Sunday, November 24, 2024
 

ਲਿਖਤਾਂ

ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ 1 ਮਈ

April 30, 2021 03:51 PM

1 ਮਈ 1886 ਵਿਚ ਸ਼ਿਕਾਗੋ ਦੇ ਸ਼ਹਿਰ ਵਿਖੇ ਮਜ਼ਦੂਰਾਂ ਦੇ ਇਕ ਇਕੱਠ ਉਤੇ ਉਸ ਵੇਲੇ ਇਕ ਅਣਪਛਾਤੇ ਵਿਅਕਤੀ ਨੇ ਬੰਬ ਸੁੱਟਿਆ ਸੀ ਜਦੋਂ ਮਜ਼ਦੂਰਾਂ ਦੇ ਸੋਸ਼ਣ ਨੂੰ ਰੋਕਣ ਲਈ ਗੱਲ ਹੋ ਰਹੀ ਸੀ ਅਤੇ ਪੁਲਿਸ ਵੱਲੋਂ ਕੀਤੀ ਗਈ ਗੋਲੀ ਬਾਰੀ ਵਿੱਚ ਕੁੱਝ ਮਜ਼ਦੂਰ ਅਤੇ ਪੁਲਿਸ ਕਰਮਚਾਰੀ ਮਰ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਹੀ ਇਹ ਦਿਨ ਮਨਾਇਆ ਜਾਂਦਾ ਹੈ। ਤਾਂਕਿ ਮਜ਼ਦੂਰਾਂ ਨੂੰ ਆਪਣਾ ਹੱਕ ਅਤੇ ਪੂੰਜੀ ਪਤੀਆਂ ਦੇ ਸਿਕੰਜੇ ਚੋਂ ਮੁਕਤ ਕਰਵਾ ਕੇ ਸਰਕਾਰ ਵੱਲੋਂ ਮਜ਼ਦੂਰਾਂ ਲਈ ਬਣੀਆਂ ਭਲਾਈ ਸਕੀਮਾਂ ਨੂੰ ਸਰਕਾਰੀ ਅਧਿਕਾਰੀਆਂ ਅਤੇ ਸਰਮਾਏਦਾਰਾਂ ਦੀ ਮਿਲੀਭੁਗਤ ਦੇ ਕਾਰਨ ਮਜ਼ਦੂਰਾਂ ਤੱਕ ਨਹੀਂ ਪਹੁੰਚਦੀਆਂ ਅਤੇ ਇਹ ਰਾਹ ਵਿੱਚ ਹੀ ਖਤਮ ਹੋ ਜਾਂਦੀਆਂ ਹਨ ਜਾਂ ਮਜ਼ਦੂਰਾਂ ਤੱਕ ਪਹੁੰਚਦੀਆਂ-ਪਹੁੰਚਦੀਆਂ ਕੁਝ ਹੀ ਰਹਿ ਜਾਂਦੀਆਂ ਹਨ। ਅੱਜ ਵੀ ਮਜ਼ਦੂਰਾਂ ਦਾ ਜੀਵਨ ਸਤਰ ਉੱਚਾ ਨਹੀਂ ਉਠ ਰਿਹਾ ਜਿਸ ਕਾਰਨ ਅੱਜ ਵੀ ਹਜ਼ਾਰਾਂ ਨੌਜਵਾਨ ਮਜ਼ਦੂਰ ਆਪਣੇ ਹੱਕਾਂ ਲਈ ਸੜਕਾਂ ਤੇ ਸੰਘਰਸ਼ ਕਰਦੇ ਦੇਖੇ ਜਾ ਸਕਦੇ ਹਨ। ਗੈਰ ਸੰਗਠਨ ਖੇਤਰ ਹੋਟਲਾਂ, ਢਾਬਿਆਂ, ਖੇਤੀਬਾੜੀ, ਭੱਠਿਆਂ, ਸੜਕਾਂ, ਉਸਾਰੀ ਦੇ ਕੰਮਾਂ ਦੇ ਠੇਕੇਦਾਰਾਂ ਵੱਲੋਂ ਕਰਵਾਏ ਜਾ ਰਹੇ ਕੰਮਾਂ ਵਿੱਚ ਲੱਗੇ ਮਜ਼ਦੂਰਾਂ ਦੀ ਭਲਾਈ ਦੇ ਨਾਂ ਤੇ ਹਰ ਸਾਲ ਕਰੋੜਾਂ ਰੁਪਏ ਖਰਚੇ ਜਾਂਦੇ ਹਨ। ਸਰਕਾਰ ਵੱਲੋਂ ਔਰਤ ਮਜ਼ਦੂਰਾਂ ਅਤੇ ਬਾਲ ਮਜ਼ਦੂਰਾਂ ਵੱਲੋਂ ਵਿਸ਼ੇਸ਼ ਧਿਆਨ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਦੇ ਵਿਕਾਸ ਲਈ ਕਈ ਸਕੀਮਾਂ ਵੀ ਬਣਾਈਆਂ ਜਾਂਦੀਆਂ ਹਨ ਪਰ ਇਹ ਸਾਰੀਆਂ ਸਕੀਮਾਂ ਕਾਗਜ਼ਾਂ ਵਿੱਚ ਹੀ ਰਹਿ ਜਾਂਦੀਆਂ ਹਨ। ਅਤੇ ਸਰਕਾਰ ਵੱਲੋਂ ਕੀਤੇ ਜਾਂਦੇ ਵਾਅਦੇ ਵੀ ਹਵਾ ਵਿੱਚ ਉਡ ਜਾਂਦੇ ਹਨ। ਅਤੇ 364 ਦਿਨ ਕਦੇ ਵੀ ਕਿਸੇ ਰਾਜਨੀਤੀਵਾਨ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਮਜ਼ਦੂਰਾਂ ਦੀ ਯਾਦ ਨਹੀਂ ਆਉਂਦੀ। ਜਿਸ ਕਾਰਨ ਮਜ਼ਦੂਰਾਂ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ। ਜਿਸ ਦਾ ਅਸਰ ਉਨ੍ਹਾਂ ਦੀ ਸਿਹਤ ਉੱਤੇ ਪੈ ਰਿਹਾ ਹੈ ਅਤੇ ਮਜ਼ਦੂਰ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਦੇ ਕਾਰਨ ਹਰ ਰੋਜ਼ ਇਨ੍ਹਾਂ ਲੋਕਾਂ ਦੀ ਲੁੱਟਖਸੁੱਟ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਪੇਂਡੂ ਮਜ਼ਦੂਰਾਂ ਦੇ ਲਈ ਮਹਾਤਮਾਂ ਗਾਂਧੀ ਰੋਜ਼ਗਾਰ ਗਾਰੰਟੀ ਯੋਜਨਾ ਵੀ ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਦੀ ਮਿਲੀਭੁਗਤ ਕਾਰਨ ਮਜ਼ਦੂਰਾਂ ਤੱਕ ਨਹੀਂ ਪਹੁੰਚਦੀ ਅਤੇ ਇਨ੍ਹਾਂ ਦਾ ਫਾਇਦਾ ਅਧਿਕਾਰੀ ਹੀ ਲੈ ਜਾਂਦੇ ਹਨ।
