ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਸਾਹਾਰੀ ਬਾਜ਼ ਹੀ ਕਿਉਂ ਰੱਖਦੇ ਸੀ? ਕੋਈ ਹੋਰ ਪੰਛੀ ਕਿਓਂ ਨਹੀਂ ?
ਬਾਜ਼ ਆਪਣੇ ਆਖਰੀ ਸਾਹਾਂ ਤਕ ਵੀ ਆਲਸੀ ਨਹੀਂ ਹੁੰਦਾ।
ਬਾਜ਼ ਹਵਾ ਦੇ ਬਹਾਅ ਤੋਂ ਉਲਟ ਉਡਦਾ ਹੈ
ਬਾਜ਼ ਕਦੀ ਹਾਰ ਨਹੀਂ ਮੰਨਦਾ, ਕਿਸੇ ਤੋਂ ਡਰਦਾ ਨਹੀਂ, ਦੱੁਖ ਭਰੀ ਜਿੰਦਗੀ ਵੀ ਖੁਸ਼ੀ ਖੁਸ਼ੀ ਜਿਉਂਦਾ ਹੈ।
ਇਸ ਲਈ ਕਿ ਬਾਜ਼ ਜਿਸ ਨੂੰ ਈਗਲ ਜਾਂ ਸ਼ਾਹੀਨ ਵੀ ਕਹਿੰਦੇ ਦਸ਼ਮੇਸ਼ ਪਿਤਾ ਜੀ ਦਾ ਦੁਲਾਰਾ ਅਣਖੀ ਦਲੇਰ ਅਤੇ ਹਿੰਮਤੀ ਪੰਛੀ ਹੈ। ਫ਼ਾਲਕੋ ਵੰਸ਼ ਦਾ ਇਹ ਸ਼ਿਕਾਰੀ ਪੰਛੀ (Raptor), ਗਰੁੜ ਨਾਲੋਂ ਛੋਟਾ ਹੁੰਦਾ ਹੈ। ਫ਼ਾਲਕੋ ਵੰਸ਼ ਵਿੱਚ ਸੰਸਾਰ ਭਰ ਵਿੱਚ ਲਗਭਗ ਚਾਲੀ ਪ੍ਰਜਾਤੀਆਂ ਮੌਜੂਦ ਹਨ ਅਤੇ ਵੱਖ – ਵੱਖ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ। ਸਾਰੇ ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇੱਕ ਤਾਂ ਬਾਜ਼ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ, ਦੂਜਾ ਇਸ ਨੂੰ ਵਸਤੂਆਂ ਆਕਾਰ ਨਾਲੋਂ ਵੱਡੀਆਂ ਨਜ਼ਰ ਆਉਂਦੀਆਂ ਹਨ। ਬਾਜ਼ 1.6 ਕਿਲੋਮੀਟਰ ਦੀ ਉਚਾਈ ’ਤੇ ਉਡਦਿਆਂ ਹੀ ਧਰਤੀ ਉੱਤੇ ਇੱਕ ਚੂਹੇ ਆਕਾਰ ਦੇ ਜੀਵ ਨੂੰ ਸਾਫ਼ ਵੇਖ ਸਕਦਾ ਹੈ। ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨਹੁੰਦਰਾਂ ਵਾਲਾ ਹੁੰਦਾ ਹੈ ਅਤੇ ਪਿਛਲੀ ਨਹੁੰਦਰ ਮੁਕਾਬਲਤਨ ਵੱਡੀ ਅਤੇ ਸ਼ਕਤੀਸ਼ਾਲੀ ਹੁੰਦੀ ਹੈ। ਮਾਸ ਨੋਚਣ ਲਈ ਇਸ ਦੀ ਚੁੰਝ ਹੁੱਕ ਵਾਂਗ ਮੁੜੀ ਹੋਈ ਹੁੰਦੀ ਹੈ ਜੋ ਕਾਬੂ ਆਏ ਸ਼ਿਕਾਰ ਨੂੰ ਪਲਾਂ ਵਿੱਚ ਹੀ ਫੀਤਾ-ਫੀਤਾ ਕਰ ਸੁੱਟਦੀ ਹੈ। ਆਮ ਤੌਰ ਉੱਤੇ ਬਾਜ਼ ਆਪਣੇ ਸ਼ਿਕਾਰ ਨੂੰ ਦਬੋਚਣ ਲਈ ਉਸ ਉਪਰ ਇੱਟ ਵਾਂਗ ਡਿੱਗ ਪੈਂਦਾ ਹੈ ਅਤੇ ਫਿਰ ਸ਼ਿਕਾਰ ਨੂੰ ਆਪਣੇ ਪੰਜਿਆਂ ਵਿੱਚ ਦਬੋਚ ਕੇ ਉੱਡ ਜਾਂਦਾ ਹੈ। ਇਹ ਸਭ ਕੁਝ 1-2 ਸਕਿੰਟਾਂ ਵਿੱਚ ਹੀ ਵਾਪਰ ਜਾਂਦਾ ਹੈ। ਬਾਜ਼ਾਂ ਨੂੰ ਚੂਹੇ, ਕਿਰਲੀਆਂ ਦਾ ਸ਼ਿਕਾਰ ਕਰਨਾ ਪਸੰਦ ਹੈ। ਸੱਪ ਵੀ ਇਨ੍ਹਾਂ ਦੇ ਭੋਜਨ ਵਿੱਚ ਸ਼ਾਮਿਲ ਹਨ। ਅੱਜ ਵੀ ਕਜ਼ਾਖਸਤਾਨ, ਜਾਪਾਨ ਅਤੇ ਕੇਂਦਰੀ ਏਸ਼ੀਆ ਦੇ ਕੁਝ ਭਾਗਾਂ ਵਿੱਚ ਬਾਜ਼ ਨਾਲ ਸ਼ਿਕਾਰ ਕਰਨ ਦੀ ਸ਼ਾਹੀ ਰਵਾਇਤ ਨੂੰ ਬਾਜ਼ ਪਾਲਕਾਂ ਵੱਲੋਂ ਜਿਉਂਦਾ ਰੱਖਿਆ ਜਾ ਰਿਹਾ ਹੈ। ਗੁਰੂ ਸਾਹਿਬ ਨੇ ਇਕ ਮਾਸਾਹਾਰੀ ਪੰਛੀ ਬਾਜ ਨੂੰ ਹਮੇਸ਼ਾਂ ਆਪਣੇ ਨਾਲ ਕਿਓਂ ਰਖਿਆ ਹੈ? ਕਿਓਂਕਿ ਗੁਰੂ ਸਾਹਿਬ ਦੇ ਹਰ ਕਦਮ ਪਿਛੇ ਕੌਮ ਦੀ ਭਲਾਈ ਲਈ ਕੋਈ ਨਾ ਕੋਈ ਸੰਦੇਸ਼ ਜਰੂਰ ਹੁੰਦਾ ਸੀ। ਆਓ ਜਾਣੀਏ ਕਾਰਨ ਕਿਉਂ ਸੀ ਬਾਜ਼ਾ ਗੁਰੂ ਸਾਹਿਬਾਂ ਕੋਲ:-
r1. ਬਾਜ਼ ਦੀ ਫਿਤਰਤ ਵਿਚ ਗੁਲਾਮੀ ਨਹੀਂ ਹੁੰਦੀ। ਉਸ ਨੂੰ ਤੁਸੀਂ ਪਿੰਜਰੇ ਵਿਚ ਨਹੀਂ ਰਖ ਸਕਦੇ ਜੇ ਰਖੋਗੇ ਤਾਂ ਯਾ ਤਾਂ ਉਹ ਪਿੰਜਰੇ ਨੂੰ ਤੋੜ ਦੇਵੇਗਾ ਜਾਂ ਅੰਦਰ ਹੀ ਆਪਣੀ ਜਾਨ ਦੇ ਦੇਵੇਗਾ। ਸਿੱਖ ਵੀ ਕਿਸੇ ਦੀ ਗੁਲਾਮੀਂ ਪਸੰਦ ਨਹੀਂ ਕਰਦਾ। ਗੁਰਮਤਿ ਵਿਚ ਅਗਰ ਕੋਈ ਕਿਸੀ ਨੂੰ ਕੈਦ ਕਰਦਾ ਹੈ ਉਸ ਨੂੰ ਗੁਲਾਮੀ ਨਹੀਂ ਕਿਹਾ ਜਾਂਦਾ ਗੁਲਾਮੀ ਉਸ ਨੂੰ ਕਿਹਾ ਗਿਆ ਜੋ ਆਪਣੀ ਜ਼ਮੀਰ ਵੇਚ ਦੇਵੇ, ਆਪਣੀ ਜ਼ਮੀਰ ਕਿਸੀ ਲਾਲਚ ਕਾਰਣ ਅਗਲੇ ਦੇ ਕਦਮਾਂ ਵਿਚ ਧਰ ਦੇਵੇ, ਆਪਣੀ ਸੋਚ ਨੂੰ ਦੂਸਰੇ ਦੇ ਅਧੀਨ ਕਰ ਦੇਵੇ, ਭਾਵ ਮਾਨਸਿਕ ਤੌਰ ’ਤੇ ਖਤਮ ਹੋ ਜਾਵੇ-ਗੁਰੂ ਸਾਹਿਬ ਵੇਲੇ ਭਾਵੇ ਰਾਜ ਮੁਗਲਾਂ ਦਾ ਸੀ , ਜਹਾਂਗੀਰ, ਔਰੰਗਜ਼ੇਬ ਵਰਗੇ ਬੜੇ-ਬੜੇ ਜ਼ਾਲਿਮ ਬਾਦਸ਼ਾਹ ਹੋਏ ਸਨ, ਗੁਰੂ ਸਾਹਿਬ ਨੇ ਡਟ ਕੇ ਮੁਕਾਬਲਾ ਕੀਤਾ, ਚਾਹੇ ਅਨੇਕਾਂ ਮੁਸੀਬਤਾ ਸਹੀਂਆਂ, ਬੱਚੇ, ਮਾਂ-ਬਾਪ, ਘਰ ਘਾਟ, ਦੌਲਤ ਸਭ ਕੁਝ ਵਾਰ ਦਿੱਤਾ ਪਰ ਜ਼ੁਲਮ ਅੱਗੇ ਹਾਰ ਨਹੀਂ ਮੰਨੀ, ਘੁੱਟਨੇ ਨਹੀਂ ਟੇਕੇ। ਗੁਰੂ ਸਾਹਿਬ ਤੋਂ ਬਾਅਦ ਸਿੱਖਾਂ ਨੇ ਜੰਗਲਾਂ ਵਿਚ ਰਹਿਣਾ ਪ੍ਰਵਾਨ ਕਰ ਲਿਆ, ਦਰਖਤਾਂ ਦੇ ਪੱਤੇ ਖਾਕੇ ਗੁਜ਼ਾਰਾ ਕੀਤਾ ਜੰਗਲਾਂ ਦੀਆਂ ਠੰਡੀਆਂ ਰਾਤਾਂ ਵਿਚ ਕਾਠੀਆਂ ਤੇ ਜਾਂ ਭੁੰਜੇ ਸੌਣਾ ਕਬੂਲ ਕਰ ਲਿਆ ਪਰ ਗੁਲਾਮੀ ਮਨਜੂਰ ਨਹੀਂ ਕੀਤੀ।
r2. ਬਾਜ਼ ਕਿਸੇ ਦੇ ਕੀਤੇ ਸ਼ਿਕਾਰ ਨੂੰ ਨਹੀਂ ਖਾਂਦਾ ਇਸੇ ਤਰ੍ਹਾਂ ਹਰ ਸਿਖ ਨੂੰ ਆਦੇਸ਼ ਹੈ ਕਿ ਆਪਣੀ ਕਿਰਤ ਦੀ ਕਮਾਈ ਖਾਵੇ ਉਹ ਵੀ ਵੰਡ ਕੇ, ਮੁਫਤ ਦੀ, ਜਾਂ ਦੂਜੇ ਦੇ ਹੱਥ ਦੀ ਕੀਤੀ ਕਮਾਈ ਵਲ ਨਾ ਵੇਖੇ ।
