ਲੰਦਨ : ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਲੰਦਨ ਵਿਚ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਇਸ ਕਰ ਕੇ ਪਾਰਕ ਵਿਚੋਂ ਬਾਹਰ ਕੱਢ ਦਿਤਾ ਅਤੇ ਹੱਥਕੜੀ ਲਾ ਦਿਤੀ ਕਿਉਂ ਕਿ ਉਸ ਨੇ ਕਿਰਪਾਨ ਪਹਿਣੀ ਹੋਈ ਸੀ। ਦਰਅਸਲ ਇਹ ਸਿੱਖ ਆਪਣੇ ਪਰਿਵਾਰ ਨਾਲ ਫਨ ਫੇਅਰ ਪਾਰਕ ਵਿੱਚ ਘੁੰਮਣ ਗਿਆ ਸੀ। ਬਰਤਾਨੀਆ ਦੇ ਕਾਨੂੰਨ ਮੁਤਾਬਕ 6 ਇੰਚ ਦੀ ਕਿਰਪਾਨ ਪਹਿਨੀ ਹੋਈ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਹੱਥਕੜੀਆਂ ਲਗਾਈਆਂ ਗਈਆਂ। ਇਹ ਘਟਨਾ ਬਰਮਿੰਘਮ ਤੋਂ ਨੌਰਥ ਵੈਲਜ਼ ਦੀ ਹੈ ਜਿਥੇ ਅੰਮ੍ਰਿਤਧਾਰੀ ਸਿੱਖ ਪ੍ਰਭਜੋਤ ਸਿੰਘ ਆਪਣੇ ਪਰਿਵਾਰ ਨਾਲ ਟਿਰ ਪ੍ਰਿੰਸ ਫਨ ਪਾਰਕ ਟੋਇਨ ਵਿਖੇ ਗਏ ਸਨ। ਪ੍ਰਭਜੋਤ ਸਿੰਘ ਦੇ ਨਾਲ ਗਏ ਦੋਸਤ ਅਰਮਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਰਾਈਡ ਲਈ ਉਡੀਕ ਕਰ ਰਹੇ ਸਨ ਤਾਂ ਇੱਕ ਸਰਕਾਰੀ ਮੁਲਾਜਮ ਨੇ ਪ੍ਰਭਜੋਤ ਸਿੰਘ ਨੂੰ ਕਿਹਾ ਕਿ ਇੱਥੇ ਚਾਕੂ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਇਸ ਲਈ ਤੁਸੀਂ ਬਾਹਰ ਜਾਉ। ਜਦੋਂ ਸਿੰਘ ਨੇ ਯੂਕੇ ਕਾਨੂੰਨ ਤਹਿਤ ਕਿਰਪਾਨ ਪਹਿਨਣ ਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲੀਸ ਨੂੰ ਬੁਲਾ ਲਿਆ ਅਤੇ ਮੌਕੇ ’ਤੇ ਪਹੁੰਚੀ ਪੁਲਿਸ ਨੇ ਪ੍ਰਭਜੋਤ ਸਿੰਘ ਨੂੰ ਹੱਥਕੜੀਆਂ ਲਾ ਦਿੱਤੀਆਂ। ਕਿਰਪਾਨ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਪੁਲੀਸ ਨੇ ਸਿੰਘ ਨੂੰ ਛੱਡ ਤਾਂ ਦਿੱਤਾ, ਪਰ ਉਨ੍ਹਾਂ ਨੂੰ ਇੱਕ ਨਜ਼ਰਬੰਦੀ ਦੀ ਰਸੀਦ ਵੀ ਦਿੱਤੀ। ਹਰਮਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਛੱਡੇ ਜਾਣ ਦੇ ਬਾਵਜੂਦ ਫ਼ਨ ਪਾਰਕ ਦੇ ਮਾਲਕ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਤੇ ਅੱਗੇ ਤੋਂ ਕਿਸੇ ਅੰਮ੍ਰਿਤਧਾਰੀ ਨੂੰ ਫਨ ਫੇਅਰ ਪਾਰਕ ਨਾ ਦਾਖ਼ਲ ਹੋਣ ਦੀ ਗੱਲ ਵੀ ਕਹੀ। ਇਸ ਘਟਨਾ ਮਗਰੋਂ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ।