ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਵਿੰਗ ਨੇ ਅੱਜ ਐਲਾਨ ਕੀਤਾ ਕਿ ਉਸ ਵੱਲੋਂ 2 ਨਵੰਬਰ ਨੂੰ ਨਾਭਾ ਵਿਚ ਵਿਸ਼ਾਲ ਰੈਲੀ ਕੀਤੀ ਜਾਵੇਗੀ ਜਿਸ ਵਿਚ ਐੱਸ ਸੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕਰਨ ਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾਵੇਗੀ। ਪਾਰਟੀ ਨੇ ਸੂਬੇ ਦੀਆਂ ਸਾਰੀਆਂ ਅਨੁਸੂਚਿਤ ਜਾਤੀ ਐੱਸੋਸੀਏਸ਼ਨਾਂ ਨੂੰ ਇੱਕਜੁੱਟ ਹੋ ਕੇ ਦਲਿਤ ਵਿਦਿਆਰਥੀਆਂ ਜਿਨ੍ਹਾਂ ਦੀ ਸਕਾਲਰਸ਼ਿਪ ਦੀ ਰਾਸ਼ੀ ਧਰਮਸੋਤ ਤੇ ਉਸਦੇ ਸਾਥੀਆਂ ਨੇ ਹੜੱਪ ਲਈ, ਵਾਸਤੇ ਨਿਆਂ ਮੰਗਿਆ ਜਾਵੇਗਾ। ਇਸ ਬਾਬਤ ਫ਼ੈਸਲਾ ਅੱਜ ਹੋਈ ਪਾਰਟੀ ਦੀ 27 ਮੈਂਬਰੀ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਦਲਿਤ ਮਾਮਲਿਆਂ ’ਤੇ ਬਣਾਈ ਪਾਰਟੀ ਦੀ ਇਸ ਕਮੇਟੀ ਦੀ ਮੀਟਿੰਗ ਦ ਪ੍ਰਧਾਨਗੀ ਸੀਨੀਅਰ ਡਾ. ਚਰਨਜੀਤ ਸਿੰਘ ਅਟਵਾਲ ਨੇ ਕੀਤੀ।
ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਡਾ. ਚਰਨਜੀਤ ਸਿੰਘ ਅਟਵਾਲ ਅਤੇ ਐੱਸ ਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੇ ਦੱਸਿਆ ਕਿ ਨਾਭਾ ਵਿਖੇ 2 ਨਵੰਬਰ ਨੂੰ ਵਿਸ਼ਾਲ ਰੈਲੀ ਕਰ ਕੇ ਧਰਮਸੋਤ ਨੂੰ ਬਰਖ਼ਾਸਤ ਕਰਨ ਤੇ ਗ੍ਰਿਫ਼ਤਾਰ ਕਰਨ ਅਤੇ ਕੇਸ ਸੀ ਬੀ ਆਈ ਹਵਾਲੇ ਕਰਨ ਦੀ ਮੰਗ ਕਰਨ ਤੋਂ ਇਲਾਵਾ ਵੱਲੋਂ ਨਵੰਬਰ ਮਹੀਨੇ ਵਿਚ ਹੀ ਫਗਵਾੜਾ ਵਿਚ ਰੈਲੀ ਕੀਤੀ ਜਾਵੇਗੀ ਤੇ ਮੰਗ ਕੀਤੀ ਜਾਵੇਗੀ ਕਿ ਸਾਬਕਾ ਐੱਸ ਸੀ ਭਲਾਈ ਡਾਇਰੈਕਟਰ ਤੇ ਵਿਧਾਇਕ ਬਣੇ ਬਲਵਿੰਦਰ ਸਿੰਘ ਢਿੱਲੋਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜੋ ਕਿ 69 ਕਰੋੜ ਰੁਪਏ ਦੇ ਐੱਸ ਸੀ ਸਕਾਲਰਸ਼ਿਪ ਘੁਟਾਲੇ ਦਾ ਮੁੱਖ ਦੋਸ਼ੀ ਹੈ।
ਸੀਨੀਅਰ ਦਲਿਤ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਕਾਂਗਰਸ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਧਰਮਸੋਤ ਅਤੇ ਢਿੱਲੋਂ ਦੀ ਨਿਖੇਧੀ ਨਾ ਕੀਤੀ ਅਤੇ ਦਲਿਤ ਵਿਦਿਆਰਥੀਆਂ ਦੀ ਹਮਾਇਤ ਵਿਚ ਨਾ ਨਿੱਤਰੇ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਘਰਾਂ ਦਾ ਘਿਰਾਓ ਕਰੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸ਼ਗਨ ਸਕੀਮ ਤੇ ਬੁੱਢਾਪਾ ਪੈਨਸ਼ਨਾਂ ਵਿਚ ਹੋਈਆਂ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਡਾ. ਅਟਵਾਲ ਤੇ ਰਾਣੀਕੇ ਨੇ ਸਾਰੀਆਂ ਦਲਿਤ ਵਿਦਿਆਰਥੀ ਯੂਨੀਅਨਾਂ ਤੇ ਐੱਸ ਸੀ ਸਮਾਜਿਕ ਤੇ ਧਾਰਮਿਕ ਸੰਗਠਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਤਿੰਨ ਲੱਖ ਐਸ ਸੀ ਵਿਦਿਆਰਥੀਆਂ ਦੀ ਇਸ ਲੜਾਈ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ। ਇਹਨਾਂ ਆਗੂਆਂ ਨੇ ਕਿਹਾ ਕਿ ਐਸ ਸੀ ਵਿੰਗ ਸਾਰੇ ਦਲਿਤ ਸੰਗਠਨਾਂ ਨੂੰ ਨਾਲ ਲੈ ਕੇ ਦਲਿਤ ਵਿਦਿਆਰਥੀਆਂ ਦੀ ਲੜਾਈ ਲੜੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਹਣ ਸਿੰਘ ਠੰਡਲ, ਦਰਬਾਰਾ ਸਿੰਘ ਗੁਰੂ, ਬੀਬੀ ਮਹਿੰਦਰ ਕੌਰ ਜੋਸ਼, ਵਿਧਾਇਕ ਬਲਦੇਵ ਸਿੰਘ ਖਹਿਰਾ, ਡਾ. ਸੁਖਵਿੰਦਰ ਸੁੱਖੀ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਤੇ ਇੰਦਰਬੀਰ ਸਿੰਘ ਅਟਵਾਲ ਵੀ ਮੀਟਿੰਗ ਵਿਚ ਸ਼ਾਮਲ ਸਨ।