Friday, November 22, 2024
 

ਲਿਖਤਾਂ

ਜਦੋਂ ਰੋਮ ’ਚ ਅੱਗ ਲੱਗੀ ਸੀ ਤਾਂ ਨੀਰੋ ਦੀ ਸ਼ਾਂਤੀ ਨਾਲ ਬੰਸਰੀ ਵਜਾਉਣ ਦੀ ਇਹ ਸੀ ਵਜ੍ਹਾ

June 27, 2021 05:13 PM

ਆਪਣੀ ਮਾਂ ਦਾ ਕੀਤਾ ਸੀ ਕਤਲ


ਆਪਣੀਆਂ ਪਤਨੀਆਂ ਨੂੰ ਵੀ ਮੌਤ ਦੇ ਘਾਟ ਉਤਾਰਿਆ


ਕਿਸ ਤਰ੍ਹਾਂ ਹੋਈ ਨੀਰੋ ਦੀ ਮੌਤ


ਆਪਣੇ ਹੀ ਸ਼ਹਿਰ ਨੂੰ ਕਿਉਂ ਲਾਈ ਅੱਗ


ਅਦਾਕਾਰ ਵੀ ਸੀ ਨੀਰੋ

 

ਰੋਮ ਦਾ ਇਕ ਸ਼ਾਸ਼ਕ ਹੋਇਆ ਸੀ ਜੋ ਪੂਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ ਸੀ। ਦਰਅਸਲ ਉਹ ਜਿਨਾਂ ਬਦਨਾਮ ਸੀ ਉਨਾ ਹੀ ਪ੍ਰਸਿੱਧ ਵੀ ਸੀ। ਨੀਰੋ ਨਾਲ ਸਬੰਧਤ ਕਈ ਕਹਾਵਤਾਂ ਅੱਜ ਵੀ ਮਸ਼ਹੂਰ ਹਨ। ਜਿਨ੍ਹਾਂ ਵਿਚ ਇਕ ਤਾਂ ਇਹ ਹੈ ਕਿ ‘ਰੋਮ ਨੂੰ ਜਦੋਂ ਅੱਗ ਲੱਗ ਗਈ ਸੀ ਤਾਂ ਨੀਰੋ ਆਰਾਮ ਨਾਲ ਬੰਸਰੀ ਵਜਾ ਕੇ ਅਨੰਦਤ ਹੋ ਰਿਹਾ ਸੀ। ਨੀਰੋ ’ਤੇ ਰੋਮ ਨੂੰ ਅੱਗ ਦੇ ਹਵਾਲੇ ਕਰਨ ਦਾ ਦੋਸ਼ ਵੀ ਸਾਬਤ ਹੋ ਗਿਆ ਸੀ ਕਿ ਉਸ ਨੇ ਜਾਣ ਬੁੱਝ ਕੇ ਅੱਗ ਲਗਵਾਈ ਸੀ।
ਨੀਰੋ ਨੂੰ ਇਤਿਹਾਸ ’ਚ ਇੱਕ ਅਜਿਹੇ ਜ਼ਾਲਮ ਹਾਕਮ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਜਿਸ ਨੇ ਆਪਣੀ ਮਾਂ, ਮਤਰੇਈ ਮਾਂ ਅਤੇ ਪਤਨੀਆਂ ਤੱਕ ਦਾ ਕਤਲ ਕਰਵਾਇਆ ਸੀ ਅਤੇ ਆਪਣੇ ਦਰਬਾਰ ’ਚ ਮੌਜੂਦ ਖੁਸਰਿਆਂ ਨਾਲ ਵਿਆਹ ਕਰਵਾਇਆ ਸੀ।


ਮਹਿਜ਼ 16 ਸਾਲ ਦੀ ਉਮਰ ’ਚ ਨੀਰੋ ਆਪਣੀ ਮਾਂ ਦੇ ਅਣਥੱਕ ਯਤਨਾਂ ਸਦਕਾ ਇੱਕ ਅਜਿਹੇ ਸਾਮਰਾਜ ਦਾ ਬਾਦਸ਼ਾਹ ਬਣਿਆ, ਜਿਸ ਦੀ ਸਰਹੱਦ ਸਪੇਨ ਤੋਂ ਲੈ ਕੇ ਉੱਤਰ ’ਚ ਬ੍ਰਿਟੇਨ ਅਤੇ ਪੂਰਬ ’ਚ ਸੀਰਿਆ ਤੱਕ ਫੈਲੀ ਹੋਈ ਸੀ। ਨੀਰੋ ਦੀ ਮਾਂ ਅਗਰੀਪੀਨਾ ਨੂੰ ਤਖ਼ਤ ਹਾਸਲ ਕਰਨ ਦਾ ਲਾਲਚ ਸੀ, ਜਿਸ ਕਰ ਕੇ ਉਸ ਨੇ ਮਹਿਲ ’ਚ ਸਾਜਸ਼ਾਂ ਅਤੇ ਹੇਰਾਫੇਰੀ ਦੇ ਬਲਬੂਤੇ ਨੀਰੋ ਨੂੰ ਗੱਦੀ ’ਤੇ ਬਿਠਾਇਆ ਸੀ। ਅਗਰੀਪੀਨਾ ਨੇ ਆਪਣੇ ਅੰਕਲ, ਸਮਰਾਟ ਕਲੋਡੀਅਸ ਨਾਲ ਵਿਆਹ ਕੀਤਾ ਅਤੇ ਫਿਰ ਨੀਰੋ ਦਾ ਵਿਆਹ ਬਾਦਸ਼ਾਹ ਦੀ ਧੀ ਨਾਲ ਕਰਵਾਇਆ ਜਿਸ ਨਾਲ ਨੀਰੋ ਸ਼ਾਹੀ ਪਰਿਵਾਰ ਦਾ ਮੈਂਬਰ ਹੋਣ ਦੇ ਨਾਲ ਨਾਲ ਰਾਜੇ ਦਾ ਵਾਰਸ ਵੀ ਬਣ ਗਿਆ ਸੀ। ਪਰ ਕਲੋਡੀਅਸ ਦਾ ਆਪਣਾ ਇੱਕ ਪੁੱਤਰ ਵੀ ਸੀ।
ਇਹ ਦਾਅਵਾ ਕੀਤਾ ਜਾਂਦਾ ਹੈ ਕਿ ਅਗਰੀਪੀਨਾ ਨੇ ਜ਼ਹਿਰੀਲੇ ‘ਮਸ਼ਰੂਮ’ ਜਾਂ ਫਿਰ ਖ਼ੂੰਬਾਂ ਖਵਾ ਕੇ ਬਾਦਸ਼ਾਹ ਕਲੋਡੀਅਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪਰ ਇਸ ਤੱਥ ’ਚ ਕਿੰਨੀ ਸੱਚਾਈ ਹੈ, ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ ਹੈ।
ਜਦੋਂ ਨੀਰੋ ਨੇ ਸੱਤਾ ਆਪਣੇ ਹੱਥਾਂ ’ਚ ਲਈ ਤਾਂ ਉਸ ਸਮੇਂ ਉਸ ਦੀ ਮਾਂ ਉਸ ਦੀ ਸਭ ਤੋਂ ਨਜ਼ਦੀਕੀ ਸਲਾਹਕਾਰ ਸੀ। ਇਥੋਂ ਤਕ ਕਿ ਰੋਮਨ ਸਿੱਕਿਆਂ ’ਤੇ ਵੀ ਨੀਰੋ ਅਤੇ ਉਸ ਦੀ ਮਾਂ ਦੀ ਤਸਵੀਰ ਹੁੰਦੀ ਸੀ। ਪਰ ਸੱਤਾ ’ਚ ਆਉਣ ਤੋਂ ਲਗਭਗ 5 ਸਾਲ ਬਾਅਦ ਨੀਰੋ ਨੇ ਆਪਣੀ ਹੀ ਮਾਂ ਦਾ ਕਤਲ ਕਰਵਾ ਦਿੱਤਾ ਸੀ।


ਨੀਰੋ ਨੇ ਰੋਮ ਦੇ ਲੋਕਾਂ ਨੂੰ ਖ਼ੁਸ਼ ਕਰਨ ਲਈ ਵੱਡੇ ਪੱਧਰ ਤੇ ਯੂਨਾਨ ਸ਼ੈਲੀ ਦੀਆਂ ਖੇਡਾਂ ਦਾ ਆਯੋਜਨ ਕੀਤਾ। ਨੀਰੋ ਨੇ ਜਦੋਂ ਪਹਿਲੀ ਵਾਰ ਆਪਣੀ ਮਾਂ ਨੂੰ ਮਾਰਨ ਦਾ ਯਤਨ ਕੀਤਾ ਸੀ ਤਾਂ ਉਹ ਆਪਣੀ ਯੋਜਨਾ ’ਚ ਸਫ਼ਲ ਨਾ ਹੋ ਸਕਿਆ। ਨੀਰੋ ਨੇ ਆਪਣੀ ਮਾਂ ਨੂੰ ਸਮੁੰਦਰੀ ਤੱਟ ’ਤੇ ਇੱਕ ਸਮਾਗਮ ’ਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਅਤੇ ਫਿਰ ਮਾਂ ਨੂੰ ਇੱਕ ਅਜਿਹੇ ਸਮੁੰਦਰੀ ਜਹਾਜ਼ ਜ਼ਰੀਏ ਵਾਪਸ ਭੇਜਣ ਦੀ ਯੋਜਨਾ ਬਣਾਈ, ਜਿਸ ਨੂੰ ਕਿ ਰਸਤੇ ’ਚ ਹੀ ਡੋਬਣ ਦੀ ਸਾਜਿਸ਼ ਤਿਆਰ ਕੀਤੀ ਗਈ ਸੀ। ਪਰ ਇਸ ਕਤਲ ਦੀ ਕੋਸ਼ਿਸ਼ ’ਚ ਉਹ ਬੱਚ ਗਈ।
ਇਸ ਤੋਂ ਬਾਅਦ ਨੀਰੋ ਨੇ ਆਪਣੀ ਮਾਂ ’ਤੇ ਬਗ਼ਾਵਤ ਦਾ ਦੋਸ਼ ਲਗਾਇਆ ਅਤੇ ਕੁਝ ਲੋਕਾਂ ਨੂੰ ਭੇਜ ਕੇ ਉਸ ਦਾ ਕਤਲ ਕਰਵਾ ਦਿੱਤਾ ਸੀ। ਪ੍ਰਾਚੀਨ ਰੋਮ ਦੀ ਮਾਹਰ ਪ੍ਰੋਫ਼ੈਸਰ ਮਾਰੀਆ ਵਾਇਕ ਅਨੁਸਾਰ, ਨੀਰੋ ਦੀ ਮਾਂ ਦਾ ਰਵੱਈਆ ਦੂਸਰੇ ਬੰਦੇ ਨੂੰ ਕਾਬੂ ਕਰਨ ਵਾਲਾ ਸੀ। ਇੱਕ ਸਰੋਤ ਅਨੁਸਾਰ ਉਹ ਆਪਣੇ ਪੁੱਤਰ ਨੂੰ ਆਪਣੇ ਹੱਥਾਂ ’ਚ ਰੱਖਣ ਦੀ ਕੋਸ਼ਿਸ਼ ਵਿਚ ਇਸ ਹੱਦ ਤੱਕ ਡਿੱਗ ਗਈ ਸੀ ਕਿ ਉਹ ਨੀਰੋ ਨਾਲ ਸਰੀਰਕ ਸਬੰਧ ਬਣਾਉਣ ਤੋਂ ਵੀ ਝਿਝਕੀ ਨਹੀਂ ਸੀ।
ਨੀਰੋ ਅਤੇ ਉਸ ਦੀ ਮਾਂ ਵਿਚਾਲੇ ਸਰੀਰਕ ਸੰਬੰਧ ਹੋਣ ਬਾਰੇ ਕੋਈ ਇਤਿਹਾਸਕ ਸਬੂਤ ਮੌਜੂਦ ਨਹੀਂ ਹਨ, ਪਰ ਸਰੋਤ ਮੁਤਾਬਕ ਜਦੋਂ ਨੀਰੋ ਵਲੋਂ ਭੇਜੇ ਗਏ ਜੱਲਾਦ ਅਗਰੀਪੀਨਾ ਕੋਲ ਪਹੁੰਚੇ ਤਾਂ ਉਸ ਨੇ ਆਪਣੇ ਢਿੱਡ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਸ ਨੂੰ ਇੱਥੇ ਚਾਕੂ ਮਾਰਿਆ ਜਾਵੇ ਜਿੱਥੇ ਕਿ ਨੀਰੋ ਦਾ ਪਾਪ ਪੱਲ ਰਿਹਾ ਹੈ। ਇਸ ਗੱਲ ਤੋਂ ਸੱਚਾਈ ਦਾ ਕੁੱਝ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਮਾਰੀਆ ਅਨੁਸਾਰ ਨੀਰੋ ਨੇ ਬਚਪਨ ਤੋਂ ਹੀ ਸੱਤਾ ਸੰਘਰਸ਼ ਦਾ ਮਾਹੌਲ ਵੇਖਿਆ ਸੀ, ਜਿਸ ਕਰ ਕੇ ਉਸ ਦੀ ਸ਼ਖ਼ਸੀਅਤ ਅਤੇ ਵਿਚਾਰਾਂ ’ਤੇ ਇਸ ਦਾ ਡੂੰਘਾ ਪ੍ਰਭਾਵ ਪਿਆ ਸੀ। ਜਿਸ ਦੌਰ ’ਚ ਨੀਰੋ ਨੇ ਹੋਸ਼ ਸੰਭਾਲਿਆ ਸੀ, ਉਸ ਦੌਰ ਬਾਰੇ ਮਾਰੀਆ ਦਾ ਕਹਿਣਾ ਹੈ ਕਿ ਅਸੀਂ ਪਹਿਲੀ ਸ਼ਤਾਬਦੀ ਦੇ ਬਾਰੇ ਗੱਲ ਕਰ ਰਹੇ ਹਾਂ, ਜਦੋਂ ਰੋਮ ਸਾਮਰਾਜ ਯੂਰਪ ’ਚ ਬ੍ਰਿਟੇਨ ਤੋਂ ਲੈ ਕੇ ਏਸ਼ੀਆ ’ਚ ਸੀਰੀਆ ਤੱਕ ਫੈਲਿਆ ਹੋਇਆ ਸੀ।
ਪਰ ਇਹ ਵਿਸ਼ਾਲ ਸਲਤਨਤ ਸਥਿਰ ਨਹੀਂ ਸੀ ਅਤੇ ਇੱਕ ਸੁਤੰਤਰ ਰਾਜ ਮੁਖੀ, ਸੈਨੇਟ ਦੀ ਮਦਦ ਨਾਲ ਇਸ ਨੂੰ ਚਲਾਉਂਦਾ ਸੀ। ਰੋਮਨ ਬਾਦਸ਼ਾਹਤ ਦੇ ਪਹਿਲੇ ਰਾਜਾ ਆਗਸਟਸ ਨੇ ਇਸ ਸਾਮਰਾਜ ’ਚ ਸੱਤਾ ’ਚ ਬੈਠੇ ਲੋਕਾਂ ’ਚ ਬਰਾਬਰੀ ਦਾ ਵਿਚਾਰ ਪੇਸ਼ ਕੀਤਾ ਸੀ।
ਰੋਮ ਦੇ ਪਹਿਲੇ ਬਾਦਸ਼ਾਹ ਅਗਸਟਸ ਸੀਜ਼ਰ ਨੇ ਜੋ ਪ੍ਰਣਾਲੀ ਸ਼ੁਰੂ ਕੀਤੀ ਸੀ, ਉਸ ’ਚ ਪੀੜ੍ਹੀ ਦਰ ਪੀੜ੍ਹੀ ਜੂਲੀਅਸ ਕਲੋਡੀਅਸ ਸੀਜ਼ਰ ਪਰਿਵਾਰ ’ਚ ਹੀ ਸੱਤਾ ਰੱਖਣਾ ਚਾਹੁੰਦੇ ਸਨ। ਜਿਸ ਦੇ ਨਤੀਜੇ ਵਜੋਂ ਸੱਤਾ ਹਾਸਲ ਕਰਨ ਦੀ ਹੋੜ ’ਚ ਪਰਿਵਾਰ ’ਚ ਸੰਘਰਸ਼ ਸ਼ੁਰੂ ਹੋ ਗਿਆ ਸੀ।
ਸੱਤਾ ਹਾਸਲ ਕਰਨ ਦੇ ਮਕਸਦ ਨਾਲ ਪਰਿਵਾਰ ’ਚ ਵਿਆਹ, ਬੱਚੇ ਗੋਦ ਲੈਣਾ, ਤਲਾਕ, ਦੇਸ਼ ਨਿਕਾਲਾ, ਜਲਾਵਤਨੀ ਤੋਂ ਇਲਾਵਾ ਆਪਣੇ ਵਿਰੋਧੀ ਨੂੰ ਰਸਤੇ ਤੋਂ ਹਟਾਉਣ ਲਈ ਹਰ ਤਰ੍ਹਾਂ ਦੀਆਂ ਤਰਕੀਬਾਂ, ਰਣਨੀਤੀਆਂ ਦੀ ਵਰਤੋਂ ਕੀਤੀ ਜਾਂਦੀ ਸੀ।

