ਮੈਡ੍ਰਿਡ : ਸਪੇਨ ਵਿਚ ਇਕ ਵੇਟਰ ਨੂੰ ਆਪਣੀ ਮਾਂ ਦਾ ਕਤਲ ਕਰਨ ਮਗਰੋਂ ਲਾਸ਼ ਦੇ ਟੁਕੜੇ ਕਰ ਕੇ ਫ਼ਰਿੱਜ ਵਿਚ ਰੱਖਣ ਅਤੇ ਫਿਰ ਅਪਣੇ ਕੁੱਤੇ ਨਾਲ ਮਿਲ ਕੇ ਖਾਣ ਦੇ ਮਾਮਲੇ ਵਿਚ 15 ਸਾਲ 5 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਸਾਲ 2019 ਦਾ ਹੈ। ਵੇਟਰ ਨੇ 21 ਫ਼ਰਵਰੀ 2019 ਨੂੰ ਅਪਣੀ ਗ੍ਰਿਫ਼ਤਾਰੀ ’ਤੇ ਪੁਲਿਸ ਨੂੰ ਦਸਿਆ ਸੀ ਕਿ ਉਹ ਅਪਣੀ ਮਾਂ ਦੇ 1000 ਟੁਕੜੇ ਕਰ ਕੇ ਅਪਣੇ ਕੁੱਤੇ ਨਾਲ ਮਿਲ ਕੇ ਖਾ ਰਿਹਾ ਸੀ। ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਦੋਸ਼ੀ ਨੇ ਪਾਗਲ ਹੋਣ ਦਾ ਨਾਟਕ ਕੀਤਾ ਪਰ ਬਾਅਦ ਵਿਚ ਅਦਾਲਤ ਵਿਚ ਉਸ ਦਾ ਰਾਜ਼ ਖੁਲ੍ਹ ਗਿਆ।
ਦਿਲ ਦਹਿਲਾ ਦੇਣ ਵਾਲੀ ਇਸ ਵਾਰਦਾਤ ਦੇ ਸਾਹਮਣੇ ਆਉਣ ਮਗਰੋਂ ਸਪੇਨ ਦੇ ਰਹਿਣ ਵਾਲੇ 28 ਸਾਲ ਦੇ ਐਲਬਰਟੋ ਸਾਂਚੇਜ ਗੋਮੇਜ਼ ਨੂੰ ਲੋਕਾਂ ਵਲੋਂ ਆਦਮਖੋਰ ਬੁਲਾਇਆ ਜਾਣ ਲੱਗਾ ਹੈ। ਦਸਿਆ ਜਾ ਰਿਹਾ ਹੈ ਕਿ ਐਲਬਰਟੋ ਅਪਣੀ ਮਾਂ ਮਾਰੀਆ ਗੋਮੇਜ਼ ਨਾਲ ਵੇਨਟਸ ਦੇ ਮੈਡ੍ਰਿਡ ਵਿਚ ਰਹਿੰਦਾ ਸੀ। ਇਹ ਮਾਮਲਾ ਸਾਲ 2019 ਦਾ ਹੈ ਜਦੋਂ ਇਕ ਰਾਤ 68 ਸਾਲ ਦੀ ਮਾਂ ਨਾਲ ਉਸ ਦੀ ਲੜਾਈ ਹੋ ਗਈ। ਪੁਲਿਸ ਮੁਤਾਬਕ ਗੁੱਸੇ ਵਿਚ ਆ ਕੇ ਉਸ ਨੇ ਅਪਣੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਇਸ ਘਟਨਾ ਦੇ ਬਾਰੇ ਪੁਲਿਸ ਨੂੰ ਉਦੋਂ ਪਤਾ ਲੱਗਾ, ਜਦੋਂ ਮਾਰੀਆ ਗੋਮੇਜ਼ ਦੀ ਇਕ ਦੋਸਤ ਨੇ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਕੀਤੀ। ਸਾਂਚੇਜ ਨੇ ਬਹੁਤ ਆਰਾਮ ਨਾਲ ਅਪਣੇ ਜ਼ੁਰਮ ਨੂੰ ਕਬੂਲ ਕਰ ਲਿਆ।
ਜਦੋਂ ਪੁਲਿਸ ਸਾਂਚੇਜ ਦੇ ਘਰ ਪਹੁੰਚੀ ਤਾਂ ਉਸ ਨੇ ਹੀ ਘਰ ਦਾ ਦਰਵਾਜ਼ਾ ਖੋਲ੍ਹਿਆ ਸੀ ਅਤੇ ਕਿਹਾ ਸੀ ਕਿ ਮੇਰੀ ਮਾਂ ਇਥੇ ਮੌਜੂਦ ਹੈ ਪਰ ਉਹ ਮਰ ਚੁੱਕੀ ਹੈ। ਮੈਂ ਅਤੇ ਮੇਰੇ ਕੁੱਤੇ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਖਾ ਲਿਆ ਹੈ। ਪੁਲਿਸ ਵਾਲੇ ਸਾਂਚੇਜ ਦੇ ਬਿਆਨ ਤੋਂ ਸਦਮੇ ਵਿਚ ਆ ਗਏ ਸਨ। ਮਾਮਲਾ ਅਦਾਲਤ ਵਿਚ ਪੁੱਜਣ ’ਤੇ ਉਸ ਨੇ ਦਸਿਆ ਕਿ ਉਸ ਨੂੰ ਆਵਾਜ਼ਾਂ ਆਉਂਦੀਆਂ ਸਨ, ਜੋ ਉਸ ਨੂੰ ਮਾਂ ਦਾ ਕਤਲ ਕਰਨ ਲਈ ਕਹਿੰਦੀਆਂ ਸਨ। ਉਸ ਦੇ ਬਚਾਅ ਵਿਚ ਵਕੀਲ ਨੇ ਵੀ ਉਸ ਨੂੰ ਮਾਨਿਸਕ ਰੋਗੀ ਐਲਾਨ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਜਿਊਰੀ ਮੈਂਬਰਾਂ ਨੇ ਇਸ ਦਲੀਲ ਨੂੰ ਰੱਦ ਕਰ ਦਿਤਾ। ਦੋਸ਼ੀ ਨੇ ਅਪਣਾ ਪੱਖ ਰੱਖਦੇ ਹੋਏ ਇਹ ਵੀ ਕਿਹਾ ਕਿ ਉਸ ਨੂੰ ਕੁੱਝ ਵੀ ਯਾਦ ਨਹੀਂ ਹੈ ਕਿ ਉਸ ਨੇ ਕਦੋਂ ਅਪਣੀ ਮਾਂ ਨੂੰ ਮਾਰ ਕੇ ਖਾਧਾ ਹੈ।
ਸੈਂਚੇਜ਼ ਗੋਮੇਜ਼ ਨੂੰ ਮੈਡਰਿਡ ਦੀ ਆਡੀਏਨਸੀਆ ਸੂਬਾਈ ਅਦਾਲਤ ਨੇ ਕਤਲ ਅਤੇ ਲਾਸ਼ ਨਾਲ ਅਣਮਨੁੱਖੀ ਵਤੀਰੇ ਲਈ 2 ਹਫ਼ਤੇ ਚੱਲੇ ਮੁਕੱਦਮੇ ਤੋਂ ਬਾਅਦ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 15 ਸਾਲ ਅਤੇ 5 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅੱਜ ਅਦਾਲਤ ਨੇ ਇਹ ਹੁਕਮ ਜਾਰੀ ਕੀਤਾ ਹੈ।