ਪੇਸ਼ਾਵਰ : ਇਸਲਾਮਿਕ ਸਟੇਟ ਖੁਰਾਸਾਨ (ਆਈ.ਐਸ.ਆਈ.ਐਸ.-ਕੇ) ਨੇ ਪੇਸ਼ਾਵਰ ਸ਼ਹਿਰ ਵਿਚ ਇਕ ਮਸ਼ਹੂਰ ਸਿੱਖ ਹਕੀਮ ਦੇ ਕਤਲ ਦੀ ਜ਼ਿੰਮੇਦਾਰੀ ਲਈ ਹੈ। ਇਹ ਸਮੂਹ ਇਸਲਾਮਿਕ ਸਟੇਟ ਅਫ਼ਗ਼ਾਨਿਸਤਾਨ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਦਸਿਆ ਕਿ ਹਕੀਮ ਸਰਦਾਰ ਸਤਮਨ ਸਿੰਘ (ਖ਼ਾਲਸਾ) ਵੀਰਵਾਰ ਨੂੰ ਅਪਣੇ ਕਲੀਨਿਕ ਵਿਚ ਸੀ, ਉਦੋਂ ਅਣਪਛਾਤੇ ਬੰਦੂਕਧਾਰੀਆਂ ਨੇ ਉਸ ਦੇ ਕਮਰੇ ਵਿਚ ਦਾਖ਼ਲ ਹੋਏ ਅਤੇ ਉਨ੍ਹਾਂ ਉਤੇ ਗੋਲੀਆਂ ਚਲਾ ਦਿਤੀਆਂ। ਇਸ ਤੋਂ ਬਾਅਦ ਅਪਰਾਧੀ ਉਥੋਂ ਭੱਜ ਗਏ। ਪੁਲਿਸ ਨੇ ਕਿਹਾ ਕਿ ਯੂਨਾਨੀ ਡਾਕਟਰ ਸਿੰਘ ਨੂੰ 4 ਗੋਲੀਆਂ ਲਗੀਆਂ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਈ.ਐਸ.ਆਈ.ਐਸ.-ਕੇ ਨੇ ਵੀਰਵਾਰ ਰਾਤ ਸ਼ੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਇਕ ਵੀਡੀਉ ਵਿਚ ਸਿੰਘ ਦੇ ਕਤਲ ਦੀ ਜ਼ਿੰਮੇਦਾਰੀ ਲਈ ਹੈ।
ਪੰਜਾਬ ਪੁਲਿਸ ਅਨੁਸਾਰ ਸਿੰਘ ਇਕ ਦਿਨ ਪਹਿਲਾਂ ਹਸਨ ਅਬਦਾਲ ਤੋਂ ਪੇਸ਼ਾਵਰ ਆਏ ਸਨ। ਉਹ ਸਿੱਖ ਭਾਈਚਾਰੇ ਵਿਚ ਪ੍ਰਸਿੱਧ ਹਸਤੀ ਸਨ। ਉਹ ਪੇਸ਼ਾਵਰ ਦੇ ਚਰਸੱਦਾ ਰੋਡ ’ਤੇ ਧਰਮਿੰਦਰ ਫਾਰਮੇਸੀ ਦੇ ਨਾਂ ’ਤੇ ਕਲੀਨਿਕ ਚਲਾ ਰਹੇ ਸਨ। ਉਹ ਪਿਛਲੇ 20 ਸਾਲਾਂ ਤੋਂ ਸ਼ਹਿਰ ਵਿਚ ਰਹਿ ਰਿਹੇ ਸਨ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਸਿੰਘ ਦੇ ਕਤਲ ਦੀ ਸਖ਼ਤ ਨਿੰਦਾ ਕੀਤੀ ਅਤੇ ਪੁਲਿਸ ਨੂੰ ਕਾਤਲਾਂ ਨੂੰ ਗਿ੍ਰਫ਼ਤਾਰ ਕਰਨ ਲਈ ਤੁਰਤ ਕਦਮ ਚੁੱਕਣ ਦਾ ਹੁਕਮ ਦਿਤਾ।