ਨੀਰੋ ਦੀ ਦਾਦੀ ਨੂੰ ਕੈਦ ਖ਼ਾਨੇ ’ਚ ਪਾ ਦਿੱਤਾ ਗਿਆ ਸੀ

ਤੀਜੇ ਬਾਦਸ਼ਾਹ ਦੇ ਸ਼ਾਸਨਕਾਲ ਦੌਰਾਨ ਨੀਰੋ ਦੀ ਮਾਂ ਨੂੰ ਜਲਾਵਤਨੀ ਕੀਤਾ ਗਿਆ ਸੀ। ਕਲੋਡੀਅਸ ਦੇ ਸ਼ਾਸਨਕਾਲ ਦੌਰਾਨ ਨੀਰੋ ਦੀ ਮਾਂ ਦੀ ਦੇਸ਼ ਵਾਪਸੀ ਸੰਭਵ ਹੋਈ ਸੀ। ਫਿਰ ਨੀਰੋ ਦੀ ਮਾਂ ਨੇ ਸਮਰਾਟ ਕਲੋਡੀਅਸ, ਜੋ ਕਿ ਉਸ ਦੇ ਚਾਚਾ ਲੱਗਦੇ ਸਨ, ਨਾਲ ਵਿਆਹ ਕਰ ਕੇ ਸ਼ਾਹੀ ਪਰਵਾਰ ’ਚ ਆਪਣੀ ਜਗ੍ਹਾ ਬਣਾ ਲਈ ਸੀ।
ਨੀਰੋ ਦੀ ਸ਼ਖ਼ਸੀਅਤ ਅਤੇ ਚਰਿੱਤਰ ਬਾਰੇ ਸਾਊਥ ਹੈਮਪਟਨ ਯੂਨੀਵਰਸਿਟੀ ਦੀ ਪ੍ਰੋਫੈਸਰ ਸੁਸ਼ਮਾ ਮਲਿਕ ਅਨੁਸਾਰ, ਰੋਮਨ ਸਾਮਰਾਜ ਦੇ ਚੌਥੇ ਸਮਰਾਟ ਕਲੋਡੀਅਸ ਨੇ ਸਾਲ 41 ਤੋਂ 54 ਈਸਵੀ ਤੱਕ ਸ਼ਾਸਨ ਕੀਤਾ ਸੀ। ਆਪਣੇ ਸ਼ਾਸਨਕਾਲ ਦੇ ਆਖਰੀ ਦਿਨਾਂ ’ਚ ਕਲੋਡੀਅਸ ਆਪਣੀਆਂ ਪਤਨੀਆਂ, ਜਿੰਨ੍ਹਾਂ ’ਚ ਨੀਰੋ ਦੀ ਮਾਂ ਅਗਰੀਪੀਨਾ ਵੀ ਸ਼ਾਮਲ ਸੀ, ’ਤੇ ਬਹੁਤ ਨਿਰਭਰ ਹੋ ਗਏ ਸਨ।
ਸੁਸ਼ਮਾ ਮਲਿਕ ਦੇ ਅਨੁਸਾਰ ਇੰਨ੍ਹਾਂ ਪਤਨੀਆਂ ’ਚ ਇਕ ਬਹੁਤ ਹੀ ਬਦਨਾਮ ਔਰਤ’ ਮੁਸਲੀਨਾ ਦੇ ਬਾਰੇ ਇਤਿਹਾਸ ਦੀਆਂ ਕਿਤਾਬਾਂ ’ਚ ਲਿਖਿਆ ਹੈ ਕਿ ਉਸ ਨੇ ਕਲੋਡੀਅਸ ਦੇ ਚਾਰੇ ਪਾਸੇ ਆਪਣੇ ਵਫ਼ਾਦਾਰ ਲੋਕਾਂ ਦਾ ਜਾਲ ਵਿਛਾਇਆ ਹੋਇਆ ਸੀ। ਉਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਸੈਨੇਟਰਾਂ ਨਾਲ ਸਰੀਰਕ ਸਬੰਧ ਵੀ ਬਣਾਉਂਦੀ ਸੀ ਅਤੇ ਆਪਣੀ ਹਵਸ ਨੂੰ ਸ਼ਾਂਤ ਕਰਨ ਲਈ ਉਹ ਆਪਣੇ ਅਹੁਦੇ ਦੀ ਵੀ ਪਰਵਾਹ ਨਹੀਂ ਕਰਦੀ ਸੀ। ਇਤਿਹਾਸ ਦਰਸਾਉਂਦਾ ਹੈ ਕਿ ਕਲੋਡੀਅਸ ਉਸ ਤੋਂ ਬਹੁਤ ਪ੍ਰਭਾਵਿਤ ਸਨ।
ਨੀਰੋ ਅਤੇ ਕਲੋਡੀਅਸ ਦੇ ਦੌਰ ਦੀ ਤੁਲਨਾ ਕਰਦਿਆਂ ਸੁਸ਼ਮਾ ਮਲਿਕ ਦਾ ਕਹਿਣਾ ਹੈ ਕਿ ਨੀਰੋ ਦੇ ਸ਼ੁਰੂਆਤੀ ਦਿਨਾਂ ’ਚ ਉਸ ਦੇ ਆਸ-ਪਾਸ ਕੁਝ ਚੰਗੇ ਲੋਕ ਮੌਜੂਦ ਸਨ, ਜਿੰਨ੍ਹਾਂ ’ਚ ਸੇਨੇਕਾ ਅਤੇ ਅਫਰੇਕਸ ਬਰੂਸ ਨਾਂਅ ਦਾ ਇੱਕ ਪ੍ਰੀਫੈਕਟ ਸ਼ਾਮਲ ਸੀ।