ਧਰਨਿਆਂ ਤੇ ਬੈਠਣਾ, ਮਤਲਬ ਸਰਕਾਰਾਂ ਦੇ ਕੰਨਾਂ ਵਿੱਚ ਆਪਣੀਆਂ ਸਮੱਸਿਆਵਾਂ ਨੂੰ ਪਾਉਣਾ। ਇਹ ਸਥਿਤੀ ਉਦੋਂ ਆਉਂਦੀ ਹੈ ਜਦੋਂ ਸਰਕਾਰਾਂ ਆਮ ਲੋਕਾਂ ਤੇ ਜਾਂ ਤਾਂ ਆਪਣੇ ਫੈਸਲੇ ਥੋਪੇ ਜਾਂ ਲੋਕਾਂ ਦੀ ਗੱਲ ਸੁਣੇ ਹੀ ਨਾ। ਜੇਕਰ ਸਰਕਾਰਾਂ ਵਧੀਆ ਤਰੀਕੇ ਨਾਲ ਕੰਮ ਕਰਨ, ਲੋਕਾਂ ਨੂੰ ਉਨ੍ਹਾਂ ਦੇ ਹੱਕ ਮਿਲ ਰਹੇ ਹੋਣ ਤਾਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਤੇ ਧੱਕੇ ਖਾਣ ਅਤੇ ਪੁਲਿਸ ਦੇ ਡੰਡੇ ਖਾਣ ਦਾ ਸ਼ੌਕ ਨਹੀਂ ਹੈ। ਕੁੱਝ ਦਹਾਕੇ ਪਹਿਲਾਂ ਇੱਕ ਨਾਅਰਾ ਦਿੱਤਾ ਗਿਆ ਸੀ, “ਜੈ ਜਵਾਨ, ਜੈ ਕਿਸਾਨ, ”ਪਰ ਸਮੇਂ ਦੇ ਨਾਲ ਕਿਸਾਨ ਅਤੇ ਜਵਾਨ ਦੀ ਹਾਲਤ ਖਰਾਬ ਕਰ ਦਿੱਤੀ।ਜੇਕਰ ਅਸੀਂ ਮੋਟਾ ਜਿਹਾ ਕਾਰਨ ਕਹੀਏ ਤਾਂ ਕਿਸਾਨਾਂ ਅਤੇ ਜਵਾਨਾਂ ਲਈ ਫੈਸਲਾ ਉਹ ਲੈਂਦੇ ਹਨ ਜਿੰਨਾ ਨੇ ਸੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਫਸਲ ਨਹੀਂ ਉਗਾਈ ਅਤੇ ਨਾ ਹੀ ਮਨਫੀ ਤਾਪਮਾਨ ਵਿੱਚ ਖੜ੍ਹ ਕੇ ਦੁਸ਼ਮਣ ਦਾ ਸਾਹਮਣਾ ਕੀਤਾ ਹੁੰਦਾ ਹੈ।ਏ ਸੀ ਦਫਤਰਾਂ ਵਿੱਚ ਬੈਠਕੇ ਇਵੇਂ ਦੇ ਹੀ ਬਿੰਨਾ ਸਿਰ ਪੈਰ ਦੇ ਫੈਸਲੇ ਹੁੰਦੇ ਹਨ।ਖੈਰ ਅੱਜ ਕਿਸਾਨ ਬਾਰੇ ਗੱਲ ਕਰਦੇ ਹਾਂ। ਕਿਸਾਨ ਸੜਕਾਂ ਤੇ ਆਇਆ ਹੋਇਆ ਹੈ ਕਿਉਂਕਿ ਤਿੰਨ ਆਰਡੀਨੈਂਸ ਕੇਂਦਰ ਸਰਕਾਰ ਨੇ ਪਾਸ ਕੀਤੇ ਹਨ।ਪਹਿਲੀ ਗੱਲ ਜਦੋਂ ਕੋਵਿਡ ਮਾਹਾਂਮਾਰੀ ਨਾਲ ਲੋਕ ਹਾਲੋਂ ਬੇਹਾਲ ਹੋਏ ਪਏ ਹਨ ਤਾਂ ਇਵੇਂ ਦੇ ਫੈਸਲੇ ਲੈਣਾ ਆਪਣੇ ਆਪ ਵਿੱਚ ਗਲਤ ਹੀ ਹੈ। ਦੂਸਰਾ ਜਿੰਨਾ ਲਈ ਸਰਕਾਰ ਫਾਇਦੇਮੰਦ ਕਹਿ ਰਹੀ ਹੈ ਜਦੋਂ ਉਸਨੂੰ ਇਸਦਾ ਕੋਈ ਫਾਇਦਾ ਨਹੀਂ ਲੱਗਦ ਤਾਂ ਇਸ ਨੂੰ ਲਾਗੂ ਕਰਨਾ ਸਰਾਸਰ ਧੱਕੇਸ਼ਾਹੀ ਹੀ ਹੈ।ਆਰਨਲਡ ਐਚ ਗਲਾਸਕੀ ਲਿਖਦਾ ਹੈ;”ਇਸ ਤੋਂ ਪਹਿਲਾਂ ਕਿ ਸਮੱਸਿਆਵਾਂ ਵਿਕਰਾਲ ਰੂਪ ਧਾਰਨ ਕਰ ਜਾਣ ਇੰਨਾ ਨੂੰ ਪਛਾਣ ਲੈਣਾ ਹੀ ਇੱਕ ਚੰਗੇ ਨੇਤਾ ਦਾ ਗੁਣ ਹੈ। ”
