Friday, November 22, 2024
 

ਲਿਖਤਾਂ

ਅਮਰੀਕਾ ਦਾ ਖ਼ੋਜੀ

June 06, 2021 04:12 PM

ਚੜ੍ਹਦੀ ਜਵਾਨੀ ਵਾਲੇ ਇਕ ਨੌਜੁਆਨ ਨੂੰ ਸਮੁੰਦਰ ਦੀ ਨਮਕੀਨ ਹਵਾ ਅਤੇ ਸਮੁੰਦਰੀ ਜਹਾਜ਼ਾਂ ਨਾਲ ਇਸ਼ਕ ਸੀ। ਇਹ ਸੰਨ 1470 ਈ. ਸੀ ਅਤੇ ਇਸ ਨੌਜੁਆਨ ਦਾ ਨਾਂ ਕੋਲੰਬਸ ਸੀ। ਉਹ ਪਹਿਲਾਂ ਲੱਭੇ ਹੋਏ ਸਮੁੰਦਰੀ ਰੂਟਾਂ ਤੇ ਇਕ ਵਪਾਰੀ ਦੇ ਤੌਰ ਤੇ ਸਮੁੰਦਰੀ ਜਹਾਜ਼ਾਂ ਰਾਹੀਂ ਸਫ਼ਰ ਕਰਦਾ ਰਿਹਾ। ਉਹ ਛੋਟੇ, ਵੱਡੇ ਸਮੁੰਦਰੀ ਜਹਾਜ਼ ਕਿਰਾਏ ਤੇ ਲੈਂਦਾ, ਜਹਾਜ਼ੀ ਭਰਤੀ ਕਰਦਾ ਅਤੇ ਪੈਸੇ ਦਾ ਪ੍ਰਬੰਧ ਕਰਦਾ। ਉਸ ਦਾ ਖ਼ਿਆਲ ਸੀ ਕਿ ਪ੍ਰਮਾਤਮਾ ਨੇ ਉਸ ਨੂੰ ਗਿਆਨ ਅਤੇ ਬੁਧੀ ਬਖ਼ਸ਼ੀ ਹੈ ਅਤੇ ਉਸ ਨੂੰ ਪ੍ਰੇਰਿਆ ਹੈ ਕਿ ਉਹ ਇੰਡੀਜ਼ ਦੇ ਸਮੁੰਦਰੀ ਸਫ਼ਰ ਲਈ ਰਵਾਨਾ ਹੋਵੇ। ਉਹ ਮੰਨਦਾ ਸੀ ਕਿ ਪ੍ਰ੍ਰਮਾਤਮਾ ਨੇ ਹੀ ਉਸ ਵਿਚ ਇਹ ਯੋਜਨਾ ਸਿਰੇ ਚਾੜ੍ਹਨ ਦੀ ਤੀਬਰ ਇੱਛਾ ਪੈਦਾ ਕੀਤੀ ਹੈ। ਉਹ ਪੱਛਮ ਵਲ ਸਮੁੰਦਰੀ ਸਫ਼ਰ ਕਰ ਕੇ ਪੂਰਬ ਨੂੰ ਲੱਭਣਾ ਚਾਹੁੰਦਾ ਸੀ। ਉਸ ਨੂੰ ਇਸ ਗੱਲ ਦਾ ਗਿਆਨ ਸੀ ਕਿ ਦੁਨੀਆਂ ਗੋਲ ਹੈ। ਯੂਰਪ ਵਾਲਿਆਂ ਨੂੰ ਉਨ੍ਹਾਂ ਦਿਨਾਂ ਵਿਚ ਅਮਰੀਕਾ ਦੀ ਹੋਂਦ ਬਾਰੇ ਪਤਾ ਨਹੀਂ ਸੀ।
ਉਸ ਦਾ ਜਨਮ 1451 ਈ. ਵਿਚ ਡੋਮੈਨੀਕੋ ਕੋਲੰਬੋ ਦੇ ਘਰ ਜਨੋਆ (ਇਟਲੀ) ਵਿਚ ਹੋਇਆ। ਡੋਮੈਨੀਕੋ ਉਨ ਤੇ ਸ਼ਰਾਬ ਦਾ ਵਪਾਰ ਕਰਦਾ ਸੀ। ਜੈਨੋਆ ਸ਼ਹਿਰ ਇਕ ਪਾਸੇ ਉੱਚੀਆਂ ਪਹਾੜੀਆਂ ਤੇ ਦੂਜੇ ਪਾਸੇ ਸਮੁੰਦਰ ਨਾਲ ਘਿਰਿਆ ਹੋਇਆ ਸੀ। ਇਟਲੀ ਦੇ ਦੂਜੇ ਵੱਡੇ ਸ਼ਹਿਰਾਂ ਮਿਲਾਨ ਤੇ ਫਲੋਰੈਂਸ ਨੇ ਜੈਕੋਆ ਦੀ ਆਰਥਕ ਤਰੱਕੀ ਰੋਕੀ ਹੋਈ ਸੀ। ਜੈਕੋਆ ਕਿਸੇ ਬਾਦਸ਼ਾਹ ਦੇ ਅਧੀਨ ਨਹੀਂ ਸੀ। ਸ਼ਹਿਰ ਦੇ ਲੋਕ ਪ੍ਰਬੰਧ ਲਈ ਇਕ ਕਮੇਟੀ ਚੁਣ ਲੈਂਦੇ ਸਨ। ਬਾਹਰਲੇ ਦੇਸ਼ਾਂ ਨਾਲ ਵਪਾਰ ਹੀ ਜੈਕੋਆ ਦੇ ਲੋਕਾਂ ਦੀ ਰੋਜ਼ੀ ਰੋਟੀ ਦਾ ਸਾਧਨ ਸੀ। ਇਥੋਂ ਦੇ ਨੌਜੁਆਨ ਵਿਦੇਸ਼ਾਂ ਵਿਚ ਜਦੋਂ ਜਾਂਦੇ ਤਾਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰ ਕੇ ਵਾਪਸ ਪਰਤਦੇ। ਉਹ ਵਿਦੇਸ਼ੀ ਭਾਸ਼ਾਵਾਂ ਵੀ ਸਿਖ ਲੈਂਦੇ। ਅਫ਼ਰੀਕਾ ਦੀ ਟੁਨਿਸ ਬੰਦਰਗਾਹ ਤੇ ਸੋਨੇ ਦਾ ਵਪਾਰ ਕਰਦੇ। ਹੀਰੇ ਜਵਾਹਰਤ ਤੇ ਹੋਰ ਕੀਮਤੀ ਵਸਤਾਂ ਵੇਚ ਕੇ ਸੋਨਾ ਘਰ ਲਿਆਉਣਾ ਹੀ ਜੈਨੋਆ ਦੇ ਨੌਜੁਆਨਾਂ ਦਾ ਮੁੱਖ ਕਿੱਤਾ ਸੀ।
ਇਸਲਾਮ ਦੇ ਖਾੜਕੂਆਂ ਨੇ ਇਨ੍ਹਾਂ ਦਾ ਪੂਰਬ ਵਲ ਦਾ ਵਪਾਰ ਬੰਦ ਕਰ ਦਿਤਾ ਅਤੇ ਮਜਬੂਰਨ ਇਨ੍ਹਾਂ ਨੂੰ ਪੱਛਮ ਵਲ ਨਵੀਆਂ ਮੰਡੀਆਂ ਦੀ ਤਲਾਸ਼ ਕਰਨੀ ਪਈ। ਕੁੱਝ ਤਾਂ ਨਵੀਆਂ ਬਸਤੀਆਂ, ਨਵੀਂ ਧਰਤੀ ਜਿਥੇ ਕਦੇ ਪਹਿਲਾਂ ਮਨੁੱਖ ਨੇ ਪੈਰ ਹੀ ਨਾਂ ਧਰਿਆ ਹੋਵੇ ਲੱਭਣ ਦੇ ਸ਼ੌਕੀਨ ਸਨ। ਕੋਲੰਬਸ ਦੇ ਕੁੱਲ ਪੱਤਰਾਂ ਤੋਂ ਉਸ ਦੇ ਜੋਖਮ ਭਰੇ ਸਫ਼ਰਾਂ ਦਾ ਵੇਰਵਾ ਮਿਲਦਾ ਹੈ। ਉਸ ਨੂੰ ਸਮੁੰਦਰੀ ਤੂਫ਼ਾਨਾਂ, ਲਹਿਰਾਂ ਤੇ ਮੌਸਮ ਦਾ ਪਤਾ ਸੀ। ਉਸ ਨੇ ਧਰਤੀ ਦੁਆਲੇ ਘੁੰਮਦੇ ਗ੍ਰਹਿਆਂ ਦੀ ਚਾਲ ਦਾ ਗਿਆਨ ਵੀ ਪ੍ਰਾਪਤ ਕੀਤਾ। ਤਾਰਾ ਮੰਡਲ ਵਿਚ ਵੱਖ-ਵੱਖ ਸਿਤਾਰਿਆਂ ਅਤੇ ਝੁਰਮਟਾਂ ਦੇ ਵਿਖਾਈ ਦੇਣ ਅਤੇ ਅਲੋਪ ਹੋਣ ਦੇ ਸਮੇਂ ਵੀ ਉਸ ਨੇ ਨੋਟ ਕੀਤੇ ਤਾ ਕਿ ਹਨੇਰੀਆਂ ਰਾਤਾਂ ਵਿਚ ਆਕਾਸ਼ ਵਲ ਤਕ ਕੇ ਅਪਣੇ ਸਮੁੰਦਰੀ ਸਫ਼ਰ ਦੀ ਦਿਸ਼ਾ ਦਾ ਧਿਆਨ ਰਖਿਆ ਜਾ ਸਕੇ। ਇਸ ਤਰ੍ਹਾਂ ਦੇ ਤਜਰਬੇ ਨਾਲ ਧਰਤੀ, ਸਮੁੰਦਰ ਅਤੇ ਆਕਾਸ਼ ਦੇ ਗੁੱਝੇ ਭੇਦ ਲੱਭਣ ਵਲ ਉਸ ਦੀ ਰੁਚੀ ਵਧਦੀ ਗਈ। ਉਸ ਸਮੇਂ ਸਮੁੰਦਰੀ ਜਹਾਜ਼ਾਂ ਨੂੰ ਧਰਤੀ ਤੋਂ ਜ਼ਿਆਦਾ ਦੂਰ ਸਮੁੰਦਰ ਵਿਚ ਨਹੀਂ ਲਿਜਾਂਦੇ ਸਨ। ਜਹਾਜ਼ ਇੰਨਾ ਕੁ ਦੂਰ ਹੀ ਜਾਂਦੇ ਕਿ ਨੰਗੀ ਅੱਖ ਨਾਲ ਧਰਤੀ ਵਿਖਾਈ ਦਿੰਦੀ ਰਹੇ। ਕੋਲੰਬਸ ਨੇ ਐਂਟਲਾਂਟਿਕ ਮਹਾਂਸਾਗਰ ਵਿਚ ਅਫ਼ਰੀਕਾ ਦੇ ਪੱਛਮ ਵਲ ਮਛੇਰਿਆਂ ਅਤੇ ਪੋਰਟੋਸੈਂਟੋ ਦੇ ਟਾਪੂਆਂ ਤਕ ਕਈ ਵਾਰੀ ਸਫ਼ਰ ਕੀਤਾ।
ਐਂਟਲਾਂਟਿਕ ਸਾਗਰ ਬਾਰੇ ਇਕ ਅਰਬੀ ਦੇ ਲਿਖਾਰੀ ਨੇ ਲਿਖਿਆ ਕਿ ਇਸ ਕਾਲੇ ਸਮੁੰਦਰ ਬਾਰੇ ਕੁੱਝ ਪਤਾ ਨਹੀਂ। ਇਸ ਵਿਚ ਭਿਆਨਕ ਸਮੁੰਦਰੀ ਲਹਿਰਾਂ ਤੇ ਗਰਮ ਉਬਲਦੇ ਪਾਣੀ ਦੀਆਂ ਨਹਿਰਾਂ ਚਲਦੀਆਂ ਹਨ। ਉਸ ਸਮੇਂ ਵੀ ਸਮੁੰਦਰੀ ਸਫ਼ਰ ਲਈ ਨਕਸ਼ੇ ਵਿਕਦੇ ਸਨ। ਕੋਲੰਬਸ ਨੇ ਨਕਸ਼ੇ ਵੇਚਣ ਦਾ ਕੰਮ ਵੀ ਕੀਤਾ। ਸੰਨ 1479 ਵਿਚ ਕੋਲੰਬਸ ਨੇ ਫਿਲਿਪਾ ਮੋਨੀਜ਼ ਪੈਰੇਸਰੇਲੋ ਨਾਂ ਦੀ ਕੁੜੀ ਨਾਲ ਵਿਆਹ ਕਰਵਾਇਆ ਜਿਸ ਦਾ ਪਿਤਾ ਐਂਟਲਾਂਟਿਕਸ ਸਾਗਰ ਵਿਚ ਇਕ ਵੱਡਾ ਬਸਤੀਵਾਦ ਸੀ। ਸੰਨ 1480 ਵਿਚ ਕੋਲੰਬਸ ਲਿਜ਼ਬਨ ਵਿਚ ਆ ਗਿਆ ਤੇ ਇਥੇ ਅਪਣੀ ਸੱਸ ਤੋਂ ਉਸ ਨੂੰ ਅਪਣੇ ਸਹੁਰੇ ਦੇ ਸਮੁੰਦਰੀ ਸਫ਼ਰ ਬਾਰੇ ਕੁੱਝ ਮਹੱਤਵਪੂਰਨ ਕਾਗ਼ਜ਼ ਮਿਲੇ। ਇਨ੍ਹਾਂ ਕਾਗ਼ਜ਼ਾਂ ਤੋਂ ਕੋਲੰਬਸ ਨੂੰ ਜਾਣਕਾਰੀ ਮਿਲੀ ਕਿ ਐਂਟਲਾਂਟਿਕ ਸਾਗਰ ਪਾਰ ਕਰ ਕੇ ਪਹਿਲਾਂ ਐਨਟੀਲੀਆ (ਮਿਥਹਾਸਕ ਨਾਮ) ਤੇ ਫਿਰ ਜਾਪਾਨ ਦਾ ਟਾਪੂ ਆਵੇਗਾ ਤੇ ਫਿਰ ਏਸ਼ੀਆ ਦੀ ਮੁੱਖ ਭੂਮੀ। ਇਸ ਤੋਂ ਬਾਅਦ ਉਸ ਨੇ ਐਂਟਲਾਂਟਿਕ ਸਾਗਰ, ਵਿਚ ਪੈਂਦੇ ਟਾਪੂਆਂ ਤੇ ਉਨ੍ਹਾਂ ਦੇ ਵਸਨੀਕਾਂ ਬਾਰੇ ਜਾਣਕਾਰੀ ਲੱਭਣ ਵਲ ਧਿਆਨ ਦਿਤਾ।
ਮਾਰਟਿਨ ਨਿਸੈਂਟ ਨਾਮੀ ਇਕ ਜਹਾਜ਼ੀ ਨੇ ਉਸ ਨੂੰ ਦਸਿਆ ਕਿ ਕੈਪਸੇਂਟ ਵਿਨਸੈਂਟ ਟਾਪੂ ਤੋਂ 1400 ਮੀਲ ਪੱਛਮ ਵਲ ਸਮੁੰਦਰ ’ਚੋਂ ਇਕ ਲਕੜੀ ਮਿਲੀ ਹੈ ਜਿਸ ਤੇ ਮਨੁੱਖ ਦੁਆਰਾ ਬਣਾਏ ਕੁੱਝ ਚਿੱਤਰ ਉਕਰੇ ਹੋਏ ਸਨ। ਇਸੇ ਤਰ੍ਹਾਂ ਦੀ ਇਕ ਲਕੜੀ ਪੋਰਟੋ ਸੈਂਟੋ ਨਾਮੀ ਟਾਪੂ ਤੇ ਵੀ ਮਿਲੀ ਸੀ। ਇਨ੍ਹਾਂ ਤੋਂ ਕੋਲੰਬਸ ਨੂੰ ਯਕੀਨ ਹੋ ਗਿਆ ਕਿ ਐਂਟਲਾਂਟਿਕਸ ਸਾਗਰ ਦੇ ਦੂਜੇ ਪਾਸੇ ਮਨੁੱਖੀ ਵਸੋਂ ਜ਼ਰੂਰ ਹੈ।
ਸੰਨ 1476 ਵਿਚ ਇੰਗਲੈਂਡ ਅਤੇ ਆਇਰਲੈਂਡ ਦੇ ਸਫ਼ਰ ਸਮੇਂ ਉਸ ਨੂੰ ਸਮੁੰਦਰ ’ਚੋਂ ਦੋ ਲਕੜੀ ਦੇ ਸੰਦੂਕ ਮਿਲੇ। ਖੋਲ੍ਹਣ ਤੇ ਉਨ੍ਹਾਂ ਵਿਚੋਂ ਦੋ ਮਨੁੱਖੀ ਸ੍ਰੀਰ ਅਜੀਬ ਜਹੀਆਂ ਸ਼ਕਲਾਂ ਵਾਲੇ ਮਿਲੇ। ਅਫ਼ਰੀਕਾ ਦੇ ਤੱਟ ਵਲ ਉਸ ਨੇ ਕਈ ਵਪਾਰਕ ਚੱਕਰ ਲਗਾਏ। ਉਸ ਨੂੰ ਉਥੋਂ ਦੇ ਸਥਾਨਕ ਲੋਕਾਂ ਨਾਲ ਵਸਤਾਂ ਵੱਟੇ ਵਸਤਾਂ ਦੇ ਵਪਾਰ ਦਾ ਤਜਰਬਾ ਹੋ ਗਿਆ। ਅਣਜਾਣ ਲੋਕਾਂ ਨਾਲ ਇਸ਼ਾਰਿਆਂ ਨਾਲ ਗੱਲਾਂ ਕਰਨ ਵਿਚ ਵੀ ਉਹ ਮਾਹਰ ਹੋ ਗਿਆ। ਅਫ਼ਰੀਕਾ ਤੋਂ ਗ਼ੁਲਾਮਾਂ ਦੇ ਵਪਾਰ ਦੀ ਸੰਭਾਵਨਾ ਦਾ ਵੀ ਪਤਾ ਲੱਗਾ। ਵਪਾਰਕ ਹਵਾਵਾਂ ਅਤੇ ਵਿਰੋਧੀ ਵਪਾਰਕ ਹਵਾਵਾਂ ਦੇ ਚੱਲਣ ਦੇ ਸਮਿਆਂ ਦਾ ਗਿਆਨ ਪ੍ਰਾਪਤ ਕਰ ਕੇ ਉਸ ਨੂੰ ਹੌਸਲਾ ਹੋ ਗਿਆ ਕਿ ਪਹਿਲਾਂ ਦੱਖਣ ਵਾਲੇ ਸਫ਼ਰ ਕਰ ਕੇ ਫਿਰ ਵਪਾਰਕ ਹਵਾਵਾਂ ਦੇ ਨਾਲ ਪੱਛਮ ਵਲ ਨੂੰ ਸੌਖਿਆਂ ਸਫ਼ਰ ਹੋ ਸਕਦਾ ਹੈ ਅਤੇ ਫਿਰ ਪਛਮੀ ਹਵਾਵਾਂ ਦੇ ਚੱਲਣ ਸਮੇਂ ਵਾਪਸ ਮੁੜਨਾ ਸੌਖਾ ਹੈ।
ਆਖ਼ਰਕਾਰ ਪੱਕਾ ਇਰਾਦਾ ਕੀਤਾ ਕਿ ਐਂਟਲਾਂਟਿਕ ਸਾਗਰ ਦਾ ਸਫ਼ਰ ਕਰਨਾ ਹੀ ਹੈ। ਉਸ ਨੇ ਪੁਰਤਗਾਲ ਦੇ ਬਾਦਸ਼ਾਹ ਜਾਹਨ-2 ਨੂੰ ਜਹਾਜ਼ ਅਤੇ ਬੰਦਿਆਂ ਦਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ। ਉਸ ਨੇ ਬਾਦਸ਼ਾਹ ਨੂੰ ਸਿਪਾਗੂ ਅਤੇ ਇੰਡੀਆ ਲੱਭਣ ਦਾ ਯਕੀਨ ਦੁਆਇਆ। ਬਾਦਸ਼ਾਹ ਨੇ ਤਾਰਾ ਵਿਗਿਆਨੀਆਂ ਅਤੇ ਗਣਿਤ ਵਿਗਿਆਨੀਆਂ ਦੀ ਫਾਸਲੋ ਨੂੰ ਗ਼ਲਤ ਕਰਾਰ ਦਿਤਾ। ਇਸ ਤਰ੍ਹਾਂ ਬਾਦਸ਼ਾਹ ਨੇ ਕੋਲੰਬਸ ਨੂੰ ਕੋਈ ਸਹਾਇਤਾ ਨਾ ਦਿਤੀ। ਫਿਰ ਕੋਲੰਬਸ ਇਕ ਟੈਮਪਲਰ ਨਾਂ ਦੇ ਵਪਾਰੀ ਨੂੰ ਮਿਲਿਆ ਜਿਸ ਦੀ ਪਹੁੰਚ ਸਪੇਨ ਅਤੇ ਪੁਰਤਗਾਲ ਦੇ ਬਾਦਸ਼ਾਹਾਂ ਤਕ ਸੀ। ਉਸ ਨੇ ਹੀ ਕੋਲੰਬਸ ਦੇ ਇੰਡੀਜ਼ ਦੇ ਸਫ਼ਰ ਦਾ ਪ੍ਰਬੰਧ ਕੀਤਾ ਅਤੇ ਆਪ ਵੀ ਨਾਲ ਗਿਆ। ਉਹ ਚੀਨ ਦੇ ਬਾਦਸ਼ਾਹ ਕੁਬਲਾਈ ਖ਼ਾਨ ਨੂੰ ਇਕ ਸੋਨੇ ਦਾ ਤਾਜ ਪੇਸ਼ ਕਰ ਕੇ, ਖ਼ਾਨ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨਾ ਚਾਹੁੰਦਾ ਸੀ।
ਇਨ੍ਹਾਂ ਹੀ ਦਿਨਾਂ ਵਿਚ ਮੰਦੇ ਭਾਗਾਂ ਨਾਲ ਕੋਲੰਬਸ ਦੀ ਪਤਨੀ ਦੀ ਮੌਤ ਹੋ ਗਈ। ਉਹ ਅਪਣੇ ਪੁੱਤਰ ਡੀਐਗੋ ਨੂੰ ਲੈ ਕੇ ਅਪਣੀ ਸਾਲੀ ਕੋਲਾ ਹਿਊਵਾ ਵਿਖੇ ਸੰਨ 1485 ਨੂੰ ਛੱਡ ਆਇਆ। ਸੱਤ ਸਾਲ ਇਧਰ-ਉਧਰ ਹੱਥ ਮਾਰਨ ਤੇ ਵੀ ਉਸ ਨੂੰ ਕਿਸੇ ਪਾਸਿਉਂ ਅਪਣੀ ਯੋਜਨਾ ਸਿਰੇ ਚਾੜ੍ਹਨ ਲਈ ਸਹਾਇਤਾ ਨਾ ਮਿਲੀ। ਇਕ ਗ਼ਰੀਬ ਕਿਸਾਨ ਦੀ ਬੇਟੀ ਨਾਲ ਉਸ ਨੇ ਦੂਜਾ ਵਿਆਹ ਕਰਵਾ ਲਿਆ।
17 ਅਪ੍ਰੈਲ 1492 ਨੂੰ ਉਸ ਨੇ ਕਾਸਟਾਈਲ ਨਾਲ ਇਕ ਸਮਝੌਤਾ ਕੀਤਾ ਜਿਸ ਅਨੁਸਾਰ ਉਸ ਨੂੰ ਨਵੀਂਆਂ ਲਭੀਆਂ ਬਸਤੀਆਂ ਦੇ ਟੈਕਸ ਦੀ ਰਕਮ ਦਾ ਦਸਵਾਂ ਹਿੱਸਾ ਉਸ ਨੂੰ ਮਿਲੇਗਾ। ਉਸ ਦਾ ਇਰਾਦਾ ਸੀ ਕਿ ਇੰਡੀਜ਼ ਤੋਂ ਉਸ ਨੂੰ ਹੋਣ ਵਾਲੀ ਆਮਦਨ ਯੇਰੂਸਲਮ ਨੂੰ ਮੁਸਲਮਾਨਾਂ ਤੋਂ ਛੁਡਾਉਣ ਲਈ ਖ਼ਰਚ ਕੀਤੀ ਜਾਏਗੀ।
ਕਈ ਸਾਲ ਸਮੁੰਦਰ ਤੋਂ ਬਾਹਰ ਬਿਤਾਉਣ ਲਈ 12 ਮਈ ਨੂੰ ਉਹ ਗਰਨਾਡਾ ਛੱਡ ਕੇ ਪਾਲੋਸ ਦੇ ਕਸਬੇ ਆਇਆ ਅਤੇ ਤਿੰਨ ਜਹਾਜ਼ ਅਪਣੀ ਹਾਜ਼ਰੀ ਵਿਚ ਤਿਆਰ ਕਰਵਾਏ। ਤਿੰਨ ਅਗੱਸਤ ਨੂੰ ਨੀਨਾ, ਪਿੰਟਾ ਅਤੇ ਸੈਂਟਾ ਮਾਰੀਆ ਨਾਮੀ ਤਿੰਨੇ ਜਹਾਜ਼ ਦਰਿਆ ਵਿਚੋਂ ਸਮੁੰਦਰ ਵਿਚ ਆਏ। ਦਿਨ ਚੜ੍ਹਦੇ ਸਾਰ ਇਹ ਜਹਾਜ਼ ਕੈਨੇਰੀ ਟਾਪੂ ਵਲ ਨੂੰ ਚਲ ਪਏ। ਕੋਲੰਬਸ ਨੂੰ ਯਕੀਨ ਸੀ ਕਿ ਇਹ ਜਹਾਜ਼ ਉਸ ਨੂੰ ਸਿਪਾਂਗੂ ਰਾਹੀਂ ਕੈਥੀ ਅਤੇ ਇੰਡੀਆ ਲੈ ਜਾਣਗੇ।
ਸੰਨ 1494 ਦੀ ਬਹਾਰ ਦੀ ਰੁੱਤ ਵਿਚ ਕੋਲੰਬਸ ਨੇ ਹਿਸਪਾਓਲਾ ਦੇ ਕੰਢੇ ਜਹਾਜ਼ ਲਾ-ਇਸਬੇਲਾ ਦੇ ਸਮੁੰਦਰੀ ਕੰਢੇ ਤੋਂ ਟਾਪੂ ਦੇ ਵਿਚਕਾਰ ਨੂੰ ਇਕ ਜੇਤੂ ਦੀ ਤਰ੍ਹਾਂ ਮਾਰਚ ਕੀਤਾ। ਉਸ ਦੇ ਮਾਰਚ ਨਾਲ ਉਥੋਂ ਦੇ ਵਸਨੀਕ ਇੰਡੀਅਨਜ਼ ਭੈ-ਭੀਤ ਹੋ ਗਏ। ਘੁੜ-ਸਵਾਰਾਂ ਨੂੰ ਵੇਖ ਕੇ ਉਹ ਸਮਝਣ ਕਿ ਇਹ ਅੱਧਾ ਆਦਮੀ ਅਤੇ ਅੱਧਾ ਜਾਨਵਰ ਹੈ। ਕੋਲੰਬਸ ਦੇ ਦਸਤੇ ਦੀ ਮਾਰਚ ਦੇ ਅੱਗੇ ਬੈਂਡ ਵਜਦੇ ਜਾਂਦੇ ਸਨ। ਫ਼ੌਜੀਆਂ ਨੇ ਸਪੇਨ ਅਤੇ ਚਰਚ ਦੇ ਝੰਡੇ ਚੁੱਕੇ ਹੋਏ ਸਨ। ਸਿਪਾਹੀਆਂ ਦੇ ਸਿਰਾਂ ਤੇ ਲੋਹੇ ਦੀਆਂ ਟੋਪੀਆਂ, ਹੱਥਾਂ ਵਿਚ ਬਰਛੇ, ਤਲਵਾਰਾਂ ਅਤੇ ਢਾਲਾਂ ਵੇਖ ਕੇ ਲੋਕਲ ਵਸੋਂ ਵਾਲੇ ਹੈਰਾਨ ਹੋ ਗਏ। ਉਨ੍ਹਾਂ ਨੇ ਕਦੇ ਅਜਿਹੇ ਲੋਕ ਵੇਖੇ ਨਹੀਂ ਸਨ। ਹਿਸਪਾਨਿਓਲਾ ਦੇ ਪੂਰਬੀ ਕੰਢੇ ਦੇ ਲਾ-ਈਸਬੇਲਾ ਤੋਂ ਪਛਮੀ ਕੰਢੇ ਦੇ ਨੁਏਵਾ ਈਸਾਬੇਲਾ ਤਕ ਦਾ ਸਫ਼ਰ ਕੀਤਾ। ਲਾ-ਇਸਬੇਲਾ ਦਾ ਸ਼ਹਿਰ ਕੋਲੰਬਸ ਨੇ ਵਸਾਇਆ। ਇਥੇ ਇਕ ਕਿਲ੍ਹਾ ਬਣਾਇਆ ਗਿਆ। ਹਿਸਪਾਨਿਓਲਾ ਦੇ ਕੰਢੇ ਤੇ ਠੱਗਣ ਸਮੇਂ ਉਸ ਦੇ ਤਿੰਨ ਜਹਾਜ਼ਾਂ ਵਿਚੋਂ ਇਕ ਸੈਂਟਾ ਮੇਰੀਆ ਕਿਸੇ ਚਟਾਨ ਨਾਲ ਟਕਰਾ ਕੇ ਤਬਾਹ ਹੋ ਗਿਆ। ਇਸ ਥਾਂ ਤੇ ਲਾ-ਨਵੀਦਾਦ ਨਾਂ ਦਾ ਇਕ ਲੱਕੜ ਦਾ ਕਿਲ੍ਹਾ ਬਣਵਾ ਕੇ 39 ਆਦਮੀ ਇਸ ਦੀ ਰਾਖੀ ਲਈ ਛੱਡੇ ਗਏ। ਲੱਕੜ ਦੀਆਂ ਸ਼ਤੀਰੀਆਂ ਨੂੰ ਖੜੀਆਂ ਕਰ ਕੇ ਇਕ ਚਾਰ ਦੀਵਾਰੀ ਨੂੰ ਕਿਲ੍ਹੇ ਦੀ ਸ਼ਕਲ ਦੇ ਦਿਤੀ ਜਾਂਦੀ ਸੀ। ਅਜਕਲ ਵੀ ਪੁਰਾਣੇ ਸਮੇਂ ਦੇ ਇਸ ਤਰ੍ਹਾਂ ਦੇ ਕਿਲ੍ਹੇ ਅਮਰੀਕਾ ਵਿਚ ਵੇਖਣ ਨੂੰ ਮਿਲਦੇ ਹਨ। 6 ਦਸੰਬਰ 1493 ਤੋਂ 1 ਜਨਵਰੀ 1494 ਤਕ ਕੋਲੰਬਸ ਲਾ-ਨਵੀਦਾਦ ਠਹਿਰ ਕੇ ਅੱਗੇ ਲਾ-ਇਸਬੇਲਾ ਪਹੁੰਚਿਆ।
ਦੂਜੀ ਵਾਰ ਸਪੇਨ ਤੋਂ ਜਦੋਂ ਕੋਲੰਬ ਪਰਤਿਆ ਤਾਂ ਲਾ-ਨਵੀਦਾਦ ਦਾ ਕਿਲ੍ਹਾ ਅੱਗ ਨਾਲ ਸਾੜਿਆ ਜਾ ਚੁੱਕਾ ਸੀ। ਲੋਕਲ ਇੰਡੀਅਨਜ਼ ਤੋਂ ਪਤਾ ਲੱਗਾ ਕਿ ਕੁੱਝ ਬੰਦੇ ਤਾਂ ਬਿਮਾਰੀ ਨਾਲ ਮਰ ਗਏ ਸਨ ਤੇ ਬਾਕੀ ਦੇ ਲੋਕਲ ਬਾਗ਼ੀਆਂ ਨੇ ਕਤਲ ਕਰ ਦਿਤੇ। ਇਸ ਘਟਨਾ ਨੇ ਕੋਲੰਬਸ ਦੇ ਦਿਮਾਗ਼ ਵਿਚ ਇੰਡੀਅਨਜ਼ ਤੇ ਵਿਸ਼ਵਾਸ ਨਾ ਕਰਨ ਦਾ ਬੀਜ ਬੀਜਿਆ।
ਦੂਜੀ ਯਾਤਰਾ ਸਮੇਂ ਸਪੇਨ ਤੋਂ ਉਸ ਦੇ ਨਾਲ 17 ਜਹਾਜ਼ ਸਨ ਅਤੇ 1200 ਤੋਂ ਵੱਧ ਆਦਮੀ ਸਨ। ਲਾ-ਇਸਬੇਲਾ ਸਪੇਨ ਦੀ ਮਲਿਕਾ ਦਾ ਨਾਂ ਸੀ ਤੇ ਉਸ ਦੇ ਨਾਂ ਤੇ ਇਹ ਸ਼ਹਿਰ ਉਸਾਰਿਆ ਗਿਆ। ਕੋਲੰਬਸ ਦਾ ਮੁੱਖ ਉਦੇਸ਼ ਇਸ ਨਵੀਂ ਲੱਭੀ ਧਰਤੀ ਵਿਚੋਂ ਸੋਨਾ ਲਭਣਾ ਸੀ। ਕੋਲੰਬਸ ਦੇ ਨਾਲ ਆਏ ਇਕ ਵੈਦ ਨੇ ਲਿਖਿਆ ਹੈ ਕਿ ਪੰਜਾਹ ਤੋਂ ਵੱਧ ਨਦੀਆਂ ਵਿਚੋਂ ਸੋਨਾ ਲਭਿਆ। ਸਪੇਨ ਵਾਲਿਆਂ ਨੇ ਪਹਿਲਾਂ ਕਦੇ ਐਨਾ ਸੋਨਾ ਨਹੀਂ ਵੇਖਿਆ ਸੀ ਜਿੰਨਾ ਕਿ ਜਹਾਜ਼ ਇਥੋਂ ਭਰ ਕੇ ਲੈ ਗਏ। ਏਨੇ ਵੱਡੇ ਸੋਨੇ ਦੇ ਭੰਡਾਰ ਬਾਰੇ ਸੁਣ ਕੇ ਵੀ ਸਪੇਨ ਵਾਸੀਆਂ ਦੇ ਮੂੰਹ ਹੈਰਾਨੀ ਨਾਲ ਅੱਡੇ ਹੀ ਰਹਿ ਜਾਂਦੇ ਸਨ।