r3. ਬਾਜ਼ ਦੀ ਉਡਾਰੀ ਬਹੁਤ ਉਚੀ ਹੁੰਦੀ ਹੈ -ਅਸਮਾਨਾਂ ਨੂੰ ਛੁਹਣ ਵਾਲੀ -ਪਰ ਨਜ਼ਰਾਂ ਹਮੇਸ਼ਾਂ ਨੀਵੀਆਂ, ਧਰਤੀ ਤੇ ਰਹਿੰਦੀਆਂ ਹਨ । ਸਿੱਖਾਂ ਨੂੰ ਵੀ ਮਨ ਨੀਵਾਂ ਤੇ ਮੱਤ ਉਚੀ ਰੱਖਣ ਦਾ ਗੁਰਮਤਿ ਵਲੋਂ ਸੰਦੇਸ਼ ਹੈ।
r4. ਬਾਜ਼ ਆਪਣੇ ਆਖਰੀ ਸਾਹਾਂ ਤਕ ਵੀ ਆਲਸੀ ਨਹੀਂ ਹੁੰਦਾ। ਸਿੱਖ ਕਦੀ ਆਲਸੀ ਨਹੀਂ ਹੁੰਦਾ, ਮਿਹਨਤ ਮਜ਼ਦੂਰੀ ਕਰਨ ਨੂੰ ਹਰ ਵਕਤ ਤਿਆਰ ਬਰ ਤਿਆਰ ਰਹਿੰਦਾ ਹੈ। ਕਿਸੇ ਦੇ ਆਸਰੇ ਵੱਲ ਨਹੀਂ ਤਕਦਾ, ਅੱਜ ਦਾ ਕੰਮ ਕੱਲ੍ਹ ’ਤੇ ਨਾ ਛਡਣ ਤੇ ਹੁਣ ਦਾ ਕੰਮ ਹੁਣੇ ਕਰਨ ਦਾ ਸੰਕਲਪ ਰਖਦਾ ਹੈ।
r5. ਬਾਜ਼ ਹਵਾ ਦੇ ਬਹਾਅ ਤੋਂ ਉਲਟ ਉਡਦਾ ਹੈ। ਹਵਾ ਦੀ ਵਹੀਂ ਵਿਚ ਨਹੀਂ ਉਡਦਾ। ਸਿੱਖ ਵੀ ਆਪਣੀ ਮੌਜ-ਮਸਤੀ ਵਿਚ ਤੇ ਜ਼ਿੰਦਾ ਦਿਲੀ ਨਾਲ ਜਿੰਦਗੀ ਬਸਰ ਕਰਦਾ ਹੈ।
r6. ਉਹ ਕਦੀ ਘੋਸਲਾ ਨਹੀਂ ਬਣਾਉਂਦਾ, ਖੁੱਲ੍ਹਾ ਆਸਮਾਨ ਹੀ ਉਸਦੀ ਛੱਤ ਤੇ ਧਰਤੀ ਜ਼ਮੀਨ ਹੁੰਦੀ ਹੈ ਸਿੱਖ ਨੂੰ ਵੀ ਮੋਹ ਮਾਇਆ ਦੇ ਜਾਲ ਵਿਚ ਨਾ ਫਸਣ ਦਾ ਗੁਰੂ-ਸਹਿਬਾਨਾ ਵਲੋਂ ਹੁਕਮ ਹੈ।
r7. ਬਾਜ਼ ਕਦੀ ਹਾਰ ਨਹੀਂ ਮੰਨਦਾ, ਕਿਸੇ ਤੋਂ ਡਰਦਾ ਨਹੀਂ, ਦੱੁਖ ਭਰੀ ਜਿੰਦਗੀ ਵੀ ਖੁਸ਼ੀ ਖੁਸ਼ੀ ਜਿਉਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਤੇ ਹਰ ਗੁਰੂ ਸਹਿਬਾਨ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਿੱਖ ਨੂੰ ਇਹੀ ਸਿਖਾਇਆ ਹੈ ਕਿ ‘ਨਾ ਡਰੋ-ਨਾ ਡਰਾਓ’ “ਭੈ ਕਾਹੂ ਕੋ ਦੇਤ ਨਹਿ। ਨਹਿ ਭੈ ਮਾਨਤ ਆਨ”॥’’
ਕਮਾਲ ਦੀ ਗੱਲ: ਬਾਜ਼ ਲਗਭਗ 70 ਸਾਲ ਜਿਉਂਦਾਂ ਹੈਂ, ਪਰੰਤੂ ਆਪਣੇ ਜੀਵਨ ਦੇ 40 ਵੇਂ ਸਾਲ ਵਿੱਚ ਆਉਂਦੇ – ਉਸਦੀ ਜਿੰਦਗੀ ਵਿਚ ਇਕ ਨਵਾਂ ਮੋੜ ਆਉਂਦਾ ਹੈ ਜਿਸ ਵਕਤ ਉਸ ਨੂੰ ਇੱਕ ਮਹੱਤਵਪੂਰਣ ਨਿਰਣਾ ਲੈਣਾ ਪੈਂਦਾ ਹੈ, ਜਿਸ ਤੋਂ ਬਾਅਦ ਉਹ ਇਕ ਨਵੀਂ ਜਿੰਦਗੀ ਵਿਚ ਪ੍ਰਵੇਸ਼ ਹੁੰਦਾ ਹੈ। 40 ਸਾਲ ਦੀ ਉਮਰ ਤਕ ਪਹੁੰਚਦੇ ਪਹੁੰਚਦੇ ਉਸਦੇ ਪੰਜੇ, ਚੁੰਝ ਤੇ ਖੰਬ ਸਭਨਾਂ ਦੀ ਹਾਲਤ ਵਿਗੜ ਜਾਂਦੀ ਹੈ , ਪੰਜੇ ਲੰਬੇ ਤੇ ਲਚੀਲੇ ਹੋ ਜਾਂਦੇ ਹਨ , ਸ਼ਿਕਾਰ ਦੀ ਪਕੜ ਮੁਸ਼ਕਿਲ ਹੋ ਜਾਂਦੀ ਹੈ, ਚੁੰਝ ਮੁੜ ਜਾਂਦੀ ਹੈ, ਉਸਦੀ ਧਾਰ ਮੁੱਕ ਜਾਂਦੀ ਹੈ , ਭੋਜਨ ਖਾਣ ਵਿਚ ਅੜਚਨ ਪੈਦਾ ਕਰਦੀ ਹੈ। ਖੰਭ ਭਾਰੀ ਹੋ ਕੇ ਸੀਨੇ ਨਾਲ ਲਿਪਟ ਜਾਂਦੇ ਹਨ, ਠੀਕ ਤਰ੍ਹਾਂ ਖੁੱਲ੍ਹ ਨਹੀਂ ਸਕਦੇ, ਉੜਨਾ ਮੁਸ਼ਕਿਲ ਹੋ ਜਾਂਦਾ ਹੈ, ਉਚੀ ਉਡਾਰੀ ਸੀਮਤ ਹੋ ਜਾਂਦੀ ਹੈ। ਪਰ ਉਹ ਹਿੰਮਤ ਨਹੀਂ ਹਾਰਦਾ।
ਉਸ ਕੋਲ ਤਿੰਨ ਹੀ ਰਾਹ ਬਚਦੇ ਹਨ। ਜਾਂ ਖੁਦਕੁਸ਼ੀ ਕਰ ਲਏ ਜਾਂ ਇੱਲ ਵਾਂਗ ਦੂਜਿਆਂ ਦਾ ਜੂਠਾ ਖਾਏ , ਜਾਂ ਫਿਰ ‘ਖ਼ੁਦ ਨੂੰ ਪੁਨਰ ਸਥਾਪਿਤ ਕਰੇ”।
ਜਿੱਥੇ ਪਹਿਲਾਂ ਦੋ ਵਿਕਲਪ ਸਰਲ ਅਤੇ ਤੇਜ਼ ਹਨ, ਤੀਸਰਾ ਲੰਮਾ ਅਤੇ ਅਤਿਅੰਤ ਪੀੜਾਦਾਈਕ ਰਸਤਾ ਹੈ। ਇਸ ਲਈ ਉਹ ਉੱਚੇ ਪਹਾੜ ਤੇ ਚਲਾ ਜਾਂਦਾ ਹੈ ਤੇ ਇਕਾਂਤ ਵਿੱਚ ਅਪਣਾ ਆਲ੍ਹਣਾ ਬਣਾਉਂਦਾ ਹੈਂ ਅਤੇ ਖ਼ੁਦ ਨੂੰ ਪੁਨਰ ਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕਰਦਾ ਹੈਂ। ਪੱਥਰ ਦੀ ਚਟਾਨ ਨਾਲ ਮਾਰ ਮਾਰ ਕੇ ਉਹ ਆਪਣੀ ਚੁੰਝ ਭੰਨ ਦਿੰਦਾ ਹੈ, ਪੰਜਿਆਂ ਨੂੰ ਤੋੜ ਦਿੰਦਾ ਹੈ ਤੇ ਆਪਣੇ ਭਾਰੀ ਖੰਬਾਂ ਨੂੰ ਇਕ ਇਕ ਕਰਕੇ ਨੋਚ ਦਿੰਦਾ ਹੈ ਜੋ ਪੀੜਾ ਦਾਇਕ ਹੁੰਦੀ ਹੈ। ਅਗਲੇ 150 ਦਿਨਾਂ ਦੀ ਪੀੜਾ-ਭਰੀ ਉਡੀਕ ਤੋਂ ਬਾਅਦ ਮੁੜ ਕੇ ਨਵੀਂ ਚੁੰਝ, ਨਵੇ ਪੰਜੇ ਤੇ ਨਵੇਂ ਖੰਬ ਉਗ ਆਉਂਦੇ ਹਨ, ਫਿਰ ਤੋਂ ਮਿਲਦੀ ਹੈਂ ਬਾਜ਼ ਨੂੰ ਪਹਿਲਾਂ ਵਰਗੀ ਉਹੀ ਸ਼ਾਨਦਾਰ ਅਤੇ ਉੱਚੀ ਉਡਾਨ। ਇਸ ਪੁਨਰ ਸਥਾਪਨਾ ਦੀ ਪ੍ਰਕਿਰਿਆ ਤੋਂ ਬਾਦ ਉਹ 30 ਸਾਲ ਹੋਰ ਜਿਉਂਦਾ ਹੈਂ, ਊਰਜਾ, ਸਨਮਾਨ ਅਤੇ ਦ੍ਰਿੜਤਾ ਦੇ ਨਾਲ ੍ਟ
ਜਿਸ ਉਮਰੇ ਬਾਕੀ ਪੰਛੀਆਂ ਦੇ ਬੱਚੇ ਚਹਿਚਹਾਨਾ ਸਿਖਦੇ ਹਨ ਉਸ ਉਮਰ ਵਿੱਚ ਇਕ ਮਾਦਾ ਬਾਜ਼ ਆਪਣੇ ਚੂਜ਼ੇ ਨੂੰ ਪੰਜੇ ’ਚ ਦਬੋਜ ਕੇ ਸਭ ਤੋਂ ਉੱਚਾ ਉਡ ਜਾਂਦਾ ਹੈ, ਲਗਭਗ 12 ਕਿਲੋਮੀਟਰ ਉਚਾਈ ਤੇ , ਜਿੰਨੀ ਉਚਾਈ ਤੇ ਹਵਾਈ ਜਹਾਜ ਉੱਡਦੇ ਹਨ। ਇਹ ਉਚਾਈ ਤੈਅ ਕਰਨ ਚ ਮਾਦਾ ਬਾਜ 7 ਤੋਂ 9 ਮਿੰਟਾਂ ਦਾ ਟਾਇਮ ਲੈਂਦਾ ਹੈ। ਇਥੋਂ ਸ਼ੁਰੂ ਹੁੰਦੀ ਹੈ ਉਸ ਨਿੱਕੇ ਜਿਹੇ ਚੂਜ਼ੇ ਦੀ ਕਠਨ ਪਰੀਖਿਆ, ਉਤਰਦੇ ਵਕਤ ਮਾਦਾ ਬਾਜ ਉਸਨੂੰ ਆਪਣੇ ਪੰਜਿਆਂ ਚੋਂ ਛੱਡ ਦਿੰਦਾ ਹੈ। ਲਗਭਗ 2 ਕਿਲੋਮੀਟਰ ਉਸ ਚੂਜ਼ੇ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਸਦੇ ਨਾਲ ਕੀ ਵਾਪਰ ਰਿਹਾ ਹੈ, 7 ਕਿਲੋਮੀਟਰ ਤੈਅ ਕਰਨ ਤੋਂ ਬਾਅਦ ਉਸ ਚੂਜ਼ੇ ਦੇ ਪੰਖ ਜਿਹੜੇ ਕੰਜਾਇਨ ਨਾਲ ਜਕੜੇ ਹੁੰਦੇ ਹਨ, ਉਹ ਖੁੱਲਣ ਲਗਦੇ ਹਨ ਅਤੇ ਲਗਭਗ 9 ਕਿਲੋਮੀਟਰ ਬਾਅਦ ਉਸਦੇ ਪੰਖ ਪੂਰੇ ਖੁੱਲ ਜਾਂਦੇ ਹਨ , ਇਹ ਉਸਦੇ ਜੀਵਨ ਦਾ ਪਹਿਲਾ ਦੌਰ ਹੁੰਦਾ ਹੈ। ਜਦੋਂ ਬਾਜ਼ ਦਾ ਬੱਚਾ ਆਪਣੇ ਪੰਖ ਫੜਫੜਾਉਂਦਾ ਹੈ, ਪਰ ਉੜ ਨਹੀਂ ਸਕਦਾ, ਅਜੇ ਉੜਨਾ ਸਿਖਿਆ ਨਹੀਂ।
ਜਿਓਂ ਜਿਓਂ ਧਰਤੀ ਦੇ ਨੇੜੇ ਆਉਂਦਾ ਹੈ ਉਸ ਨੂੰ ਆਪਣੀ ਮੌਤ ਨਜਰ ਆਉਣ ਲਗਦੀ ਹੈ। ਜਦੋਂ ਉਸਦੀ ਦੂਰੀ ਧਰਤੀ ਤੋਂ ਮਹਿਜ 400/500 ਮੀਟਰ ਦੀ ਰਹਿ ਜਾਂਦੀ ਹੈ ਪਰ ਉਸਦੇ ਪੰਖ ਅਜੇ ਇਤਨੇ ਮਜਬੂਤ ਨਹੀ ਹੁੰਦੇ ਕਿ ਉਹ ਉਡ ਸੱਕੇ, ਤਾਂ ਅਚਾਨਕ ਇਕ ਪੰਜਾ ਆਕੇ ਉਸਨੂੰ ਆਪਣੀ ਗਿਰਫ਼ਤ ’ਚ ਲੈ ਲੈਂਦਾ ਹੈ ਤੇ ਆਪਣੇ ਪੰਖਾਂ ਦੇ ਦਰਮਿਆਨ ਸਮਾ ਲੈਂਦਾ ਹੈ । ਇਹ ਪੰਜਾ ਉਸਦੀ ਮਾਂ ਦਾ ਹੁੰਦਾ ਹੈ, ਜਿਹੜੀ ਬਿਲਕੁਲ ਉਸਦੇ ਉੱਤੇ ਚਿਪਕ ਕੇ ਉੱਡ ਰਹੀ ਹੁੰਦੀ ਹੈ ਪਰ ਉਹ ਬੇਖਬਰ ਹੁੰਦਾ ਹੈ, ਅਤੇ ਉਸਦੀ ਇਹ ਟਰੇਨਿੰਗ ਨਿਰੰਤਰ ਜਾਰੀ ਰਹਿੰਦੀ ਹੈ ਜਦੋਂ ਤੱਕ ਉਹ ਉੱਡਣਾ ਨਹੀ ਸਿਖਦਾ, ਇਹ ਟਰੇਨਿੰਗ ਕਿਸੇ ਕਮਾਂਡੋ ਤੋਂ ਘਟ ਨਹੀ ਹੈ।
ਇਕ ਅਖਾਣ ਹੈ “ਬਾਜ਼ ਦੇ ਬੱਚੇ ਮੁੰਡੇਰਾਂ ’ਤੇ ਨਹੀਂਉਂ ਉੱਡਦੇ”’’ ਇਨ੍ਹਾ ਗੁਣਾ ਕਰਕੇ ਅਤੇ ਦਸਮ ਪਾਤਿਸ਼ਾਹ ਦਾ ਚਹੇਤਾ ਪੰਛੀ ਹੋਣ ਸਦਕਾ, ਬਾਜ਼ ਨੂੰ ਪੰਜਾਬ ਦਾ ਰਾਜਸੀ ਪੰਛੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ॥
-ਪੇਸ਼ਕਸ਼: ਹਰਜਿੰਦਰ ਸਿੰਘ ਬਸਿਆਲਾ-