ਨੀਰੋ ਨੇ ਆਪਣੀਆਂ ਪਤਨੀਆਂ ਦਾ ਕਤਲ ਕੀਤਾ

ਨੀਰੋ ਨੇ ਆਪਣੀਆਂ ਪਤਨੀਆਂ ਦਾ ਕਤਲ ਕਰਵਾਇਆ ਸੀ। ਜਦੋਂ ਨੀਰੋ ਆਪਣੀ ਪਹਿਲੀ ਪਤਨੀ ਆਕਟੀਵੀਆ ਤੋਂ ਤੰਗ ਪਰੇਸ਼ਾਨ ਹੋ ਗਿਆ ਸੀ ਤਾਂ ਉਸ ਨੇ ਉਸ ਨੂੰ ਜਲਾਵਤਨੀ ਦੀ ਸਜ਼ਾ ਸੁਣਾਈ ਅਤੇ ਉਸ ਨੂੰ ਮਾਰਨ ਦੇ ਹੁਕਮ ਵੀ ਜਾਰੀ ਕੀਤੇ ਸਨ। ਉਸ ਤੋਂ ਬਾਅਦ ਨੀਰੋ ਨੂੰ ਪੋਪੀਆ ਨਾਲ ਪਿਆਰ ਹੋ ਗਿਆ ਅਤੇ ਉਨ੍ਹਾਂ ਦੋਵਾਂ ਨੇ ਵਿਆਹ ਕੀਤਾ ਸੀ। ਜਦੋਂ ਪੋਪੀਆ ਗਰਭਵਤੀ ਸੀ ਤਾਂ ਇੱਕ ਦਿਨ ਗੁੱਸੇ ’ਚ ਆ ਕੇ ਨੀਰੋ ਨੇ ਉਸ ਦਾ ਵੀ ਕਤਲ ਕਰ ਦਿੱਤਾ ਸੀ।