ਲਾ-ਇਸਬੇਲਾ ਵਿਖੇ ਕੋਲੰਬਸ ਦੇ ਨਿਜੀ ਘਰ ਦੇ ਖੰਡਰ ਅਜੇ ਵੀ ਵੇਖੇ ਜਾ ਸਕਦੇ ਹਨ। ਡੋਮੀਨੀਕਨ ਰੀਪਬਲਿਕ ਦੀ ਸਰਕਾਰ ਨੇ 45 ਕੁ ਸਾਲ ਪਹਿਲਾਂ ਇਸ ਥਾਂ ਤੇ ਸਰਕਾਰੀ ਰੈਸਟ ਹਾਊਸ, ਵਿਦੇਸ਼ੀ ਸਰਕਾਰੀ ਮਹਿਮਾਨਾਂ ਨੂੰ ਠਹਿਰਾਉਣ ਲਈ, ਤਿਆਰ ਕੀਤਾ। ਨਵੀਂ ਉਸਾਰੀ ਕਰਨ ਤੋਂ ਪਹਿਲਾਂ ਬੁਲਡੋਜ਼ਰਾਂ ਨਾਲ ਪੁਰਾਣੀਆਂ ਇੱਟਾਂ ਅਤੇ ਟਾਈਲਾਂ ਦੇ ਢੇਰ ਇਕ ਪਾਸੇ ਇਕੱਠਾ ਕਰ ਦਿਤੇ ਗਏ। ਇਸ ਖ਼ੁਦਾਈ ਦੌਰਾਨ ਇਕ ਭੱਠੇ ਦੇ ਨਿਸ਼ਾਨ ਵੀ ਮਿਲੇ ਹਨ ਜਿਹੜਾ ਕਿ ਇੱਟਾਂ ਅਤੇ ਟਾਈਲਾਂ ਬਣਾਉਣ ਲਈ ਬਣਾਇਆ ਗਿਆ ਸੀ। ਕੋਲੰਬਸ ਦੇ ਘਰ ਲਾਗੇ ਹੀ ਇਸ ਬਸਤੀ ਦਾ ਚਰਚ ਸੀ ਜਿਸ ਥਾਂ ਤੋਂ ਪਹਿਲੀ ਵਾਰੀ ਪਵਿੱਤਰ ਘੰਟੀਆਂ ਦੀ ਆਵਾਜ਼ ਇਸ ਧਰਤੀ ਉਤੇ ਸੁਣੀ ਗਈ। ਨਾਲ ਹੀ ਬਾਕੀ ਅਫ਼ਸਰਾਂ ਦੇ ਘਰ ਸਨ ਅਤੇ ਇਕ 113 ਫੁੱਟ ਲੰਮਾ ਗੋਦਾਮ ਵੀ ਸੀ। ਫਲੋਰੀਡਾ ਯੂਨੀਵਰਸਟੀ ਵਾਲਿਆਂ ਨੇ ਖ਼ੁਦਾਈ ਕਰ ਕੇ ਕੁੱਝ ਅਜਿਹੀਆਂ ਵਸਤਾਂ ਇਥੋਂ ਲਭੀਆਂ, ਜਿਨ੍ਹਾਂ ਦੀ ਕੀਮਤ ਇਸ ਵੇਲੇ ਵੀ ਸੋਨੇ ਤੋਂ ਵੱਧ ਹੈ। ਆਮ ਨਜ਼ਰਾਂ ਵਿਚ ਭਾਵੇਂ ਇਹ ਕੂੜਾ ਕਰਕਟ ਹੈ। ਕੋਲੰਬਸ ਅਪਣੇ ਨਾਲ ਸੋਨਾ ਪਿਘਲਾਉਣ ਲਈ ਲੱਕੜੀ ਦੇ ਡਰੰਮਾਂ ਵਿਚ ਪਾਰਾ ਲਿਆਇਆ ਸੀ। ਸਟੋਰ ਵਿਚ ਪਏ-ਪਏ ਲੱਕੜੀ ਦੇ ਡਰੰਮ ਤਾਂ ਗਲ ਗਏ ਪਰ ਪਾਰਾ ਧਰਤੀ ਤੇ ਵਗ ਪਿਆ ਅਤੇ ਡੋਮਿਨੀਕਨ ਸਰਕਾਰ ਦੀ ਨੈਸ਼ਨਲ ਪਾਰਕ ਸਰਵਿਸ ਵਾਲਿਆਂ ਨੇ ਇਸ ਨੂੰ ਸੰਭਾਲ ਲਿਆ।
ਲਾ-ਇਸਬੇਲਾ ਤੋਂ ਗਰੈਂਡ ਮਾਰਚ ਕਰ ਕੇ ਕੋਲੰਬਸ ਨੇ ਨੁਏਵਾ ਇਸਬੇਲਾ ਪਹੁੰਚ ਕੇ ਕਿਊਬਾ ਲਈ ਸਮੁੰਦਰੀ ਸਫ਼ਰ ਸ਼ੁਰੂ ਕੀਤਾ। ਕਿਊਬਾ ਪਹੁੰਚ ਕੇ ਉਸ ਨੇ ਐਲਾਨ ਕੀਤਾ ਕਿ ਇਹੀ ਏਸ਼ੀਆ ਦੀ ਮੁੱਖ ਧਰਤੀ ਹੈ ਅਤੇ ਅਪਣੇ ਬੰਦਿਆਂ ਨੂੰ ਇਹ ਧਮਕੀ ਦਿਤੀ ਕਿ ਜੋ ਇਸ ਨੂੰ ਏਸ਼ੀਆ ਆਖੇਗਾ, ਉਸ ਦੀ ਜ਼ੁਬਾਨ ਕੱਟ ਦਿਤੀ ਜਾਵੇਗੀ।
ਕੋਲੰਬਸ ਨੇ ਸਪੇਨ ਦੇ ਕੈਥੋਲਿਨ ਚਰਚ ਨੂੰ ਵਚਨ ਦਿਤਾ ਸੀ ਕਿ ਉਹ ਨਵੀਂ ਬਸਤੀ ਦੇ ਵਸਨੀਕਾਂ ਨੂੰ ਅਪਣੇ ਪਵਿੱਤਰ ਧਰਮ ਵਿਚ ਲਿਆਏਗਾ। ਪ੍ਰੰਤੂ ਇੰਡੀਅਨਜ਼ ਨੂੰ ਇਹ ਇਕ ਵਧੀਕੀ ਲੱਗੀ। ਯੂਰਪੀਅਨਜ਼ ਅਤੇ ਇੰਡੀਅਨਜ਼ ਵਿਚਕਾਰ ਟਕਰਾਅ ਹੋਣਾ ਕੁਦਰਤੀ ਸੀ। ਇਕ ਵਾਰ ਕੋਲੰਬਸ ਦੇ ਆਦਮੀਆਂ ਨੇ ਟੈਨੋ ਇੰਡੀਅਨਜ਼ ਦੇ ਇਕ ਬੰਦੇ ਦਾ ਕੰਨ ਵੱਢ ਦਿਤਾ। ਉਸ ਤੇ ਚੋਰੀ ਦਾ ਇਲਜ਼ਾਮ ਸੀ। ਉਨ੍ਹਾਂ ਨੇ ਵਿਦਰੋਹੀ ਕਾਰਵਾਈਆਂ ਸ਼ੁਰੂ ਕਰ ਦਿਤੀਆਂ। ਦੂਜੇ ਉਨ੍ਹਾਂ ਨੂੰ ਕੋਲੰਬਸ ਵਲੋਂ ਲਗਾਏ ਗਏ ਭਾਰੀ ਟੈਕਸਾਂ ਦਾ ਰੋਸ ਸੀ। 14 ਸਾਲ ਦੀ ਉਮਰ ਤੋਂ ਉਪਰ ਵਾਲੇ ਹਰ ਇੰਡੀਅਨ ਤੇ ਜੋ ਕਿ ਸੋਨੇ ਦੀਆਂ ਖ਼ਾਣਾਂ ਦੇ ਇਲਾਕੇ ਦਾ ਵਸਨੀਕ ਸੀ, ਹਰ ਤਿੰਨ ਮਹੀਨੇ ਪਿੱਛੋਂ ਤਿੰਨ ਹਾਊਸ ਸੋਨੇ ਦਾ ਟੈਕਸ ਲਾਗੂ ਸੀ।
ਨਵੀਂ ਬਸਤੀ ਨੂੰ ਲੋਕਲ ਲੋਕਾਂ ਤੋਂ ਇਲਾਵਾ ਅਪਣਿਆਂ ਦੀ ਬੇਰੁਖ਼ੀ ਦਾ ਵੀ ਸਾਹਮਣਾ ਕਰਨਾ ਪਿਆ। ਕੋਲੰਬਸ ਦੇ ਭਰਾ ਬਾਰਥੋਲੋਮੀਊ ਨੇ ਚੰਗੇ-ਚੰਗੇ ਵਰਕਰ ਸੈਂਟੋ ਡੋਮਿੰਗੋ ਨੂੰ ਜਿਹੜੀ ਕਿ ਇਕ ਵਧੀਆ ਬੰਦਰਗਾਹ ਸੀ ਭੇਜ ਦਿਤੇ। ਲਾ-ਇਸਬੇਲਾ ਦੇ ਮੇਅਰ ਰੋਲਡਾਨ ਨੇ ਇਸ ਦਾ ਵਿਰੋਧ ਕੀਤਾ ਅਤੇ ਉਹ ਲੋਕਲ ਇੰਡੀਅਨਜ਼ ਨਾਲ ਕੋਲੰਬਸ ਵਿਰੁਧ ਸਾਜ਼ ਬਾਜ਼ ਕਰਨ ਲੱਗਾ। ਉਸ ਨੇ ਸਾਰਾ ਹਥਿਆਰਾਂ ਦਾ ਭੰਡਾਰ ਇੰਡੀਅਨਜ਼ ਦੇ ਹਵਾਲੇ ਕਰ ਦਿਤਾ ਅਤੇ ਆਪ ਵੀ ਉਨ੍ਹਾਂ ਨਾਲ ਹੀ ਟਾਪੂ ਦੇ ਪਛਮੀ ਪਾਸੇ ਵਲ ਚਲਾ ਗਿਆ ਤੇ ਅਪਣੀ ਵਖਰੀ ਹਕੂਮਤ ਕਾਇਮ ਕਰ ਲਈ। 1498 ਵਿਚ ਸਪੇਨ ਤੋਂ ਵਾਪਸੀ ਵੇਲੇ ਕੋਲੰਬਸ ਨੇ ਰੋਲਡਾਨ ਦੀ ਨਵੀਂ ਬਸਤੀ ਦੀ ਆਜ਼ਾਦ ਹਸਤੀ ਨੂੰ ਤਸਲੀਮ ਕਰ ਲਿਆ।
ਕੋਲੰਬਸ ਵਿਰੁਧ ਸਪੇਨ ਦੇ ਬਾਦਸ਼ਾਹ ਨੂੰ ਸ਼ਿਕਾਇਤ ਮਿਲੀ ਕਿ ਉਸ ਨੇ ਕੁੱਝ ਸਪੈਨਿਸ਼ ਲੋਕਾਂ ਨੂੰ ਬੇਦਰਦੀ ਨਾਲ ਮੌਤ ਦੀ ਸਜ਼ਾ ਦਿਤੀ। ਕੁੱਝ ਜੋ ਉਸ ਦੇ ਆਖੇ ਵਿਚ ਨਹੀਂ ਸਨ ਚਲਦੇ ਨੂੰ ਭੁਖਿਆਂ ਰਖਿਆ ਅਤੇ ਇੰਡੀਅਨਜ਼ ਨੂੰ ਗ਼ੁਲਾਮ ਬਣਾ ਲਿਆ। ਸਪੇਨ ਤੋਂ ਪੁੱਛ ਪੜਤਾਲ ਲਈ ਇਕ ਅਫ਼ਸਰ ਭੇਜਿਆ ਗਿਆ ਜਿਸ ਨੇ ਕੋਲੰਬਸ ਨੂੰ ਜ਼ੰਜੀਰਾਂ ਵਿਚ ਜਕੜਨ ਵਿਚ ਢਿੱਲ ਨਾ ਕੀਤੀ ਤੇ ਉਸ ਨੂੰ ਸਪੇਨ ਵਾਪਸ ਭੇਜ ਦਿਤਾ। ਜਹਾਜ਼ ਦੇ ਕਪਤਾਨ ਨੇ ਕੋਲੰਬਸ ਨੂੰ ਇੱਜ਼ਤ ਦੇ ਤੌਰ ਤੇ ਕਿਹਾ ਕਿ ਉਹ ਉਸ ਦੀਆਂ ਜ਼ੰਜੀਰਾਂ ਖੋਲ੍ਹ ਸਕਦਾ ਹੈ ਤਾਂ ਕੋਲੰਬਸ ਨੇ ਕਿਹਾ ਕਿ ਇਹ ਇਸੇ ਤਰ੍ਹਾਂ ਰਹਿਣ ਦਿਉ, ਇਹੀ ਤਾਂ ਉਸ ਦੀ ਸਪੇਨ ਸਰਕਾਰ ਨਾਲ ਵਫ਼ਾਦਾਰੀ ਦੀ ਨਿਸ਼ਾਨੀ ਹੈ। ਇਸ ਦਾ ਬਾਦਸ਼ਾਹ ਅਤੇ ਮਲਿਕਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਜ਼ੰਜੀਰਾਂ ਤੋਂ ਆਜ਼ਾਦ ਕਰਨ ਦਾ ਹੁਕਮ ਦਿਤਾ ਪਰ ਉਸ ਨੂੰ ਮੁੜ ਕੇ ਗਵਰਨਰ ਦਾ ਅਹੁਦਾ ਨਾ ਦਿਤਾ ਗਿਆ। ਕੋਲੰਬਸ ਦੇ ਜਾਣ ਤੋਂ ਬਾਅਦ ਉਸ ਦੇ ਵਸਾਏ ਸ਼ਹਿਰ ਲਾ-ਇਸਬੇਲਾ ਵਿਚ ਵੀ ਉਦਾਸੀ ਛਾ ਗਈ। ਲੋਕ ਸ਼ਹਿਰ ਨੂੰ ਅਭਾਗਾ ਸਮਝ ਕੇ ਛੱਡ ਗਏ ਅਤੇ ਇਸ ਸ਼ਹਿਰ ਨੇ ਖੰਡਰ ਦਾ ਰੂਪ ਧਾਰਨ ਕਰ ਲਿਆ।
ਕੋਲੰਬਸ ਦਾ ਸਰਕਾਰੀ ਰੁਤਬਾ ਖ਼ਤਮ ਹੋਣ ਤੋਂ ਬਾਅਦ ਫਿਰ ਉਹ ਪੱਛਮ ਵਲ ਨੂੰ ਆਇਆ ਅਤੇ ਵੈਸਟ ਇੰਡੀਜ਼ ਵਿਚ ਕਈ ਨਵੀਆਂ ਬਸਤੀਆਂ ਲਭੀਆਂ। ਅਪਣੇ ਅੰਤਲੇ ਦਿਨਾਂ ਵਿਚ ਵੀ ਕੋਲੰਬਸ ਸਮਝਦਾ ਸੀ ਕਿ ਜੋ ਬਸਤੀਆਂ ਉਸ ਨੇ ਲਭੀਆਂ ਹਨ, ਉਨ੍ਹਾਂ ਤੇ ਰਾਜ ਕਰਨ ਦਾ ਅਧਿਕਾਰ, ਉਸ ਦਾ ਹੈ। ਅਪਣੀ ਵਸੀਅਤ ਵਿਚ ਉਸ ਨੇ ਲਿਖਿਆ ਹੈ ਕਿ ‘‘ਮੈਂ ਸਪੇਨ ਨੂੰ ਇੰਡੀਜ਼ ਨੂੰ ਭੇਟ ਕੀਤਾ, ‘ਭੇਟ ਕੀਤਾ’ ਮੈਂ ਇਸ ਕਰ ਕੇ ਲਿਖਿਆ ਹੈ ਕਿਉਂਕਿ ਰੱਬ ਦੀ ਰਜ਼ਾ ਨਾਲ ਜੋ ਚੀਜ਼ ਮੇਰੀ ਸੀ, ਉਹ ਮੈਂ ਅਪਣੇ ਬਾਦਸ਼ਾਹ ਨੂੰ ਦਿਤੀ।’’
ਉਸ ਦੀ ਉਮਰ ਦੇ ਆਖ਼ਰੀ ਦਿਨ ਸ੍ਰੀਰਕ ਬਿਮਾਰੀਆਂ ਨਾਲ ਲੜਦਿਆਂ ਬੀਤੇ। ਸਮੁੰਦਰ ਦੀ ਹਰ ਸਮੇਂ ਨਮਕੀਨ ਹਵਾ ਦੇ ਅਸਰ ਨਾਲ ਉਸ ਦੀਆਂ ਅੱਖਾਂ ਵਿਚ ਲਾਲੀ, ਸ੍ਰੀਰ ਦੇ ਅੰਗਾਂ ਵਿਚ ਗਠੀਆ ਅਤੇ ਪਿਸ਼ਾਬ ਦਾ ਰੁਕਣਾ ਆਦਿ ਕਈ ਕਿਸਮ ਦੀਆਂ ਬਿਮਾਰੀਆਂ ਤੋਂ ਉਹ ਤੰਗ ਸੀ। 20 ਮਈ ਸੰਨ 1506 ਨੂੰ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਉਸ ਨੂੰ ਫਰਾਂਸੀਸੀ ਕਪੜਿਆਂ ਵਿਚ ਕਾਰਟੂਜਾ ਦੇ ਗਿਰਜਾ ਘਰ ਦੇ ਨਾਲ ਦਫਨਾਇਆ ਗਿਆ। ਪਰ ਉਸ ਦੀ ਰੂਹ ਨੂੰ ਇਥੇ ਵੀ ਚੈਨ ਨਸੀਬ ਨਾ ਹੋਇਆ ਅਤੇ ਉਸ ਦੇ ਸ੍ਰੀਰ ਦੀਆਂ ਹੱਡੀਆਂ ਨੂੰ ਇੱਜ਼ਤ ਨਾਲ ਸੈਂਟੋ ਡੋਮਿੰਗੇ ਦੇ ਕਿਲ੍ਹੇ ਵਿਚ ਲਿਜਾਇਆ ਗਿਆ। ਉਸ ਦੇ ਸ੍ਰੀਰ ਦੀਆਂ ਬਾਕੀ ਨਿਸ਼ਾਨੀਆਂ ਨੂੰ ਸੰਨ 1796 ਵਿਚ ਹਵਾਨਾ ਵਿਖੇ ਅਤੇ ਫਿਰ ਸੰਨ 1899 ਵਿਚ ਸੇਵਿਲ ਵਿਚ ਤਬਦੀਲ ਕੀਤਾ ਗਿਆ। ਕਈਆਂ ਦਾ ਖ਼ਿਆਲ ਹੈ ਕਿ ਸੈਂਟੋ ਡੋਮਿੰਗੋ ਵਿਚ ਕਿਸੇ ਹੋਰ ਦੀਆਂ ਹੱਡੀਆਂ ਨੂੰ ਹੀ ਲਿਜਾਇਆ ਗਿਆ।

 

Have something to say? Post your comment

Subscribe