Thursday, November 21, 2024
 

ਕਾਵਿ ਕਿਆਰੀ

ਨਫ਼ਰਤਾਂ ਭਰੇ ਇਨਸਾਨ

May 28, 2020 04:55 PM

ਨਫ਼ਰਤਾਂ  ਦੇ  ਭਰੇ ਇਨਸਾਨ  ਦਿਲਾਂ ਚ  ਹੰਕਾਰ  ਰਹਿ ਗਏ
ਨਾ ਕਦਰ ਰਿਸ਼ਤਿਆ ਦੀ ਨਾ ਮਨਾਂ 'ਚ ਸਤਿਕਾਰ ਰਹਿ ਗਏ

ਇਕੋ  ਮਾਂ  ਦੇ  ਜਾਇਆਂ  ਕੱਢ   ਲਈਆਂ  ਵਿਹੜੇ  'ਚ ਕੰਧਾਂ
ਹੁਣ  ਪਹਿਲਾਂ  ਵਾਂਗੂੰ   ਕਿਥੇ   ਸਾਂਝੇ  ਪਰਿਵਾਰ  ਰਹਿ ਗਏ

ਪੜਕੇ  ਇਲਮ  'ਤੇ ਅਮਲ  ਕਰਨ  ਵਾਲੇ  ਵਿਰਲੇ  ਦਿਸਦੇ
ਹੁਣ  ਤਾਂ  ਮਜਹਬਾਂ  ਦੇ ਨਾਂ 'ਤੇ  ਹੁੰਦੇ ਕਾਰੋਬਾਰ  ਰਹਿ ਗਏ
 
ਝੂਠ  ਦੀ  ਮੰਡੀ   ਵਿਚ  ਸੱਚ  ਦਾ  ਪਲੜਾ  ਹਲਕਾ  ਜਾਪੇ
ਝੂਠੇ  ਹੀ  ਲੋਕੀ  ਇਥੇ  ਝੂਠੇ  ਕੌਲ  ਇਕਰਾਰ  ਰਹਿ ਗਏ

ਚੁਸਤ  ਚਲਾਕੀਆਂ  ਨੇ ਖਾ ਲਈ  ਦੋਸਤੀ  ਅੱਜਕਲੵ  ਦੀ
ਗਿਰਗਿਟ ਵਾਂਗੂੰ ਰੰਗ ਬਦਲਦੇ ਮਤਲਬੀ ਯਾਰ ਰਹਿ ਗਏ

ਨਾ  ਮੁਹੱਬਤ  ਰਹੀ  ਰੂਹਾਂ ਦੀ ਨਾ ਹੀ ਕਦਰ ਜ਼ਜ਼ਬਾਤਾਂ ਦੀ
ਪਿਆਰ  ਦੇ ਨਾਮ 'ਤੇ  ਹੁੰਦੇ ਜਿਸਮਾਂ  ਦੇ ਵਪਾਰ ਰਹਿ ਗਏ

ਸਭਿਆਚਾਰ ਨਾਲ  ਲੋਕੀ ਜੁੜਨਗੇ ਕਿਥੋਂ  "ਮੋਮਨਾਬਾਦੀ"
ਗੰਧਲੀ ਹੋਈ ਗਾਇਕੀ ਗੀਤਾਂ ਵਿਚ ਹਥਿਆਰ ਰਹਿ ਗਏ

 

~ ਸੰਦੀਪ ਸਿੰਘ ਮੋਮਨਾਬਾਦੀ

ਸੰਪਰਕ :  88725-56067

 

Have something to say? Post your comment

Subscribe