ਸੁਨਹਿਰੀ ਯੁੱਗ

ਪ੍ਰਾਚੀਨ ਰੋਮ ’ਚ ਸੈਨੇਟ, ਪ੍ਰਸ਼ਾਸਨਿਕ ਅਤੇ ਸਲਾਹਕਾਰ ਸੰਸਥਾ ਮੌਜੂਦ ਸੀ। ਨੀਰੋ ਨੇ ਰੋਮਨ ਸੈਨੇਟ ਨੂੰ ਮਜ਼ਬੂਤ ਬਣਾਇਆ ਸੀ ਅਤੇ ਰੋਮਨ ਫ਼ੌਜ ਨੂੰ ਆਪਣੇ ਨਾਲ ਰਖਿਆ ਸੀ ਅਤੇ ਹਮੇਸ਼ਾ ਉਨ੍ਹਾਂ ਨੂੰ ਸੰਤੁਸ਼ਟ ਰੱਖਿਆ। ਇਸ ਤੋਂ ਇਲਾਵਾ ਖੇਡ ਮੁਕਾਬਲੇ ਆਯੋਜਿਤ ਕਰਵਾ ਕੇ ਆਮ ਲੋਕਾਂ ’ਚ ਪ੍ਰਸਿੱਧੀ ਹਾਸਲ ਕੀਤੀ। ਪਰ ਸ਼ੁਰੂਆਤੀ ਦੌਰ ਦੌਰਾਨ ਦੀਆਂ ਇਹ ਸਫ਼ਲਤਾਵਾਂ ਨੀਰੋ ਦੇ ਬਾਕੀ ਦੇ ਸ਼ਾਸਨਕਾਲ ਦੌਰਾਨ ਵਾਪਰੀਆਂ ਭਿਆਨਕ ਹਿੰਸਕ ਘਟਨਾਵਾਂ ਅਤੇ ਜ਼ੁਲਮ ਹੇਠ ਦੱਬ ਕੇ ਹੀ ਰਹਿ ਗਈਆਂ ਸਨ।
ਨੀਰੋ ਆਪਣੀ ਭੂਮਿਕਾ ਕਾਰਨ, ਇਤਿਹਾਸ ਅਤੇ ਸਾਹਿਤ ਦੇ ਪੰਨਿ੍ਹਆਂ ’ਚ ਬੁਰਾਈ ਅਤੇ ਜ਼ੁਲਮ ਦਾ ਪ੍ਰਤੀਕ ਬਣ ਕੇ ਰਹਿ ਗਿਆ । ਪ੍ਰੋਫ਼ੈਸਰ ਸੁਸ਼ਮਾ ਮਲਿਕ ਅਨੁਸਾਰ, ਨੀਰੋ ਨੇ ਆਪਣੇ ਸ਼ੁਰੂਆਤੀ ਦਿਨਾਂ ’ਚ ਸੈਨੇਟ ਨੂੰ ਭਰੋਸਾ ਦਿੱਤਾ ਸੀ ਕਿ ਜਿਸ ਤਰ੍ਹਾਂ ਕਲੋਡੀਅਸ ਦੇ ਸ਼ਾਸਨ ਕਾਲ ਦੌਰਾਨ ਸੈਨੇਟ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ, ਉਹ ਸਭ ਉਨ੍ਹਾਂ ਦੇ ਰਾਜਕਾਲ ਦੌਰਾਨ ਨਹੀਂ ਹੋਵੇਗਾ ਅਤੇ ਰਾਜ ਦੇ ਮਾਮਲਿਆਂ ’ਚ ਇਸ ਸੰਸਥਾ ਦੀ ਮਹੱਤਤਾ ਨੂੰ ਮੁੜ ਬਹਾਲ ਕੀਤਾ ਜਾਵੇਗਾ।
ਨੀਰੋ ਨੇ ਇਹ ਵੀ ਸਮਝਾਉਣ ਦਾ ਯਤਨ ਕੀਤਾ ਕਿ ਬਗ਼ਾਵਤ ਦੇ ਮੁੱਕਦਮੇ ਨਹੀਂ ਕੀਤੇ ਜਾਣਗੇ, ਜਿੰਨ੍ਹਾਂ ਦੇ ਜ਼ਰੀਏ ਸੈਨੇਟ ਦੇ ਮੈਂਬਰ ਇਕ ਦੂਜੇ ਦੇ ਖ਼ਿਲਾਫ਼ ਸਾਜਿਸ਼ ਘੜਦੇ ਸਨ। ਸੁਸ਼ਮਾ ਮਲਿਕ ਦੇ ਅਨੁਸਾਰ ਨੀਰੋ ਨੇ ਆਪਣੇ ਸ਼ਾਸਨ ਦੇ ਸ਼ੁਰੂਆਤੀ ਦਿਨਾਂ ’ਚ ਸੈਨੇਟ ਦੇ ਵਿਸ਼ਵਾਸ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਯਕੀਨ ਦਿਵਾਇਆ ਕਿ ਉਹ ਸੈਨੇਟ ਅਤੇ ਰੋਮ ਦੇ ਲੋਕਾਂ ਲਈ ਇੱਕ ਬਿਹਤਰ ਸ਼ਾਸਕ ਸਾਬਤ ਹੋਣਗੇ।
ਸੁਸ਼ਮਾ ਮਲਿਕ ਮੁਤਾਬਕ ਇਸ ਦੇ ਨਾਲ ਹੀ ਨੀਰੋ ਨੇ ਰੋਮ ਦੇ ਲੋਕਾਂ ਨੂੰ ਖੁਸ਼ ਕਰਨ ਲਈ ਸੰਨ 54 ਈਸਵੀ ’ਚ ਯੂਨਾਨ ਤਰ੍ਹਾਂ ਵੱਡੇ ਪੱਧਰ ’ਤੇ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਸੀ। ਇੰਨ੍ਹਾਂ ਖੇਡਾਂ ’ਚ ਲੋਕਾਂ ਦੇ ਮਨੋਰੰਜਨ ਦਾ ਵੀ ਖਾਸ ਧਿਆਨ ਰਖਿਆ ਗਿਆ ਸੀ, ਜਿਵੇਂ ਕਿ ਸਰਕਸ ਆਦਿ।
ਬ੍ਰਿਟੇਨ ਦੀ ਸੇਂਟ ਜੋਨਜ਼ ਕਾਲਜ ਯੂਨੀਵਰਸਿਟੀ ਦੇ ਪ੍ਰੋ. ਮੈਥਿਊ ਨਿਕੋਲਸ ਇਤਿਹਾਸਕ ਹਵਾਲਿਆਂ ਨਾਲ ਇਸ ਦੀ ਪੁਸ਼ਟੀ ਕਰਦੇ ਹਨ ਕਿ ਨੀਰੋ ਦੇ ਸ਼ਾਸਨਕਾਲ ਦੇ ਸ਼ੁਰੂਆਤੀ ਦਿਨਾਂ ਨੂੰ ਰੋਮ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਸਮੇਂ ’ਚ ਵੀ ਜਿਸ ਤਰ੍ਹਾਂ ਹਾਕਮ ਆਪਣੇ ਸ਼ੁਰੂਆਤੀ ਦਿਨਾਂ ’ਚ ਅਜਿਹੇ ਕੰਮ ਕਰਦੇ ਹਨ ਜਾਂ ਫ਼ੈਸਲੇ ਲੈਂਦੇ ਹਨ, ਜਿਸ ਨਾਲ ਕਿ ਆਮ ਜਨਤਾ ’ਚ ਉਨ੍ਹਾਂ ਦੀ ਪ੍ਰਸਿੱਧੀ ਵੱਧਦੀ ਹੈ, ਪਰ ਹੌਲੀ-ਹੌਲੀ ਉਨ੍ਹਾਂ ਦੇ ਸ਼ਾਸਨ ਕਰਨ ਦੇ ਤਰੀਕੇ ਕਾਰਨ ਉਨ੍ਹਾਂ ਦੀ ਪ੍ਰਸਿੱਧੀ ਖ਼ਤਮ ਹੋ ਜਾਂਦੀ ਹੈ। ਪਰ ਨੀਰੋ ਦੀ ਲੋਕਪ੍ਰੀਯਤਾ ਕਾਫ਼ੀ ਹੱਦ ਤੱਕ ਉਨ੍ਹਾਂ ਦੇ ਆਖਰੀ ਦਿਨਾਂ ਤੱਕ ਬਣੀ ਰਹੀ ਸੀ।
ਨੀਰੋ ਨੂੰ ਆਪਣੇ ਸ਼ਾਸਨਕਾਲ ਦੌਰਾਨ ਜਿੰਨ੍ਹਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ, ਉਨ੍ਹਾਂ ਬਾਰੇ ਗੱਲ ਕਰਦਿਆਂ ਮੈਥਿਊ ਕਹਿੰਦੇ ਹਨ ਕਿ ਉਹ ਜੂਲੀਅਸ ਕਲੋਡੀਅਸ ਖ਼ਾਨਦਾਨ ਦੇ ਪੰਜਵੇਂ ਅਤੇ ਆਖਰੀ ਸ਼ਾਸਕ ਸਨ।

ਜਦੋਂ ਰੋਮ ’ਚ ਅੱਗ ਲੱਗੀ ਹੋਈ ਸੀ, ਉਸ ਸਮੇਂ ਕੀ ਨੀਰੋ ਸੱਚਮੁੱਚ ਬੰਸਰੀ ਵਜਾ ਰਿਹਾ ਸੀ?

64ਵੀਂ ਈਸਵੀ ’ਚ ਰੋਮ ਪੂਰੀ ਤਰ੍ਹਾਂ ਨਾਲ ਅੱਗ ਦੇ ਹਵਾਲੇ ਹੋ ਗਿਆ ਸੀ। ਅਫ਼ਵਾਹ ਇਹ ਸੀ ਕਿ ਇਹ ਅੱਗ ਸਮਰਾਟ ਨੀਰੋ ਵੱਲੋਂ ਲਗਵਾਈ ਗਈ ਸੀ ਅਤੇ ਬਾਅਦ ’ਚ ਇਹ ਕਿਹਾ ਜਾਣ ਲੱਗਾ ਕਿ ਜਦੋਂ ਰੋਮ ਅੱਗ ਦੀਆਂ ਲਪਟਾਂ ’ਚ ਘਿਰਿਆ ਹੋਇਆ ਸੀ ਉਸ ਸਮੇਂ ਨੀਰੋ ਬੰਸਰੀ ਵਜਾ ਰਿਹਾ ਸੀ।
ਅੱਗ ਲੱਗਣ ਦੀ ਘਟਨਾ ਬਾਰੇ ਸੁਸ਼ਮਾ ਮਲਿਕ ਦਾ ਕਹਿਣਾ ਹੈ ਕਿ ਦੂਜੀ ਅਤੇ ਤੀਜੀ ਸਦੀ ਦੇ ਘੱਟ ਤੋਂ ਘੱਟ ਦੋ ਇਤਿਹਾਸਕਾਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨੀਰੋ ਨੇ ਖ਼ੁਦ ਰੋਮ ਨੂੰ ਅੱਗ ਲਗਾਈ ਸੀ, ਤਾਂ ਕਿ ਇਸ ਦਾ ਮੁੜ ਤੋਂ ਨਿਰਮਾਣ ਕੀਤਾ ਜਾ ਸਕੇ। ਨੀਰੋ ਆਪਣੇ ਮਸ਼ਹੂਰ ਗੋਲਡਨ ਹਾਊਸ ਦਾ ਨਿਰਮਾਣ ਕਰਵਾਉਣਾ ਚਾਹੁੰਦਾ ਸੀ।

ਇਹ ਵੀ ਪੜ੍ਹੋ : ਮਰੀ ਹੋਈ ਜ਼ਮੀਰ ਵਾਲੇ, ਬੇ-ਕਦਰੇ, ਨਾ-ਸ਼ੁਕਰੇ ਬੰਦੇ ਦੀ ਅਧੀਨਗੀ ਮੈਨੂੰ ਕਬੂਲ ਨਹੀਂ।’’

ਪਰ ਕੁਝ ਇਤਿਹਾਸਕਾਰ ਨੀਰੋ ਦੇ ਹੱਕ ’ਚ ਦਲੀਲ ਦਿੰਦੇ ਹਨ ਕਿ ਇਹ ਅੱਗ ਉਸ ਨੇ ਨਹੀਂ ਲਗਵਾਈ ਸੀ, ਕਿਉਂਕਿ ਉਸ ਦਾ ਆਪਣਾ ਮਹਿਲ ਵੀ ਇਸ ਅੱਗ ਦੀ ਲਪੇਟ ’ਚ ਆ ਗਿਆ ਸੀ। ਸੁਸ਼ਮਾ ਮਲਿਕ ਦੇ ਅਨੁਸਾਰ, ਉਸੇ ਦੌਰ ਦੇ ਇੱਕ ਹੋਰ ਇਤਿਹਾਸਕਾਰ ਟੈਸੀਟਸ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਅਫ਼ਵਾਹ ਸੀ ਕਿ ਨੀਰੋ ਨੇ ਖ਼ੁਦ ਹੀ ਸ਼ਹਿਰ ਨੂੰ ਅੱਗ ਲਗਵਾਈ ਸੀ। ਇਹ ਗੱਲ ਹਾਸੋਹੀਣੀ ਲੱਗਦੀ ਹੈ ਕਿ ਨੀਰੋ ਨੇ ਕੁਝ ਅਜਿਹਾ ਕੀਤਾ ਹੋਵੇਗਾ।
ਨੀਰੋ ਨੇ ਬਾਅਦ ’ਚ ਸ਼ਹਿਰ ਦਾ ਬਹੁਤ ਹੀ ਬਿਹਤਰ ਢੰਗ ਨਾਲ ਨਿਰਮਾਣ ਕਰਵਾਇਆ ਸੀ। ਚੌੜੀਆਂ ਸੜਕਾਂ ਬਣਾਈਆਂ ਗਈਆਂ ਸਨ ਤਾਂ ਜੋ ਮੁੜ ਅਜਿਹੀ ਘਟਨਾ ਨਾ ਵਾਪਰ ਸਕੇ ਅਤੇ ਜੇ ਕੁਝ ਅਜਿਹਾ ਹੋਵੇ ਤਾਂ ਤੇਜ਼ੀ ਨਾਲ ਅੱਗ ਫੈਲ ਨਾ ਸਕੇ। ਇਸ ਦੇ ਨਾਲ ਹੀ ਬਿਹਤਰ ਨਿਰਮਾਣ ਸਮੱਗਰੀ ਦੀ ਵੀ ਵਰਤੋਂ ਕੀਤੀ ਗਈ ਸੀ।
ਮਾਹਰ ਮੈਥਿਊ ਅਨੁਸਾਰ ਦੋ ਇਤਿਹਾਸਕ ਸਰੋਤ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸ਼ਹਿਰ ’ਚ ਅੱਗ ਨੀਰੋ ਨੇ ਹੀ ਲਗਵਾਈ ਸੀ। ਉਨ੍ਹਾਂ ਦੀ ਦਲੀਲ ਹੈ ਕਿ ਜਦੋਂ ਸ਼ਹਿਰ ਅੱਗ ਦੀਆਂ ਲਪਟਾਂ ਨਾਲ ਘਿਰਿਆ ਹੋਇਆ ਸੀ, ਉਸ ਸਮੇਂ ਨੀਰੋ ਨੇ ਇੱਕ ਵਿਸ਼ੇਸ਼ ਪਹਿਰਾਵਾ ਪਾ ਕੇ ਗਾਉਣਾ ਸ਼ੁਰੂ ਕਰ ਦਿੱਤਾ ਸੀ।
ਇਹ ਗੱਲ ਕਿੰਨ੍ਹੀ ਕੁ ਸਹੀ ਹੈ ਇਸ ਬਾਰੇ ਮੈਥਿਊ ਦਾ ਕਹਿਣਾ ਹੈ ਕਿ ਬੰਸਰੀ ਦੀ ਕਾਢ ਸੱਤਵੀਂ ਸਦੀ ’ਚ ਹੋਈ ਸੀ ਅਤੇ ਨੀਰੋ ਦੇ ਸਮੇਂ ’ਚ ਬੰਸਰੀ ਹੈ ਹੀ ਨਹੀਂ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਨੀਰੋ ਇੱਕ ਸੰਗੀਤ ਯੰਤਰ ਵਜਾਇਆ ਕਰਦਾ ਸੀ, ਜਿਸ ਨੂੰ ਲਾਈਰੇ ਕਿਹਾ ਜਾਂਦਾ ਹੈ।

