕਿਸਾਨਾਂ ਦੇ ਮਨਾਂ ਵਿਚੋਂ ਲੱਗਭੱਗ ਸਦਾ ਲਈ ਵਿਸਰ ਗਈ। ਇਹਨਾਂ ਪੈਸਟੀਸਾਈਡ ਕੰਪਨੀਆਂ ਦੇ ਪ੍ਰਸਤੁਤਕਰਤਾ ਆਪਣਾ ਮਾਲ ਵੇਚਦੇ ਰਹੇ ਤੇ ਭੋਲੇ ਭਾਲੇ ਕਿਸਾਨ ਇਹਨਾਂ ਨੂੰ ਖੇਤੀ ਮਾਹਿਰ ਸਮਝ ਕੇ ਇਹਨਾਂ ਦੇ ਕਹਿਣੇ ਅਨੁਸਾਰ ਧੜਾ ਧੜ ਆਪਣੇ ਖੇਤਾਂ ਵਿੱਚ ਜਹਿਰਾਂ ਦੀ ਲਗਾਤਾਰ ਵਰਤੋਂ ਕਰਦੇ ਰਹੇ। ਇਸ ਸਿਆਸੀ ਜਮਾਤ ਨੇ ਆਪਣੀ ਤਾਕਤ ਨੂੰ ਹੋਰ ਮਜਬੂਤ ਕਰਨ ਲਈ ਵੱਖ ਵੱਖ ਨੁਮਾਇੰਦਿਆਂ ਦੀ ਚੋਣ ਕਰਕੇ ਇੱਕ ਰਾਜਸੀ ਪਾਰਟੀ ਤਿਆਰ ਕੀਤੀ ਜੋ ਹੌਲੀ ਹੌਲੀ ਦੇਸ਼ ਵਿੱਚ ਇੱਕ ਵੱਡੀ ਤਾਕਤ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਅਤੇ ਪੂਰੇ ਦੇਸ਼ ਵਿੱਚ ਇਸ ਦਾ ਪ੍ਰਭਾਵ ਫੈਲਣ ਲੱਗਾ। ਪੰਜਾਬ ਤੇ ਆਪਣੀ ਪਕੜ ਨੂੰ ਹੋਰ ਮਜਬੂਤ ਕਰਨ ਲਈ ਇੱਥੋਂ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਵਿੱਚੋਂ ਇੱਕ ਨਾਲ ਗਠਜੋੜ ਕਰ ਕੇ ਉਸ ਨੂੰ ਆਪਣਾ ਭਾਈਵਾਲ ਬਣਾ ਲਿਆ ਗਿਆ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਵਾਰੀਂ ਵਾਰੀ ਆਪਣੀ ਝੋਲੀ ਨੂੰ ਭਰਨ ਲਈ ਕਿਸਾਨ ਦੇ ਹਿੱਤਾਂ ਨੂੰ ਕੇਂਦਰ ਦੇ ਹਾਕਮਾਂ ਅੱਗੇ ਵੇਚਣਾ ਸ਼ੁਰੂ ਕਰ ਦਿੱਤਾ ਤੇ ਕਿਸਾਨ ਭਾਈਚਾਰੇ ਦੀ ਹਾਲਤ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਗਈ। ਸਿਆਸਤਦਾਨਾਂ ਵੱਲੋਂ ਆਪਣਾ ਵੋਟ ਬੈਂਕ ਪੱਕਾ ਕਰਨ ਅਤੇ ਇਸ ਤੋਂ ਸਿਆਸੀ ਲਾਹਾ ਲੈਣ ਲਈ ਸੂਬੇ ਦਾ ਇੱਕ ਵਾਰ ਫਿਰ ਚੀਰ ਹਰਨ ਕੀਤਾ ਗਿਆ ਤੇ ਇਸ ਦੇ ਜਿਲ੍ਹਿਆਂ ਨੂੰ ਆਪਸ ਵਿੱਚ ਵੰਡ ਕੇ ਇਹਨਾਂ ਦੀ ਗਿਣਤੀ ਵਿੱਚ ਵਾਧਾ ਕਰ ਦਿੱਤਾ ਗਿਆ। ਹੌਲੀ ਹੌਲੀ ਕਿਸਾਨ ਨੂੰ ਆਰਥਿਕ ਮਦਦ ਦੇਣ ਦੇ ਨਾਂ ਹੇਠ ਸਹਿਕਾਰੀ ਬੈਂਕਾਂ ਤੇ ਦੂਸਰੇ ਬੈਂਕਾਂ ਤੋਂ ਘੱਟ ਵਿਆਜ ਤੇ ਕਰਜ਼ ਦਿੱਤਾ ਜਾਣ ਲੱਗਾ ਜੋ ਦਰਅਸਲ ਗੁਪਤ ਤਰੀਕੇ ਨਾਲ ਕਿਸਾਨ ਦੀ ਤਰੱਕੀ ਤੇ ਲਾਇਆ ਗਿਆ ਇੱਕ ਹੋਰ ਨਿਸ਼ਾਨਾ ਸੀ। ਕਿਸਾਨ ਵਰਗ ਬੈਂਕਾਂ ਤੋਂ ਇਸ ਕਰਜ਼ ਨੂੰ ਮੁਫਤ ਦੀ ਖੀਰ ਸਮਝ ਕੇ ਕਈ ਤਰਾਂ ਦੇ ਸਹੀ ਅਤੇ ਗਲਤ ਤਰੀਕਿਆਂ ਨਾਲ ਪ੍ਰਾਪਤ ਕਰਨ ਲੱਗਾ ਤੇ ਇਸ ਕਰਜ਼ ਦੇ ਪੈਸੇ ਨੂੰ ਆਪਣੀ ਖੇਤੀ ਦੇ ਕਾਰੋਬਾਰ ਵਿੱਚ ਨਾਂ ਲਾ ਕਰ ਕੇ ਉਲਟਾ ਆਪਣੀਆਂ ਨਿੱਜੀ ਜਰੂਰਤਾਂ ਜਿਵੇਂ ਵਿਆਹਾਂ ਸ਼ਾਦੀਆਂ ਤੇ ਕਾਰਾਂ ਕੋਠੀਆਂ ਵਿੱਚ ਵਰਤਣ ਲੱਗਾ। ਭੋਲਾ ਭਾਲਾ ਕਿਸਾਨ ਖੇਡੀ ਜਾ ਰਹੀ ਖੇਡ ਦੀ ਇਸ ਚਾਲ ਨੂੰ ਨਾ ਸਮਝ ਸਕਿਆ ਤੇ ਹੌਲੀ ਹੌਲੀ ਰਚੇ ਹੋਏ ਇਸ ਚੱਕਰਵਿਊ ਵਿੱਚ ਫਸਦਾ ਗਿਆ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਦੇ ਖਰਚ ਅੰਕੜੇ ਹੌਲੀ ਹੌਲੀ ਉਸਦੀ ਆਮਦਨ ਦੇ ਅੰਕੜਿਆਂ ਨੂੰ ਪਾਰ ਕਰ ਗਏ ਤੇ ਜਿਮੀਂਦਾਰ ਖੁਦਕੁਸ਼ੀਆਂ ਦੇ ਰਾਹ ਹੋ ਤੁਰਿਆ। ਸਮੇਂ ਦੇ ਚੱਲਦਿਆਂ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਦੇ ਤਹਿਤ ਜਿੱਥੇ ਹਰੇਕ ਵਰਗ ਦੇ ਭਾਈਚਾਰੇ ਨੂੰ ਵੰਡ ਕੇ ਰੱਖਿਆ ਗਿਆ ਉੱਥੇ ਹੀ ਦੂਜੇ ਪਾਸੇ ਉਹਨਾਂ ਦੀਆਂ ਲੋੜਾਂ ਅਨੁਸਾਰ ਬਣਦੀਆਂ ਛੋਟੀਆਂ ਮੋਟੀਆਂ ਸਹੂਲਤਾਂ ਦੇ ਕੇ ਉਹਨਾਂ ਨੂੰ ਆਪਣਾ ਮੁਰੀਦ ਵੀ ਬਣਾ ਲਿਆ ਗਿਆ। ਜਨਤਾ ਦੀਆਂ ਮੁੱਖ ਬੁਨਿਆਦੀ ਲੋੜਾਂ ਜਿਵੇਂ ਸਿਹਤ ਅਤੇ ਸਿੱਖਿਆ ਨੂੰ ਅਣਗੌਲਿਆਂ ਕਰ ਕੇ ਉਹਨਾਂ ਨੂੰ ਸਮੇਂ ਸਮੇਂ ਤੇ ਆਰਥਹੀਨ ਸਹੂਲਤਾਂ ਜਿਵੇ ਆਟਾ ਦਾਲ ਸਕੀਮ, ਸ਼ਗਨ ਸਕੀਮ, ਪੈਨਸ਼ਨਾਂ ਤੇ ਵੱਖ ਵੱਖ ਤਰ੍ਹਾਂ ਦੀਆਂ ਸਬਸਿਡੀਆਂ ਵੀ ਦਿੱਤੀਆਂ ਗਈਆਂ। ਨਤੀਜੇ ਵਜੋਂ ਸਹੂਲਤ ਲੈਣ ਵਾਲਾ ਹਰ ਵਿਅਕਤੀ ਮਾਨਸਿਕ ਤੌਰ ਤੇ ਅਪੰਗ ਹੋ ਕੇ ਅਤੇ ਮਿਹਨਤ ਤੋਂ ਮੁੱਖ ਮੋੜ ਇਸ ਰਹਿਮ ਦੇ ਟੁੱਕਰ ਤੇ ਪੂਰੀ ਤਰਾਂ ਨਿਰਭਰ ਹੋ ਗਿਆ। ਇਹਨਾਂ ਸਕੀਮਾਂ ਦੇ ਤਹਿਤ ਹੀ ਚੱਲਦਿਆਂ ਕਿਸਾਨ ਵਰਗ ਨੂੰ ਮੁਫਤ ਬਿਜਲੀ ਦੀ ਇੱਕ ਵਿਸ਼ੇਸ਼ ਸਹੂਲਤ ਵੀ ਦਿੱਤੀ ਗਈ ਜੋ ਪੰਜਾਬ ਦੀ ਧਰਤੀ ਨੂੰ ਬੰਜਰ ਕਰਨ ਲਈ ਇੱਕ ਹੋਰ ਗਹਿਰੀ ਚਾਲ ਸੀ। ਇਹ ਦਿੱਤੀ ਗਈ ਦਿਲ ਲੁਭਾਊ ਸਹੂਲਤ ਦਾ ਅੰਜਾਮ ਇਹ ਹੋਇਆ ਕਿ ਬਹੁ ਗਿਣਤੀ ਵਿੱਚ ਬੋਰਵੈੱਲਾਂ ਦੀ ਖੁਦਾਈ ਹੋਈ ਤੇ ਸਬਮਰਸੀਬਲ ਮੋਟਰਾਂ ਰਾਹੀਂ ਭਾਰੀ ਮਾਤਰਾ ਵਿੱਚ ਧਰਤੀ ਹੇਠਲਾ ਪਾਣੀ ਵਰਤਿਆ ਜਾਣ ਲੱਗਾ। ਅਜਿਹਾ ਕਰਨ ਨਾਲ ਜਿੱਥੇ ਬਿਜਲੀ ਦੀ ਬਹੁਤ ਜਿਆਦਾ ਖਪਤ ਵਧੀ ਹੈ ਉੱਥੇ ਹੀ ਧਰਤੀ ਹੇਠਲੇ ਪਾਣੀ ਦੀਆਂ ਦੋ ਪਰਤਾਂ ਨੂੰ ਖਤਮ ਕਰਨ ਤੋਂ ਬਾਅਦ ਅੱਜ ਤੀਸਰੀ ਪਰਤ ਦਾ ਘਾਣ ਪੂਰੇ ਜੋਰ ਸ਼ੋਰ ਨਾਲ ਹੋ ਰਿਹਾ ਹੈ। ਜਿਸ ਦਿਨ ਅਸੀਂ ਧਰਤੀ ਹੇਠਲੀ ਪਾਣੀ ਦੀ ਚੌਥੀ ਤੇ ਅੰਤਮ ਪਰਤ ਨੂੰ ਵਰਤੋਂ ਵਿੱਚ ਲਿਆਉਣਾ ਸ਼ੁਰੂ ਕਰ ਦੇਵਾਂਗੇ ਉਸ ਦਿਨ ਪੰਜਾਬ ਦੀ ਧਰਤੀ ਰੇਗਿਸਤਾਨ ਦਾ ਰੂਪ ਧਾਰਨ ਕਰ ਜਾਵੇਗੀ ਤੇ ਮਨੁੱਖ ਦਾ ਇਸ ਧਰਤੀ ਤੇ ਜਿਉਣਾ ਅਸੰਭਵ ਹੋ ਜਾਵੇਗਾ। ਦੂਜੇ ਪਾਸੇ ਸਿਆਸਤਦਾਨਾਂ ਦੁਆਰਾ ਖੇਡੀ ਜਾਣ ਵਾਲੀ ਇਸ ਲੁਕਣ ਮੀਚੀ ਵਾਲੀ ਖੇਡ ਸਦਕਾ ਅੱਜ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਦਿੱਤਾ ਜਾ ਰਿਹਾ ਹੈ ਜਿਸ ਦੀ ਵਰਤੋਂ ਉਹ ਸਿੰਜਾਈ ਲਈ ਕਰਦੇ ਹਨ ਤੇ ਉਹ ਆਪਣੀ ਖੁਦ ਦੀ ਧਰਤੀ ਹੇਠਲੇ ਪਾਣੀ ਦੇ ਖਜਾਨੇ ਨੂੰ ਸੰਭਾਲੀ ਬੈਠੇ ਹਨ। ਪੰਜਾਬ ਦੇ ਮੁਕਾਬਲੇ ਅਗਰ ਯੂ ਪੀ, ਬਿਹਾਰ, ਆਂਧਰਾ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਪਾਣੀ ਦੀ ਬਹੁ ਮਾਤਰਾ ਦੇ ਨਾਲ ਨਾਲ ਇੱਕ ਚੰਗੀ ਜਰਖੇਜ਼ ਧਰਤੀ ਵੀ ਹੈ। ਕੇਂਦਰ ਦੀ ਸਰਕਾਰ ਵੱਲੋਂ ਇਹ ਸਭ ਕੁਝ ਗਿਣ ਮਿਥ ਕੇ ਕੀਤਾ ਗਿਆ ਤੇ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਸਰਕਾਰ ਨੇ ਆਪਣੀ ਭਾਈਵਾਲ ਜਮਾਤ ਨੂੰ ਖੁਸ਼ ਰੱਖਣ ਲਈ ਉਸ ਦਾ ਖੂਬ ਸਮਰਥਨ ਕੀਤਾ। ਹਾਥੀ ਦੇ ਦੰਦ ਖਾਣ ਲਈ ਹੋਰ ਤੇ ਵਿਖਾਉਣ ਲਈ ਹੋਰ ਵਾਲੀ ਕਹਾਵਤ ਅਨੁਸਾਰ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਬਿਜਲੀ ਸਸਤੇ ਲੋਨ ਜਾਂ ਕਈ ਹੋਰ ਤਰਾਂ ਦੀਆਂ ਸਬਸਿਡੀਆਂ ਨੂੰ ਬੀਜ ਖਾਦਾਂ ਦਵਾਈਆਂ ਡੀਜ਼ਲ ਪਟਰੌਲ ਦੇ ਮਹਿਂਗੇ ਭਾਅ ਤੇ ਹੋਰ ਕਈ ਤਰਾਂ ਦੇ ਟੈਕਸ ਲਗਾ ਕੇ ਉਹਨਾਂ ਤੋਂ ਵਾਪਸ ਦੁੱਗਣਾ ਕਰਕੇ ਵਸੂਲ ਲਿਆ ਗਿਆ। ਕੇਂਦਰ ਸਰਕਾਰ ਸੂਬਾ ਸਰਕਾਰ ਖੇਤੀਬਾੜੀ ਅਫ਼ਸਰ ਜਾਂ ਫਿਰ ਖੇਤੀ ਨਾਲ ਸਬੰਧਤ ਅਦਾਰਿਆਂ ਵੱਲੋਂ ਸਮੇਂ ਸਮੇਂ ਸਿਰ ਘੜੀਆਂ ਗਈਆਂ ਨੀਤੀਆਂ ਦਾ ਅਧਾਰ ਕਦੇ ਵੀ ਕਿਸਾਨ ਦੇ ਹਿੱਤ ਵਿੱਚ ਨਹੀਂ ਰਿਹਾ। ਇਸ ਸੰਦਰਭ ਦੇ ਤਹਿਤ ਚੱਲਦਿਆਂ ਪਿਛਲੇ ਦਿਨੀਂ ਕੇਂਦਰ ਵੱਲੋਂ ਜਾਰੀ ਕੀਤਾ ਗਿਆ ਆਰਡੀਨੈਂਸ ਪੰਜਾਬ ਦੀ ਕਿਸਾਨੀ ਨੂੰ ਲਾਇਆ ਜਾਣ ਵਾਲਾ ਇੱਕ ਜਹਿਰੀਲਾ ਟੀਕਾ ਹੈ। ਅਗਰ ਇਹ ਆਰਡੀਨੈਂਸ ਪੂਰਨ ਤੌਰ ਤੇ ਲਾਗੂ ਕਰ ਦਿੱਤੇ ਗਏ ਤਾਂ ਇਸ ਦਾ ਲਾਭ ਸਿੱਧੇ ਤੌਰ ਤੇ ਅਮੀਰ ਵਰਗ ਨੂੰ ਹੀ ਹੋਏਗਾ ਤੇ ਕਿਸਾਨ ਦੇ ਨਾਲ ਨਾਲ ਆੜ੍ਹਤੀਆ ਮੁਨੀਮ ਤੇ ਮਜਦੂਰ ਵਰਗ ਵੀ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ। ਪੰਜਾਬ ਦਾ ਆਖਰੀ ਕਿੱਤਾ ਖੇਤੀਬਾੜੀ ਜੋ ਕਿ ਪਹਿਲਾਂ ਹੀ ਮੰਦੀ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ ਨੂੰ ਇਸ ਪਾਲਿਸੀ ਰਾਹੀਂ ਪੂਰੀ ਤਰਾਂ ਖੂੰਜੇ ਲਾ ਦਿੱਤਾ ਜਾਵੇਗਾ। ਸਰਕਾਰ ਨੇ ਇਸ ਫੈਸਲੇ ਤਹਿਤ ਕਿਸਾਨ ਦੀਆਂ ਫਸਲਾਂ ਦੇ ਘੱਟ ਤੋਂ ਘੱਟ ਸਮਰਥਨ ਮੁੱਲ ਦੇ ਇਕਰਾਰਨਾਮੇ ਤੋਂ ਆਪਣਾ ਵਾਅਦਾ ਵਾਪਸ ਲੈ ਲਿਆ ਹੈ। ਦੂਜੇ ਪਾਸੇ ਜੇ ਫਸਲ ਨੂੰ ਦੂਸਰੇ  ਸੂਬਿਆਂ ਵਿੱਚ ਵੇਚਣ ਦੀ ਗੱਲ ਕਰੀਏ ਤਾਂ ਕਿਸਾਨ ਟਰਾਂਸਪੋਰਟ ਦਾ ਖਰਚ ਭਰਨ ਤੋਂ ਅਸਮਰੱਥ ਹੈ ਤੇ ਇਸ ਦਾ ਲਾਭ ਵੀ ਸਿੱਧੇ ਤੌਰ ਤੇ ਵਪਾਰੀ ਵਰਗ ਨੂੰ ਹੀ ਜਾਵੇਗਾ। ਸਰਕਾਰ ਵੱਲੋਂ ਨਵੀਆਂ ਪਾਲਿਸੀਆਂ ਤਿਆਰ ਕਰਨ ਵੇਲੇ ਅਮੀਰ ਘਰਾਣਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਉਹਨਾਂ ਵੱਲੌਂ ਲਏ ਗਏ ਚੋਣ ਫੰਡਾਂ ਦੇ ਏਵਜ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਜਿੱਥੇ ਇਹ ਬਿੱਲ ਪਾਸ ਹੋਣ ਨਾਲ ਕਿਸਾਨਾਂ ਦੀ ਕਿਸਮਤ ਕਾਰਪੋਰੇਟ ਘਰਾਣਿਆਂ ਦੇ ਰਹਿਮ ਦੀ ਮੁਹਤਾਜ ਹੋਣ ਜਾ ਰਹੀ ਹੈ ਉੱਥੇ ਹੀ ਕੇਂਦਰ ਦੀ ਭਾਈਵਾਲ ਤੇ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਸਰਕਾਰ ਕੇਂਦਰ ਵਿੱਚ ਆਪਣੀ ਵਜੀਰੀ ਨੂੰ ਪੱਕਾ ਕਰਨ ਲਈ ਇਸ ਸਭ ਨੂੰ ਜਾਇਜ ਠਹਿਰਾ ਰਹੀ ਹੈ। ਅਗਰ ਸਰਕਾਰ ਦੁਆਰਾ ਇਸ ਵਿਸ਼ੇਸ਼ ਬਿੱਲ ਰਾਹੀਂ ਕਾਨੂੰਨੀ ਦਾਅ ਪੇਚ ਖੇਡ ਲਿਆ ਗਿਆ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਕਿਸਾਨ ਦੀ ਕਿਸਮਤ ਰੇਖਾ ਵਿੱਚ ਠੋਕਿਆ ਗਿਆ ਆਖਰੀ ਕਿੱਲ ਸਾਬਤ ਹੋਵੇਗਾ...!!
 
ਗੁਰਦੀਪ ਸਿੰਘ "ਭੁੱਲਰ"
ਮੋ: 9417241037
 

Have something to say? Post your comment

Subscribe