1844 ਸੰਨ ਦਿਨ ਸੀ ਮੰਗਲਵਾਰ
ਮਹੀਨਾ ਸੀ ਵਿਸਾਖ ਤੇ ਤਰੀਕ ਵੀ 27 ਸੀ
ਦਿਨ ਦਾ ਝੜਾਅ ਹੋਇਆ ਸੁਰਖ ਸਵੇਰ ਹੋਈ
ਸੂਰਜ ਦੀ ਟਿੱਕੀ ਅਜੇ ਥੋੜ੍ਹੀ ਦਿਸ ਆਈ ਸੀ
ਜਪੁਜੀ ਦਾ ਜਾਪ ਪਿਆ ਸ਼ਾਂਤੀ ਦੇ ਨਾਲ ਹੋਵੇ
ਵੈਰੀਆਂ ਦੀ ਫੌਜ ਝੜੀ ਗੋਲੀਆਂ ਦੀ ਲਾਈ ਸੀ
ਦਾਗ ਤੇ ਪਲੀਤੇ ਤੋਪਾਂ ਚਲੀਆਂ ਬਦਲ ਜਿਓਂ
ਦੜ ਦੜ ਡਿੱਗੇ ਗੋਲੇ ਧਰਤ ਹਿਲਾਈ ਸੀ
ਆਸਣਾਂ ਤੇ ਬੈਠੇ ਬਾਬਾ ਬੀਰ ਸਿੰਘ ਬ੍ਰਹਮ ਗਿਆਨੀ
ਜੋਤ ਨਿਰੰਕਾਰੀ ਬੈਠੀ ਸੁਰਤਿ ਟਿਕਾਈ ਸੀ
ਆਤਮਾ ਮਹਾਨ ਕਹਿਣੀ ਕਥਨੀ ਦੇ ਪੂਰੇ ਸੰਤ
ਵਾਹਿਗੁਰੂ ਦਾ ਜਾਪ ਬੈਠੇ ਜਾਂਦੇ ਓਹ ਜਪਾਈ ਸੀ
ਜਪੁਜੀ ਦੀ ਬਾਣੀ ਕੋਈ ਜਾਪੁ ਸਾਹਿਬ ਪੜੀ ਜਾਵੇ
ਸੁਖਮਨੀ ਸਾਹਿਬ ਸਿੰਘਾਂ ਆਸਾ ਵਾਰ ਲਾਈ ਸੀ
ਲੰਗਰ ਤਿਆਰ ਕੀਤਾ ਸਿੰਘਾਂ ਨੇ ਹੁਕਮ ਨਾਲ
ਕੜਾਹ ਪ੍ਰਸਾਦ ਦੇਗ ਬਾਬਾ ਜੀ ਕਰਾਈ ਸੀ
ਚਾਰ ਚੁਫੇਰਿਂਓ ਪਿਆ ਗੋਲੀਆਂ ਦਾ ਮੀਂਹ ਵਰ੍ਹੇ
ਜਾਮ ਸ਼ਹਾਦਤਾਂ ਦਾ ਸਿੰਘ ਜਾਂਦੇ ਪਾਈ ਸੀ
ਤੋਪਾਂ ਦਿਆਂ ਗੋਲਿਆਂ ਨਾ ਸਿੰਘ ਉਡੀ ਜਾਂਵਦੇ ਨੇ
ਤੋਪਚੀਆਂ ਤੋਪਾਂ ਵਿਚੋਂ ਅਗ ਬਰਸਾਈ ਸੀ
ਇਕ ਗੋਲਾ ਬਾਬਾ ਜੀ ਦੇ ਪਟ ਉਤੇ ਆਣ ਲੱਗਾ
ਉਡ ਗਿਆ ਮਾਸ ਲੈ ਗਿਆ ਲਤ ਨੂੰ ਉਡਾਈ ਸੀ
ਗੋਲੀਆਂ ਅਠਾਰਾਂ ਬਾਬਾ ਸਾਹਿਬ ਜੀ ਨੂੰ ਵਜ ਗਈਆਂ
ਕੁਦਰਤ ਡਾਹਡੇ ਦੀ ਨੇ ਭਾਵੀ ਵਰਤਾਈ ਸੀ
ਜਖਮੀ ਸਰੀਰ ਹੋਇਆ ਗੋਲੀਆਂ ਦੇ ਨਾਲ ਸਾਰਾ
ਧਰਤੀ ਤੇ ਡਿੱਗੇ ਸਿੰਘ ਵੇਖ ਗਸ਼ ਖਾਈ ਸੀ
ਸੂਰਜ ਕਿਰਣ ਮਿਲੇ ਜਲ ਵਿਚ ਛਲ ਜਿਵੇਂ
ਜੋਤ ਵਿਚ ਰੱਬੀ ਜੋਤ ਇਓਂ ਸਮਾਈ ਸੀ
ਆਏ ਜੋ ਸ਼ਰਨ ਰੱਖੀ ਲਾਜ ਨੌਵੇਂ ਗੁਰਾਂ ਵਾਂਗ
ਸਿਰ ਦੇ ਕੇ ਜਿਨ੍ਹਾਂ ਬੇੜੀ ਹਿੰਦ ਦੀ ਬਚਾਈ ਸੀ
ਆਏ ਜੋ ਸ਼ਰਨ ਲਾਏ ਕੰਠ ਹਰਦਿਆਲ ਸਿੰਘਾ
ਹਸ ਕੇ ਸ਼ਹੀਦੀ ਬਾਬਾ ਬੀਰ ਸਿੰਘ ਪਾਈ ਸੀ
ਲੇਖਕ
ਕਵੀਸ਼ਰ ਭਾਈ ਹਰਦਿਆਲ ਸਿੰਘ ਹੀਰਾ
ਮੋ : 94657-16284