ਨੀਰੋ ਨੇ ਈਸਾਈ ਭਾਈਚਾਰੇ ’ਤੇ ਰੋਮ ’ਚ ਅੱਗ ਲਗਾਉਣ ਦਾ ਦੋਸ਼ ਲਗਾਇਆ ਸੀ


ਨੀਰੋ ਨੇ ਘੱਟ ਗਿਣਤੀ ਈਸਾਈ ਭਾਈਚਾਰੇ ਨੂੰ ਅੱਗ ਲਗਾਉਣ ਲਈ ਅਸਲ ਜ਼ਿੰਮੇਵਾਰ ਠਹਿਰਾਇਆ ਸੀ। ਸੁਸ਼ਮਾ ਮਲਿਕ ਦਾ ਕਹਿਣਾ ਹੈ ਕਿ ਟੇਸੀਟਸ ਲਿਖਦੇ ਹਨ ਕਿ ਉਸ ਸਮੇਂ ਰੋਮ ’ਚ ਈਸਾਈ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ ਅਤੇ ਆਮ ਲੋਕ ਈਸਾਈਆਂ ਦੇ ਧਾਰਮਿਕ ਵਿਸ਼ਵਾਸਾਂ ਤੋਂ ਬਹੁਤ ਘੱਟ ਜਾਣੂ ਸਨ ਅਤੇ ਉਹ ਈਸਾਈ ਲੋਕਾਂ ਨੂੰ ਨਫ਼ਰਤ ਕਰਦੇ ਸਨ।
ਇਸ ਲਈ ਈਸਾਈਆਂ ਨੂੰ ਇਸ ਘਟਨਾ ਦਾ ਜ਼ਿੰਮੇਵਾਰ ਠਹਿਰਾਉਣਾ ਬਹੁਤ ਹੀ ਸੌਖਾ ਸੀ ਅਤੇ ਆਮ ਲੋਕਾਂ ਨੇ ਵੀ ਇਸ ’ਤੇ ਬਹੁਤ ਹੀ ਆਸਾਨੀ ਨਾਲ ਵਿਸ਼ਵਾਸ ਕਰ ਲਿਆ ਸੀ। ਨੀਰੋ ਨੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਅੱਗ ਲਗਾਉਣ ਦੀ ਸਜ਼ਾ ਵਜੋਂ ਆਪਣੇ ਜ਼ੁਲਮ ਦਾ ਨਿਸ਼ਾਨਾ ਬਣਾਇਆ। ਉਨ੍ਹਾਂ ਨੂੰ ਜਨਤਕ ਤੌਰ ’ਤੇ ਫ਼ਾਂਸੀ ਦਿਤੀ ਗਈ, ਜੰਗਲੀ ਬਘਿਆੜਾਂ ਅੱਗੇ ਸੁੱਟਿਆ ਗਿਆ, ਰਾਤ ਦੇ ਸਮੇਂ ਜ਼ਿੰਦਾ ਸਾੜਿਆ ਗਿਆ ਅਤੇ ਇਹ ਸਭ ਵੇਖਣ ਲਈ ਆਮ ਲੋਕਾਂ ਨੂੰ ਇੱਕਠਾ ਵੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਅਮਰੀਕਾ ਦਾ ਖ਼ੋਜੀ

ਅੱਗ ਦੀ ਇਸ ਘਟਨਾ ਤੋਂ ਬਾਅਦ ਨੀਰੋ ਨੇ ਇੱਕ ਵਿਸ਼ਾਲ ਮਹਿਲ ਬਣਵਾਇਆ। ਕਿਹਾ ਜਾਂਦਾ ਹੈ ਕਿ ਇਸ ’ਚ ਇੱਕ ਗੋਲਡਨ ਰੂਮ ਸੀ, ਜਿਸ ’ਚ ਸ਼ਾਨਦਾਰ ਫ਼ਰਨੀਚਰ ਮੌਜੂਦ ਸੀ ਅਤੇ ਕਮਰੇ ’ਚ ਖੁਸ਼ਬੂ ਦੇ ਲਈ ਕੰਧਾਂ ਦੇ ਅੰਦਰ ਹੀ ਪਰਫਿਊਮ ਦੀਆਂ ਪਾਈਪਾਂ ਲਗਾਈਆਂ ਗਈਆਂ ਸਨ। ਇਸ ਮਹਿਲ ਦੇ ਨਿਰਮਾਣ ਲਈ ਬਹੁਤ ਸਾਰੇ ਸਰੋਤ ਖ਼ਰਚ ਕੀਤੇ ਗਏ ਸਨ, ਪਰ ਇਹ ਕਦੇ ਵੀ ਮੁਕੰਮਲ ਨਾ ਹੋ ਸਕਿਆ।
ਇੱਕ ਅਜਿਹਾ ਸ਼ਹਿਰ ਜੋ ਅੱਗ ਨਾਲ ਨੁਕਸਾਨੀ ਗਈ ਆਪਣੀ ਹੋਂਦ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉੱਥੋਂ ਦੇ ਲੋਕ ਇਸ ਮਹਿਲ ਦੀ ਉਸਾਰੀ ਤੋਂ ਖ਼ੁਸ਼ ਨਹੀਂ ਸਨ। ਉਨ੍ਹਾਂ ਲੋਕਾਂ ਨੂੰ ਜ਼ਾਹਰ ਤੌਰ ’ਤੇ ਕਿਹਾ ਗਿਆ ਸੀ ਕਿ ਇਸ ਮਹਿਲ ਨੂੰ ਉਨ੍ਹਾਂ ਲਈ ਖੋਲ੍ਹਿਆ ਜਾਵੇਗਾ ਅਤੇ ਖੇਡ ਮੁਕਾਬਲੇ ਅਤੇ ਸਮਾਗਮਾਂ ਦਾ ਆਯੋਜਨ ਵੀ ਕੀਤਾ ਜਾਵੇਗਾ।

