ਨਿਊਜ਼ੀਲੈਂਡ : ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦਾ 21 ਮਾਰਚ 2021 ਨੂੰ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵੱਲੋਂ ਉਦਘਾਟਨ ਕੀਤਾ ਗਿਆ। ਇਸ ਦੌਰਾਨ ਆਪਣੇ ਸੰਬੋਧਨ ਵਿਚ ਪੀ.ਐਮ. ਨੇ ਨਿਊਜ਼ੀਲੈਂਡ ਦੀ ਤਰੱਕੀ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਲਈ ਸ਼ਲਾਘਾ ਵੀ ਕੀਤੀ। ਇੱਥੇ ਸਿੱਖ ਹੈਰੀਟੇਜ ਸਕੂਲ ਵਿਚ ਹੁਣ ਸਕੂਲ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਇਤ ਕਰਨ ਅਤੇ ਸੁਚੱਜੇ ਜੀਵਨ ਲਈ ਪ੍ਰੇਰਿਤ ਕਰਨ ਲਈ ਇਹ ਕੰਪਲੈਕਸ ਬਣਾਇਆ ਗਿਆ ਹੈ, ਜੋ ਕਿ ਆਪਣੇ ਆਪ ਵਿਚ ਹੀ ਇਤਿਹਾਸਕ ਹੈ। ਇਸ ਵਿਸ਼ਵ ਪੱਧਰੀ ਬਹੁਮੰਤਵੀ ਕੰਪਲੈਕਸ ਵਿਚ 7 ਵੱਖ-ਵੱਖ ਖੇਡ ਸੈਂਟਰ ਉਸਾਰੇ ਗਏ ਹਨ। ਜਿਨ੍ਹਾਂ ਵਿਚ ਫੀਫਾ ਤੋਂ ਮਨਜ਼ੂਰ ਫੁੱਟਬਾਲ ਗਰਾਊਂਡ, ਹਾਕੀ, ਵਾਲੀਬਾਲ, ਬਾਸਕਟਬਾਲ, ਕ੍ਰਿਕਟ, ਕਬੱਡੀ, 100 ਮੀਟਰ ਰੇਸ ਟਰੈਕ ਆਦਿ ਖੇਡਾਂ ਹਨ। ਇਹ ਸਪੋਰਟਸ ਕੰਪਲੈਕਸ 8.6 ਏਕੜ ਜ਼ਮੀਨ ’ਤੇ ਬਣਾਇਆ ਗਿਆ ਹੈ। ਪੂਰਾ ਖੇਡ ਕੰਪਲੈਕਸ 7 ਵੱਡੀਆਂ ਲਾਈਟਾਂ ਨਾਲ ਰੌਸ਼ਨ ਹੋਵੇਗਾ। ਇਨ੍ਹਾਂ ਫਲੱਡ ਲਾਈਟਾਂ ਵਿਚ ਇਨ ਬਿਲਟ ਸਾਊਂਡ ਸਿਸਟਮ ਰੱਖਿਆ ਗਿਆ ਹੈ ਤਾਂ ਜੋ ਖੇਡ ਪ੍ਰਬੰਧਕਾਂ ਨੂੰ ਵੱਖ ਤੋਂ ਸਾਊਂਡ, ਮਾਈਕ੍ਰੋਫੋਨ ਅਤੇ ਪਬਲਿਕ ਐਡਰੈਸ ਸਿਸਟਮ ਦਾ ਬੰਦੋਬਸਤ ਨਾ ਕਰਨਾ ਪਵੇ।