ਯੂ.ਕੇ : ਸਾਲ 1897 ਵਿੱਚ 20 ਸਿੱਖ ਫ਼ੌਜੀਆਂ ਦੀ ਅਗਵਾਈ ਕਰਨ ਵਾਲੇ ਹਵਲਦਾਰ ਈਸ਼ਰ ਸਿੰਘ ਦਾ ਤਾਂਬੇ ਦਾ ਬੁੱਤ ਦੀ ਘੁੰਡ ਚੁਕਾਈ ਬ੍ਰਿਟੇਨ ਵਿੱਚ ਐਤਵਾਰ ਨੂੰ ਕੀਤੀ ਗਈ। ਈਸ਼ਰ ਸਿੰਘ ਨੇ ਅਫ਼ਗਾਨ ਹਮਲਾਵਰਾਂ ਵਿਰੁਧ ਆਪਣੀ ਫ਼ੌਜੀ ਪੋਸਟ ਦੀ ਰਾਖੀ ਕਰਦਿਆਂ ਆਪਣੇ ਜਵਾਨਾਂ ਨਾਲ ਸ਼ਹਾਦਤ ਦੇ ਦਿੱਤੀ ਸੀ। ਇਹ ਸਾਰ੍ਹਾਗੜ੍ਹੀ ਵਿੱਚ ਜਾਨ ਗਵਾਉਣ ਵਾਲੇ ਸਿੱਖ ਬ੍ਰਿਟਿਸ਼ ਫੌਜੀਆਂ ਦੀ ਯਾਦ ਵਿੱਚ ਕਾਇਮ ਕੀਤੀ ਜਾ ਰਹੀ ਪਹਿਲੀ ਯਾਦਗਾਰ ਹੈ। ਵੁਲਵਹੈਂਪਟਨ ਵਿੱਚ ਹੌਲਦਾਰ ਈਸ਼ਰ ਸਿੰਘ ਦਾ ਇਹ ਬੁੱਤ ਦਸ ਫੁੱਟ ਉੱਚਾ ਹੈ ਜੋ ਕਿ ਛੇ ਫੁੱਟ ਉੱਚੇ ਥੜ੍ਹੇ ਉੱਪਰ ਲਗਾਇਆ ਗਿਆ ਹੈ। ਬੁੱਤ ਦੀ ਘੁੰਡ ਚੁਕਾਈ ਮੌਕੇ ਸੰਸਦ ਮੈਂਬਰਾਂ, ਸਥਾਨਕ ਕੌਂਸਲਰਾਂ ਅਤੇ ਫੌਜੀ ਅਫ਼ਸਰਾਂ ਸਮੇਤ ਸਥਾਨਕ ਇਲਾਕਾ ਵਾਸੀ ਵੀ ਮੌਜੂਦ ਸਨ। ਇਸ ਪੂਰੀ ਯਾਦਗਾਰ ਵਿੱਚ ਇੱਕ ਅੱਠ ਮੀਟਰ ਦੀ ਸਟੀਲ ਦੀ ਪਲੇਟ ਵੀ ਸ਼ਾਮਲ ਹੈ। ਇਸ ਪਲੇਟ ਉੱਪਰ ਸਾਰਾਗੜ੍ਹੀ ਦੀ ਪਹਾੜੀ ਉੱਪਰ ਫੌਜੀ ਪੈਂਤੜੇ ਦੇ ਪੱਖ ਤੋਂ ਅਹਿਮ ਚੌਂਕੀ ਨੂੰ ਦਰਸਾਇਆ ਗਿਆ ਹੈ ਅਤੇ ਯਾਦਗਾਰੀ ਸ਼ਬਦ ਖੁਣੇ ਗਏ ਹਨ।
ਬੁੱਤਕਾਰ ਦਾ ਕਹਿਣਾ ਹੈ ਕਿ ਬੁੱਤ ਈਸ਼ਰ ਸਿੰਘ ਦਾ ਹੂਬਹੂ ਮੁਜੱਸਮਾ ਨਹੀਂ ਹੈ, ਕਿਉਂਕਿ ਉਨ੍ਹਾਂ ਦੀਆਂ ਜ਼ਿਆਦਾ ਤਸਵੀਰਾਂ ਨਹੀਂ ਮਿਲਦੀਆਂ। ਦਰਅਸਲ 12 ਸਤੰਬਰ 1897 ਨੂੰ ਸਵੇਰੇ 8 ਵਜੇ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਦੌੜ ਕੇ ਅੰਦਰ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ। ਕਿਲੇ ਦੀ ਸੁਰੱਖਿਆ ਲਈ ਬੰਗਾਲ ਇਨਫ਼ੈਂਟਰੀ ਦੀ ਛੱਤੀਵੀਂ (ਸਿੱਖ) ਰੈਜੀਮੈਂਟ ਦੇ 21 ਜਵਾਨ ਤਾਇਅਤ ਸਨ। ਇਹ ਲੜਾਈ ਅਜੋਕੇ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿੱਚ ਲੜੀ ਗਈ।
ਬ੍ਰਿਟਿਸ਼ ਸਰਕਾਰ ਵੱਲੋਂ ਲੜ ਰਹੇ 21 ਸਿੱਖ ਫ਼ੌਜੀਆਂ ਨੇ ਗੜ੍ਹੀ ਦੀ ਰਾਖੀ ਲਈ ਬਹਾਦਰੀ ਨਾਲ ਲਗਭਗ ਛੇ ਘੰਟਿਆਂ ਤੱਕ ਲੋਹਾ ਲਿਆ ਅਤੇ ਹਮਲੇ ’ਤੇ ਆਏ 10, 000 ਵਿੱਚੋਂ ਹਜ਼ਾਰਾਂ ਅਫ਼ਗਾਨ ਹਮਲਾਵਰਾਂ ਨੂੰ ਮਾਰ ਮੁਕਾਇਆ। ਸਾਰਾਗੜ੍ਹੀ ਦੀ ਲੜਾਈ ਨੂੰ ਦੁਨੀਆਂ ਦੀਆਂ ਚੁਨਿੰਦਾ ਲੜਾਈਆਂ ਵਿੱਚ ਗਿਣਿਆਂ ਜਾਂਦਾ ਹੈ। ਸਾਰੇ 21 ਸਿੱਖ ਫੌਜੀਆਂ ਨੂੰ ਮੌਤ ਤੋਂ ਮਗਰੋਂ ਉਸ ਸਮੇਂ ਦੇ ਬ੍ਰਿਟਿਸ਼ ਭਾਰਤ ਦਾ ਸਰਬਉੱਚ ਬਹਾਦਰੀ ਪੁਰਸਕਾਰ ਦਿਤਾ ਗਿਆ ਸੀ।