Tuesday, January 28, 2025
 

ਕਾਵਿ ਕਿਆਰੀ

ਜੱਟ ਦੀ ਕਿਸਮਤ

July 04, 2020 04:05 PM

ਇੰਨੀ ਜ਼ੋਰ ਦੀ ਆਈ ਗ਼ਰੀਬੀ
ਪਾਸਾ ਵੱਟ ਗਏ ਰਿਸ਼ਤੇਦਾਰ ਕਰੀਬੀ
ਸਸਤੇ ਭਾਅ ਸਾਡੀ ਫ਼ਸਲ ਖਰੀਦੀ
ਅੱਕੇ ਤਾਂਹੀ ਫਿਰਦੇ ਰੱਸੇ ਚੁੱਕੀ
ਦੇਖ ਜੱਟ ਦੀ ਕਿਸਮਤ ਫੁੱਟੀ
ਰੱਬ ਵੀ ਰੋਇਆ ਉੱਚੀ ਉੱਚੀ ।

ਕਰ ਪੜਾਈਆਂ ਦਿੱਤੇ ਪਰਚੇ
ਉੱਤੋਂ ਵੱਧ ਸੀ ਕਰਤੇ ਖ਼ਰਚੇ
ਨੌਕਰੀ ਵੀ ਨਾ ਲੱਗਿਆ ਪੜ੍ਹ ਕੇ
ਬਾਪੂ ਵੀ ਸੀ ਅੱਕਿਆ ਲੜ ਕੇ
ਤਾਂ ਹੀ ਜਾਣ ਵਿਦੇਸ਼ ਨੂੰ ਡਿਗਰੀਆਂ ਚੁੱਕੀ
ਦੇਖ ਜੱਟ ਦੀ ਕਿਸਮਤ ਫੁੱਟੀ
ਰੱਬ ਵੀ ਰੋਇਆ ਉੱਚੀ ਉੱਚੀ ।

ਜੱਟਾਂ ਦੇ ਘਰ ਖਾਲੀ ਕਰਕੇ
ਸ਼ਾਹੂਕਾਰਾਂ ਦੇ ਮਹਿਲ ਵੀ ਭਰਤੇ
ਤਾਂ ਹੀ ਲੀਡਰ ਗੱਲਾਂ ਕਰਦੇ
ਵੋਟਾਂ ਲੈ ਕੇ ਪਾਸਾ ਵੱਟਦੇ
ਜਾਵੇ ਸਾਨੂੰ ਸਰਕਾਰ ਵੀ ਲੁੱਟੀ
ਦੇਖ ਜੱਟ ਦੀ ਕਿਸਮਤ ਫੁੱਟੀ
ਰੱਬ ਵੀ ਰੋਇਆ ਉੱਚੀ ਉੱਚੀ।

ਇੱਕ ਪੁੱਤ ਚਿੱਟੇ ਨੇ ਅੰਨਾ ਕਰਤਾ
ਉੱਤੋਂ ਲਿਹਾ ਨਾ ਸਿਰ ਚੜਿਆ ਕਰਜ਼ਾ
ਮਾਂ ਦਾ ਰੰਗ ਫਿਕਰਾਂ ਨੇ ਫਿੱਕਾ ਕਰਤਾ
ਸਰਕਾਰ ਨੇ ਦੇਸ਼ ਨਸ਼ਿਆਂ ਦਾ ਭਰਤਾ
ਜੱਟ ਦੀ ਜਾਨ ਆਈ ਵਿੱਚ ਮੁੱਠੀ
ਦੇਖ ਜੱਟ ਦੀ ਕਿਸਮਤ ਫੁੱਟੀ
ਰੱਬ ਵੀ ਰੋਇਆ ਉੱਚੀ ਉੱਚੀ।
 

 
ਗੁਰਪ੍ਰੀਤ ਕੌਰ
ਬੀ.ਏ. (ਆਨਰਜ਼) ਪੰਜਾਬੀ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ
 

Have something to say? Post your comment

Subscribe