Friday, November 22, 2024
 

ਲਿਖਤਾਂ

ਮਰੀ ਹੋਈ ਜ਼ਮੀਰ ਵਾਲੇ, ਬੇ-ਕਦਰੇ, ਨਾ-ਸ਼ੁਕਰੇ ਬੰਦੇ ਦੀ ਅਧੀਨਗੀ ਮੈਨੂੰ ਕਬੂਲ ਨਹੀਂ।’’

June 06, 2021 04:11 PM

ਈਰਾਨ ਦੇ ਮਹਾਨ ਸੂਫ਼ੀ ਸੰਤ ਸ਼ੇਖ਼ ਸਾਅਦੀ ਨੇ ਰੱਬ ਨੂੰ ਕਿਹਾ ਸੀ ਕਿ ਮੈਂ ਜਗਤ ਦੇ ਸਾਰੇ ਦੁੱਖ ਕਲੇਸ਼ ਅਪਣੀ ਝੋਲੀ ਵਿਚ ਪਾ ਲਵਾਂਗਾ ਪਰ ਇਕ ਦੁੱਖ ਨਾ ਦੇਵੀਂ ਮੈਨੂੰ। ਇਹ ਇਕ ਦੁੱਖ ਮਨਜ਼ੂਰ ਨਹੀਂ। ਜੇਕਰ ਸਾਰੇ ਦੁੱਖ ਕਲੇਸ਼, ਕਸ਼ਟ ਮੈਨੂੰ ਦੇ ਦੇਵੇਂ ਤਾਂ ਮੈਨੂੰ ਰੰਚਕ ਮਾਤਰ ਗਿਲਾ ਨਹੀਂ ਹੋਵੇਗਾ ਪਰ ਇਹ ਇਕ ਦੁੱਖ ਜੋ ਮੈਨੂੰ ਮਨਜ਼ੂਰ ਨਹੀਂ ਜੇਕਰ ਮੈਨੂੰ ਦੇ ਦਿਤਾ ਤਾਂ ਹੋ ਸਕਦੈ, ਮੈਂ ਤੇਰੇ ਉਤੇ ਗਿਲਾ ਕਰਾਂ। ਬੜਾ ਦੁੱਖ ਹੋਵੇਗਾ। ਅੱਜ ਤੇਰੀ ਇਬਾਦਤ ਕਰਦਾ ਹਾਂ, ਕਲ ਤੇਰੇ ’ਤੇ ਗਿਲਾ ਹੋਵੇਗਾ। ਇਹ ਦੁੱਖ ਵੀ ਮੈਨੂੰ ਸਤਾਵੇਗਾ। ਅੱਗੋਂ ਰੱਬ ਨੇ ਕਿਹਾ, ‘‘ਕਿਹੜੀ ਗੱਲ ਮਨਜ਼ੂਰ ਨਹੀਂ ਜਿਸ ਤੋਂ ਤੈਨੂੰ ਐਨੀ ਨਫ਼ਰਤ ਹੈ ਅਤੇ ਗਿਲਾ ਕੀਤਾ ਹੈ?’’ ਸ਼ੇਖ਼ ਸਾਅਦੀ ਕਹਿੰਦਾ, ‘‘ਹੇ ਅੱਲਾ ਤਾਅਲਾ, ਮੈਨੂੰ ਸਾਰੇ ਦੁੱਖ ਮਨਜ਼ੂਰ ਨੇ ਪਰ ਬੇ-ਕਦਰੇ ਬੰਦੇ ਦਾ ਮੁਹਤਾਜ ਨਾ ਬਣਾਵੀਂ। ਮੈਨੂੰ ਉਸ ਦੇ ਅਧੀਨ ਨਾ ਕਰੀਂ। ਉਹ ਬੰਦਾ ਜਿਸ ਨੂੰ ਸੱਚ ਅਤੇ ਝੂਠ ਦੀ ਤਰਫ਼ਦਾਰੀ ਦਾ ਪਤਾ ਨਹੀਂ ਤੇ ਜਿਸ ਨੂੰ ਪਤਾ ਨਾ ਹੋਵੇ ਕਿ ਕੌਮਾਂ ਕੀ ਹੁੰਦੀਆਂ ਹਨ ਤੇ ਅਣਖ ਕੀ ਹੁੰਦੀ ਹੈ? ਕੌਮਾਂ ਦਾ ਇਤਿਹਾਸ ਅਤੇ ਕੁਰਬਾਨੀ ਕੀ ਹੈ? ਮਰੀ ਹੋਈ ਜ਼ਮੀਰ ਵਾਲੇ, ਬੇ-ਕਦਰੇ, ਨਾ-ਸ਼ੁਕਰੇ ਬੰਦੇ ਦੀ ਅਧੀਨਗੀ ਮੈਨੂੰ ਕਬੂਲ ਨਹੀਂ।’’
ਇਸ ਤੋਂ ਸਿੱਧ ਹੁੰਦਾ ਹੈ ਕਿ ਗ਼ੁਲਾਮੀ ਬਹੁਤ ਵੱਡੀ ਪੀੜਾ ਹੈ। ਮੁਰਦਿਆਂ ਵਰਗੀ ਜ਼ਿੰਦਗੀ ਜਿਊਣਾ ਬਹੁਤ ਵੱਡਾ ਕਸ਼ਟ ਹੈ। ਸਿੱਖ ਤਵਾਰੀਖ਼ ਦਸਦੀ ਹੈ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵੇਲੇ ਸੱਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿਤੀਆਂ। ਸੱਭ ਤੋਂ ਜ਼ਿਆਦਾ ਫਾਂਸੀ ਦੇ ਰੱਸੇ ਸਿੱਖਾਂ ਨੇ ਚੁੰਮੇ। ਕਾਲੇ ਪਾਣੀਆਂ ਦੀ ਜ਼ਹਿਮਤ ਭਰੀ ਸਜ਼ਾ ਦੌਰਾਨ ਭੁੱਖੇ ਪਿਆਸੇ ਤਸ਼ੱਦਦ ਦਾ ਸ਼ਿਕਾਰ ਹੋ ਕੇ ਤੜਫ਼-ਤੜਫ਼ ਕੇ ਮਰੇ ਸਿੱਖ। ਮੁਗ਼ਲਾਂ ਅਤੇ ਅੰਗਰੇਜ਼ਾਂ ਤੋਂ ਸੀਨੇ ਵਿਚ ਵੱਧ ਗੋਲੀਆਂ ਸਿੱਖਾਂ ਨੇ ਹੀ ਖਾਧੀਆਂ। ਪਰ ਅਫ਼ਸੋਸ ਕਲਮ ਨੂੰ ਵੀ ਸ਼ਰਮ ਆ ਰਹੀ ਹੈ, ਇਹ ਲਿਖਦਿਆਂ ਕਿ ਮੁਢਲੇ ਹੱਕ ਮੰਗਣ ਉਤੇ ਉਦੋਂ ਤੋਂ ਹੀ ਸੀਨੇ ਗੋਲੀਆਂ, ਲਾਠੀਆਂ ਤੇ ਮਾਰਾਂ ਖਾਂਦੇ ਆ ਰਹੇ ਨੇ ਸਿੱਖ। ‘ਸਾਰੇ ਜਹਾਂ ਸੇ ਅੱਛਾ’ ਗੀਤ ਦਾ ਰਚੇਤਾ ਡਾ. ਮੁਹੰਮਦ ਇਕਬਾਲ , ਅੰਤ ਦੁਖੀ ਹੋ ਕੇ ਇਹ ਵੀ ਲਿਖ ਗਿਆ ਹੈ ਕਿ “ਯੇਹ ਦੇਸ਼ ਨਹੀਂ ਕੋਈ ਕੂਆਂ ਖਾਈ ਜਾਂ ਖਾਤੀ ਹੈ, ਮੁਝੇ ਇਸ ਦੇਸ਼ ਕੋ ਅਪਨਾ ਵਤਨ ਕਹਿਤੇ ਹੂਏ ਸ਼ਰਮ ਆਤੀ ਹੈ।” ਭਾਵ ਮੈਨੂੰ ਸ਼ਰਮ ਆਉਂਦੀ ਹੈ ਇਸ ਦੇਸ਼ ਦਾ ਨਾਗਰਿਕ ਹੋਣ ’ਤੇ। ਮਰਯਾਦਾ ਤੋਂ ਭਟਕੀ ਹਕੂਮਤ ਦੇ ਮੂੰਹ ’ਤੇ ਬਹੁਤ ਵੱਡਾ ਤਮਾਂਚਾ ਮਾਰਿਆ ਹੈ, ਡਾਕਟਰ ਇਕਬਾਲ ਨੇ। ਸਿੱਖ ਕੌਮ ’ਤੇ ਹੋਏ ਅਨੇਕਾਂ ਅਕਹਿ ਤੇ ਅਸਹਿ ਤਸੀਹਿਆਂ ਨੇ ਇਤਿਹਾਸ ਦੇ ਵਰਕਿਆਂ ਨੂੰ ਸੁਨਹਿਰੀ ਲਾਲ ਰੰਗ ਵਿਚ ਰੰਗਿਆ ਹੈ।
ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਵਰਤੇ ਕਹਿਰ ਨੇ ਸਿੱਖ ਕੌਮ ਨੂੰ ਘੋਰ ਨਿਰਾਸ਼ਾ ਅਤੇ ਬੇਚੈਨੀ ਵਿਚ ਡੁਬੋ ਦਿਤਾ ਸੀ ਜਿਸ ਵਿਚੋਂ ਨਿਕਲਣ ਲਈ ਖ਼ਾਲਸਈ ਚੇਤਨਾ ਹੁਣ ਤਕ ਯਤਨਸ਼ੀਲ ਹੈ ਪਰ ਨਿਕਲ ਨਹੀਂ ਸਕੀ। ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਨੂੰ ਬਚਾਉਣ ਲਈ ਸਮੇਂ-ਸਮੇਂ ’ਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਯੋਧਿਆਂ ਨੇ ਅਪਣਾ ਖ਼ੂਨ ਵਹਾਇਆ ਹੈ। ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਹਰ ਸਿੱਲ ਪੱਥਰ ਦੇ ਥੱਲੇ, ਪਤਾ ਨਹੀਂ ਕਿੰਨੇ ਸਿਰਲੱਥ ਮਰਜੀਵੜੇ ਸਮਾਧੀ ਲਗਾਈ ਬੈਠੇ ਹਨ। ਪ੍ਰਕਰਮਾ ਵਿਚ ਡੁਲ੍ਹਿਆ ਖ਼ੂਨ, ਲਗੀਆਂ ਗੋਲੀਆਂ ਵੇਖ ਕੇ ਸਿੱਖਾਂ ਦਾ ਖ਼ੂਨ ਖੌਲਦਾ ਰਹਿੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਿੰਦੋਸਤਾਨ ਦੀ ਸਰਕਾਰ ਨੇ ਢਹਿ ਢੇਰੀ ਕਰ ਦਿਤਾ ਸੀ। ਜਿਨ੍ਹਾਂ ਨੂੰ ਅਸੀ ਭਰਾ ਕਹਿੰਦੇ ਆਏ, ਜਿਨ੍ਹਾਂ ਲਈ ਮਰਦੇ ਆਏ ਹਾਂ, ਉਨ੍ਹਾਂ ਨੇ ਹੀ ਸਿੱਖਾਂ ਨੂੰ ਇਹ ਦਿਨ ਦੇਖਣ ਲਈ ਮਜਬੂਰ ਕੀਤਾ ਅਤੇ ਇਹ ਕਹਿਰ ਢਾਹਿਆ। ਇਥੇ ਹੀ ਬੱਸ ਨਹੀਂ ਬਹੁਤ ਥਾਵਾਂ ’ਤੇ ਕੀਤੀ ਗਈ ਇਸ ਘਿਨਾਉਣੀ ਕਾਰਵਾਈ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੇ ਲੱਡੂ ਵੀ ਵੰਡੇ ਸਨ।
ਸਾਬਕਾ ਹੈੱਡ ਗ੍ਰੰਥੀ ਗਿਆਨੀ ਚੇਤ ਸਿੰਘ ਵਲੋਂ ਸੰਤ ਸਿੰਘ ਮਸਕੀਨ ਨੂੰ ਚਿੱਠੀ ਲਿਖੀ ਗਈ ਸੀ ਜਿਸ ਨੂੰ “ਰਾਮ ਸਿੰਘਾਸਨ ਤੇ ਰਾਜ ਸਿੰਘਾਸਨ” ਨਾਮ ਦੀ ਕਿਤਾਬ ਵਿਚ ਅੰਕਤ ਕੀਤਾ ਹੋਇਆ ਹੈ, ਉਹ ਇਸ ਪਕਾਰ ਹੈ, “ਸਤਿਕਾਰਯੋਗ ਮਸਕੀਨ ਸਾਹਿਬ ਜੀ! ਗੁਰ ਫ਼ਤਹਿ ਪਵਾਨ ਹੋਵੇ। ਹੁਣ ਜੂਨ ਮਹੀਨੇ ਜੋ ਕੁੱਝ ਸ੍ਰੀ ਦਰਬਾਰ ਸਾਹਿਬ ਵਿਖੇ ਹੋਇਆ ਹੈ, ਇਹ ਵੇਖਣ, ਸੁਣਨ ਅਤੇ ਲਿਖਣ ਤੋਂ ਬਾਹਰ ਹੈ। ਸ੍ਰੀ ਦਰਬਾਰ ਸਾਹਿਬ ਜੀ ਦੇ ਗੁੰਬਦ ’ਤੇ ਤਕਰੀਬਨ ਸਾਢੇ ਤਿੰਨ ਸੌ ਗੋਲੀਆਂ ਲਗੀਆਂ ਹਨ। ਕੱੁਝ ਗੋਲੀਆਂ ਅੰਦਰ ਵੀ ਲਗੀਆਂ ਹਨ ਅਤੇ ਅਫ਼ਸੋਸ, ਇਕ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 82 ਤਕ ਪਾੜ ਕੇ ਲੰਘੀ ਹੈ। ਸ੍ਰੀ ਦਰਬਾਰ ਸਾਹਿਬ ਜੀ ਦੇ ਦਰਵਾਜ਼ਿਆਂ ਵਿਚੋਂ ਦੀ ਲੰਘ ਕੇ ਗੋਲੀਆਂ ਆਰ-ਪਾਰ ਨਿਕਲ ਗਈਆਂ ਹਨ। ਵੱਡੀ ਬੀੜ ਸਾਹਿਬ ਦੀ ਤਾਬਿਆ ਬੈਠੇ, ਸੁਖ-ਆਸਣ ਕਰਦੇ ਗਿਆਨੀ ਭਾਈ ਰਾਮ ਸਿੰਘ ਜੀ ਦੇ ਮੋਢੇ ’ਤੇ ਗੋਲੀ ਲੱਗ ਕੇ ਪਾਰ ਹੋ ਗਈ ਅਤੇ ਉਹ ਲਹੂ ਲੂਹਾਨ ਹੋ ਗਏ। ਭਾਈ ਅਮਰੀਕ ਸਿੰਘ ਰਾਗੀ, ਕੀਰਤਨ ਕਰ ਕੇ ਬਾਹਰ ਨਿਕਲੇ ਤਾਂ ਗੋਲੀਆਂ ਨਾਲ ਉਡਾ ਦਿਤੇ ਗਏ। ਦਰਸ਼ਨੀ ਡਿਉਢੀ ਬੰਬਾਂ ਨਾਲ ਤਬਾਹ ਹੋ ਗਈ ਹੈ, ਤੋਸ਼ਾਖ਼ਾਨਾ ਤਬਾਹ ਹੋ ਗਿਆ ਹੈ। ਨਿਜ਼ਾਮ ਹੈਦਰਾਬਾਦ ਵਾਲੀ ਚਾਨਣੀ ਸੜ ਗਈ ਹੈ। ਹੇਠਲੇ ਕਮਰੇ ਵਿਚ ਜਿਥੇ ਸੋਨੇ ਚਾਂਦੀ ਦੀਆਂ ਪਾਲਕੀਆਂ, ਅਣਮੋਲ ਚਾਨਣੀਆਂ, ਰੁਮਾਲੇ ਆਦਿ ਪਏ ਸਨ, ਸੱਭ ਸੜ ਗਏ ਹਨ। ਪੰਥ ਦਾ ਅਣਮੋਲ ਖਜ਼ਾਨਾ, ਰੈਫ਼ਰੈਂਸ ਲਾਇਬੇਰੀ ਸਮੇਤ ਸਾਰੀਆਂ ਬੀੜਾਂ, ਸਮੇਤ ਭਾਈ ਗੁਰਦਾਸ ਜੀ ਵਾਲੀ ਬੀੜ, ਸੜ ਗਈਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਖੰਡਰ ਬਣ ਗਈ ਹੈ। ਉਥੇ ਪਏ ਕਲਗੀਧਰ ਪਾਤਿਸ਼ਾਹ ਜੀ ਦੇ ਤੀਰ ਆਦਿ ਸੜ ਗਏ ਹਨ। ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਰਿਕਾਰਡ ਸੜ ਗਿਆ ਹੈ। ਆਏ ਹੋਏ ਸ਼ਰਧਾਂਲੂਆਂ ਨੂੰ ਬਾਹਰ ਕੱਢ ਕੇ ਨੰਗਾ ਕਰ ਕੇ, ਬਾਹਵਾਂ ਬੰਨ੍ਹ ਕੇ ਛਾਤੀ ਵਿਚ ਗੋਲੀਆਂ ਮਾਰ ਕੇ ਖ਼ਤਮ ਕਰ ਦਿਤਾ ਹੈ। ਜਿਹੜੇ ਬਚ ਗਏ, ਉਹ ਅੰਤਾਂ ਦੀ ਗਰਮੀ ਵਿਚ ਪਾਣੀ ਤੋਂ ਬਿਨਾਂ ਸਹਿਕਦੇ ਪਾਣੀ-ਪਾਣੀ ਕਰਦੇ ਮਰ ਗਏ। ਨਾ ਕੋਈ ਬੱਚਾ ਵੇਖਿਆ, ਨਾ ਔਰਤ, ਨਾ ਬੁੱਢਾ ਨਾ ਜਵਾਨ। ਪਸ਼ੂਆਂ ਤੋਂ ਵੀ ਭੈੜਾ ਵਰਤਾਉ ਕੀਤਾ ਗਿਆ ਹੈ। ਗਿਆਨੀ ਸੋਹਣ ਸਿੰਘ ਜੋ ਦਰਬਾਰ ਸਾਹਿਬ ਦੇ ਗ੍ਰੰਥੀ ਸਨ, ਉਨ੍ਹਾਂ ਦੇ ਪ੍ਰਵਾਰ ਨੂੰ ਬਾਹਵਾਂ ਬੰਨ੍ਹ ਕੇ ਬੇ-ਤਹਾਸ਼ਾ ਕੁਟਿਆ ਗਿਆ ਅਤੇ ਉਹ ਪਾਣੀ-ਪਾਣੀ ਕਹਿ ਕੇ ਵਿਲਕਦੇ ਰਹੇ ਪਰ ਪਾਣੀ ਨਹੀਂ ਸਗੋਂ ਮੌਤ ਹੀ ਦਿਤੀ।’’
ਸੋ ਇਸ ਚਿੱਠੀ ਦੀ ਵਿਲਕਦੀ ਤੇ ਸਹਿਕਦੀ ਪੀੜਾ ਦੀ ਵਾਰਤਾ ਬਹੁਤ ਲੰਮੀ ਹੈ ਜਿਸ ਵਿਚੋਂ ਇਥੇ ਕੱੁਝ ਅੰਸ਼ ਹੀ ਨਜ਼ਰ ਕੀਤੇ ਹਨ। ਇਸੇ ਤਰ੍ਹਾਂ ਹੀ ਭਾਈ ਸਾਹਿਬ ਸੁਰਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਵੀ ਇਕ ਪੱਤਰ ਇਸ ਦੁਖਾਂਤ ਪ੍ਰਥਾਏ ਦੁਹਾਈ ਪਾਉਂਦੇ ਹਰਫ਼ਾਂ ਨਾਲ ਲਿਖਿਆ ਹੈ। ਮੈਂ ਸਾਰੀ ਵਾਰਤਾ ਨੂੰ ਸੰਕੋਚਦਿਆਂ ਥੋੜ੍ਹਾ ਲਿਖ ਸਕਿਆ ਹਾਂ। ਮੇਰੇ ਜ਼ਿਹਨ ’ਚੋਂ ਇਕਦਮ ਨਿਕਲੇ ਹਰਫ਼ ਕਿ:
ਮੇਰੇ ਦੁੱਖਾਂ ਦੀ ਵਾਰਤਾ ਬਹੁਤ ਵੱਡੀ ਹੈ,
ਥੋੜ੍ਹੀ ਇਕ ਜ਼ਖ਼ਮ ਦੀ ਮੈਲ ਹੀ ਕੱਢੀ ਹੈ।
ਐਨੀ ਕੁ ਹੀ ਲਿਖੀ ਹੈ ਇਹ ਦਾਸਤਾਨ,
ਬਾਕੀ ਬਹੁਤ ਜ਼ਿਆਦਾ ਛੱਡੀ ਹੈ। (ਲੇਖਕ)

 

Have something to say? Post your comment

Subscribe