Saturday, January 18, 2025
 

ਚੰਡੀਗੜ੍ਹ / ਮੋਹਾਲੀ

ਮੋਹਾਲੀ : ਸਰਸ ਮੇਲੇ ’ਚ ਲੋਕਾਂ ਦੀ ਵਧੀ ਰੂਚੀ

October 21, 2024 08:27 AM

ਮੋਹਾਲੀ : ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਸਰਸ ਮੇਲੇ ’ਤੇ ਬਹੁ-ਭਾਂਤੀ ਸਭਿਆਚਾਰਕ ਪੇਸ਼ਕਾਰੀਆਂ ਅਤੇ ਨਾਮਵਰ ਕਲਾਕਾਰਾਂ ਦੀਆਂ ਸੰਗੀਤਕ ਸ਼ਾਮਾਂ ਦੇ ਨਾਲ-ਨਾਲ ਸਮਾਜਿਕ ਜ਼ਿੰਮੇਂਵਾਰੀਆਂ ਨਾਲ ਭਰਪੂਰ ਗਤੀਵਿਧੀਆਂ ਵੀ ਰੋਜ਼ਾਨਾ ਕਰਵਾਈਆਂ ਜਾ ਰਹੀਆਂ ਹਨ।
ਬ੍ਰਹਮਕੁਮਾਰੀਆਂ ਦੇ ਸਥਾਨਕ ਆਸ਼ਰਮ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਚੇਤਨਾ ਪੈਦਾ ਕਰਨ ਲਈ ਸਟੇਜ ’ਤੇ ਨਸ਼ਿਆਂ ਖ਼ਿਲਾਫ਼ ਨਾਟਕ ਖੇਡਿਆ ਗਿਆ ਅਤੇ ਬ੍ਰਹਮਕੁਮਾਰੀਆਂ ਵੱਲੋਂ ਅਧਿਆਤਮਵਾਦ ਰਾਹੀਂ ਸਮਾਜਿਕ ਬੁਰਾਈਆਂ ’ਤੇ ਕਾਬੂ ਪਾਉਣ ਦਾ ਸੰਦੇਸ਼ ਦਿੱਤਾ ਗਿਆ। ਬਾਅਦ ਵਿੱਚ ਮੇਲੇ ’ਚ ਚੇਤਨਾ ਰੈਲੀ ਕੱਢ ਕੇ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ ਗਿਆ।
ਐਤਵਾਰ ਦਾ ਦਿਨ ਹੋਣ ਕਾਰਨ ਅੱਜ ਮੇਲੇ ’ਚ ਲੋਕਾਂ ਦੀ ਆਮ ਨਾਲੋਂ ਵੱਧ ਆਮਦ ਦੇਖੀ ਗਈ ਅਤੇ ਲੋਕਾਂ ਵੱਲੋਂ ਮੇਲੇ ’ਚ ਸ਼ਿਲਪਕਾਰੀ ਅਤੇ ਦਸਤਕਾਰੀ ਵਸਤਾਂ ਦੀ ਚੰਗੀ ਖਰੀਦ ਕੀਤੀ ਗਈ। ਮੇਲੇ ’ਚ ਲੱਕੜ ਦੀ ਨਕਾਸ਼ੀ ਵਾਲੀਆਂ ਵਸਤਾਂ, ਮਹੀਨ ਮੀਨਾਕਾਰੀ ਵਾਲੀਆਂ ਤੇ ਤਰਾਸ਼ੀਆਂ ਹੋਈਆਂ ਪੱਥਰ ਦੀਆਂ ਮੂਰਤਾਂ ਤੇ ਵਸਤਾਂ, ਕਢਾਈ ਵਾਲੀਆਂਫੁਲਕਾਰੀਆਂ ਤੇ ਜੁੱਤੀਆਂ, ਅਚਾਰ-ਮੁਰੱਬੇ ਅਤੇ ਕਸ਼ਮੀਰ ਦੇ ਵੱਖਰੇ ਸੁਆਦ ਵਾਲੇ ਕਾਹਵੇ ਦੀਆਂ ਧੁੰਮਾਂ ਪਈਆਂ ਹੋਈਆਂ ਹਨ।
ਜੋਧਪੁਰ ਸ਼ਹਿਰ ਦੇ ਮਹੇਸ਼ ਕੁਮਾਰ ਜੋ ਕਿ ਪੰਜ ਪੀੜੀਆਂ ਤੋਂ ਲਗਾਤਾਰ ਰਾਜਸਥਾਨੀ ਜੁੱਤੀ ਦਾ ਕੰਮ ਕਰ ਰਹੇ ਹਨ, ਦੀ ਸਟਾਲ ਟ੍ਰਾਈਸਿਟੀ ਦੇ ਬਸ਼ਿੰਦਿਆਂ ਲਈ ਪਹਿਲੀ ਪਸੰਦ ਬਣੀ ਹੋਈ ਹੈ। ਮਹੇਸ਼ ਕੁਮਾਰ ਦੇ ਦਾਦਾ ਮਿਸ਼ਰੀ ਲਾਲ ਅਤੇ ਪਿਤਾ ਫਾਹੂ ਲਾਲ ਜੋਧਪੁਰ ਦੇ ਪਿੰਡ ਜਤਰਨ ਦੇ ਰਹਿਣ ਵਾਲੇ ਹਨ ਅਤੇ ਹੱਥੀਂ ਬੱਕਰੇ ਅਤੇ ਊਠ ਦੀ ਖੱਲ ਤੋਂ ਜੁੱਤੀਆਂ ਤਿਆਰ ਕਰਦੇ ਹਨ। ਮਹੇਸ਼ ਕੁਮਾਰ ਦੇ ਨਾਲ਼ ਉਸ ਦੇ ਚਾਚੇ ਦਾ ਮੁੰਡਾ ਮਾਂਗੀ ਲਾਲ ਵੀ ਜੁੱਤੀਆਂ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕੇ ਰਾਜਸਥਾਨੀ ਦੇਸੀ ਜੁੱਤੀ, ਖੁੱਸਾ ਅਤੇ ਨਾਗਰਾ ਸਟਾਇਲ ਦੀਆਂ ਔਰਤਾਂ ਅਤੇ ਬੱਚਿਆਂ ਤੇ ਮਰਦਾਂ ਦੀਆਂ ਜੁੱਤੀਆਂ ਬਣਾਈਆਂ ਜਾਂਦੀਆਂ ਹਨ ਜੋ ਕਿ ਕਿਸੇ ਸਮੇਂ ਜੋਧਪੁਰ ਦੇ ਮਹਾਰਾਜਾ ਪਰਿਵਾਰ ਦੇ ਲੋਕ ਪਾਉਂਦੇ ਸੀ। ਮਹੇਸ਼ ਕੁਮਾਰ ਵੱਲੋਂ ਬਣਾਈ ਤਿੰਨ ਫੁੱਟ ਲੰਬੀ ਮਹੀਨ ਕਢਾਈ ਵਾਲੀ ਜੁੱਤੀ ਰਾਸ਼ਟਰੀ ਐਵਾਰਡ ਲਈ ਵੀ ਚੁਣੀ ਗਈ ਸੀ।

 

Have something to say? Post your comment

 
 
 
 
 
Subscribe