ਨੀਰੋ ਨੇ ਅਦਾਕਾਰੀ ਲਈ ਯੂਨਾਨ ਦਾ ਕੀਤਾ ਰੁਖ਼

ਨੀਰੋ ਨੂੰ ਸੰਗੀਤ ਯੰਤਰ ਲਾਈਰੇ ਵਜਾਉਣ ਅਤੇ ਗਾਉਣ ਦਾ ਸ਼ੌਕ ਸੀ। ਨੀਰੋ ਨੇ ਮੰਚ ’ਤੇ ਵੀ ਅਦਾਕਾਰੀ ਕੀਤੀ ਸੀ ਪਰ ਸੈਨੇਟ ਦੀਆਂ ਨਜ਼ਰਾਂ ’ਚ ਇੱਕ ਬਾਦਸ਼ਾਹ ਦਾ ਅਜਿਹਾ ਸ਼ੌਕ ਰੋਮਨ ਆਗੂ ਦੇ ਰੁਤਬੇ ਦੇ ਖ਼ਿਲਾਫ਼ ਸੀ। ਪਰ ਨੀਰੋ ਨੂੰ ਕਿਸੇ ਦੀ ਸੋਚ ਦੀ ਕੋਈ ਪਰਵਾਹ ਨਹੀਂ ਸੀ। ਉਹ ਇੱਕ ਸਾਲ ਦੀ ਛੁੱਟੀ ਲੈ ਕੇ ਯੂਨਾਨ ਚਲਾ ਗਿਆ। ਜਿੱਥੇ ਨੀਰੋ ਨੇ ਥੀਏਟਰ ’ਚ ਅਦਾਕਾਰੀ ਦੇ ਮੁਕਾਬਲੇ ’ਚ ਹਿੱਸਾ ਲਿਆ ਸੀ। ਕਿਹਾ ਜਾਂਦਾ ਹੈ ਕਿ ਨੀਰੋ ਜਦੋਂ ਵੀ ਕਿਸੇ ਦਰਦ ਭਰੀ ਕਹਾਣੀ ਨੂੰ ਪੇਸ਼ ਕਰਦਿਆਂ ਮੰਚ ’ਤੇ ਬਤੌਰ ਨਾਇਕ ਆਉਂਦਾ ਤਾਂ ਉਹ ਆਪਣੀ ਦੂਜੀ ਪਤਨੀ ਪੋਪੀਆ ਦਾ ਮਖੌਟਾ ਪਹਿਣ ਲੈਂਦਾ ਸੀ। ਜਿਸ ਦਾ ਮਤਲਬ ਇਹ ਸੀ ਕਿ ਉਹ ਆਪਣੀ ਪਤਨੀ ਪੋਪੀਆ ਦੇ ਕਤਲ ਕਾਰਨ ਦੁਖੀ ਸੀ ਅਤੇ ਉਸ ਨੂੰ ਅਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ।

ਇਸ ਤਰ੍ਹਾਂ ਹੋਈ ਨੀਰੋ ਦੀ ਮੌਤ

30 ਸਾਲ ਦੀ ਉਮਰ ਤੱਕ ਨੀਰੋ ਦਾ ਵਿਰੋਧ ਅਤੇ ਬਦਨਾਮੀ ਸਿਖਰ ’ਤੇ ਸੀ। ਫ਼ੌਜ ਦੀ ਹਿਮਾਇਤ ਨਾਲ ਸੈਨੇਟ ਨੇ ਨੀਰੋ ਨੂੰ ਜਨਤਾ ਦਾ ਦੁਸ਼ਮਣ ਐਲਾਨ ਦਿੱਤਾ ਸੀ, ਜੋ ਕਿ ਇੱਕ ਤਰ੍ਹਾਂ ਨਾਲ ਉਸ ਦੀ ਮੌਤ ਦਾ ਫ਼ੁਰਮਾਨ ਸੀ। ਇਸ ਦਾ ਮਤਲਬ ਇਹ ਸੀ ਕਿ ਨੀਰੋ ਜਿੱਥੇ ਕਿਤੇ ਵੀ ਵਿਖੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਸੁਰੱਖਿਆ ਅਧਿਕਾਰੀ ਉਸ ਦਾ ਪਿੱਛਾ ਕਰ ਰਹੇ ਸਨ, ਪਰ ਨੀਰੋ ਰਾਤ ਦੇ ਹਨੇਰੇ ’ਚ ਉੱਥੋਂ ਭੱਜ ਨਿਕਲਿਆ ਅਤੇ ਸ਼ਹਿਰ ਦੇ ਬਾਹਰੀ ਇਲਾਕੇ ’ਚ ਸਥਿਤ ਆਪਣੇ ਇੱਕ ਮਹਿਲ ’ਚ ਉਸ ਨੇ ਖ਼ੁਦਕੁਸ਼ੀ ਕਰ ਲਈ ਸੀ।

ਕਿਹਾ ਜਾਂਦਾ ਹੈ ਕਿ ਜਦੋਂ ਨੀਰੋ ਨੇ ਆਪਣੀ ਜਾਨ ਲਈ ਸੀ ਤਾਂ, ਉਸ ਦੇ ਆਖਰੀ ਸ਼ਬਦ ਸਨ- ‘ਕੁਵਾਲਿਸ ਆਰਟੀਫੇਕਸ ਪੇਰਿਓ। ਮਾਹਰਾਂ ਦਾ ਕਹਿਣਾ ਹੈ ਕਿ ਨੀਰੋ ਦੇ ਆਖਰੀ ਪਲਾਂ ’ਚ ਕਹੇ ਗਏ ਇੰਨ੍ਹਾਂ ਸਬਦਾਂ ਦੇ ਸਹੀ ਅਰਥ ਕੱਢਣਾ ਮੁਸ਼ਕਲ ਹੈ। ਪਰ ਇਸ ਦੇ ਕਈ ਅਰਥ ਹੋ ਸਕਦੇ ਹਨ। ਜਿਵੇਂ ਮੈਂ ਆਪਣੀ ਮੌਤ ’ਚ ਵੀ ਇਕ ਕਲਾਕਾਰ ਹਾਂ, ਉਹ ਕੀ ਕਲਾਕਾਰ ਜੋ ਕਿ ਮੇਰੇ ਨਾਲ ਹੀ ਮਰ ਜਾਵੇ, ਮੈਂ ਇੱਕ ਵਪਾਰੀ ਦੀ ਤਰ੍ਹਾਂ ਮਰ ਰਿਹਾ ਹਾਂ। ਨੀਰੋ ਦੇ ਇੰਨ੍ਹਾਂ ਸ਼ਬਦਾਂ ਦਾ ਜੋ ਵੀ ਅਰਥ ਹੋਵੇ, ਪਰ ਆਖਰੀ ਸ਼ਬਦ ਵੀ ਉਸ ਦੇ ਚਰਿੱਤਰ ਦੀ ਤਰ੍ਹਾਂ ਨਾਟਕੀ ਹੀ ਸਨ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦੀਓ

 

 

Have something to say? Post your comment

Subscribe