ਖੈਰ ਕਿਸਾਨਾਂ ਨਾਲ ਹੋ ਰਿਹਾ ਧੱਕਾ ਜਾਂ ਕਿਸਾਨੀ ਨਾਲ ਹੋ ਰਹੀ ਬੇਇਨਸਾਫ਼ੀ ਹਰ ਇਕ ਤੇ ਬੇਹੱਦ ਮਾੜਾ ਅਸਰ ਪਾਵੇਗੀ ਅਤੇ ਇਸ ਦਾ ਪ੍ਰਭਾਵ ਵੇਖਿਆ ਵੀ ਜਾ ਸਕਦਾ ਹੈ।ਇਕ ਕਿਸਾਨ ਕੰਮ ਕਰਦਾ ਹੈ ਤਾਂ ਉਸਦੇ ਨਾਲ ਦਿਹਾੜੀਆਂ ਕਰਨ ਵਾਲਿਆਂ ਦਾ ਚੁੱਲਾ ਬਲਦਾ ਹੈ।ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸਾਂਝ ਬਹੁਤ ਡੂੰਘੀ ਹੁੰਦੀ ਹੈ।ਇੰਨਾ ਦੀਆਂ ਖੁਸ਼ੀਆਂ ਗਮੀਆਂ ਸਾਂਝੀਆਂ ਹੁੰਦੀਆਂ ਹਨ।ਜੇਕਰ ਕਿਸਾਨ ਖੁਸ਼ਹਾਲ ਹੈ ਤਾਂ ਉਸ ਨਾਲ ਦਿਹਾੜੀਆਂ ਕਰਨ ਵਾਲੇ ਦੀ ਵੀ ਗੱਡੀ ਦਿੰਦੀ ਰਹਿੰਦੀ ਹੈ।ਅੱਗੇ ਚਲੀਏ ਤਾਂ ਜੇਕਰ ਕਿਸਾਨ ਅਤੇ ਕਿਸਾਨੀ ਹੈ ਤਾਂ ਆੜ੍ਹਤੀਏ ਗੱਦੀਆਂ ਤੇ ਬੈਠੇ ਹੋਏ ਹਨ।ਇੰਨਾਂ ਆੜ੍ਹਤੀਆਂ ਦੇ ਨਾਲ ਪੱਲੇਦਾਰ ਕੰਮ ਕਰਦੇ ਹਨ।ਦੁਕਾਨਾਂ ਵਿੱਚ ਰਾਸ਼ਨ ਤਾਂ ਹੀ ਆਉਂਦਾ ਹੈ ਜੇਕਰ ਕਿਸਾਨ ਮਿਹਨਤ ਕਰਕੇ ਪੈਦਾ ਕਰਦਾ ਹੈ। ਦੁਕਾਨਾਂ ਤੇ ਵੀ ਕੰਮ ਕਰਨ ਵਾਲਿਆਂ ਨੂੰ ਕੰਮ ਮਿਲਦਾ ਹੈ।ਹਾਂ, ਸਾਡੇ ਘਰ ਦੀ ਰਸੋਈ ਕਿਸਾਨਾਂ ਦੀ ਮਿਹਨਤ ਸਦਕਾ ਚੱਲਦੀ ਹੈ ਅਤੇ ਸਾਡੇ ਪੇਟ ਵੀ ਤਾਂ ਹੀ ਭਰਦੇ ਹਨ ਜੇਕਰ ਕਿਸਾਨ ਦਿਨ ਰਾਤ ਕੰਮ ਕਰਦਾ ਹੈ।ਇਥੇ ਜੋ ਸਮੇਂ ਦੀ ਮੰਗ ਹੈ ਉਹ ਹੈ ਕਿਸਾਨ ਅਤੇ ਕਿਸਾਨੀ ਨੂੰ ਜਿਉਂਦੇ ਰੱਖਣਾ।ਕਿਸਾਨ ਅਤੇ ਖੇਤ ਮਜ਼ਦੂਰਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ। ਮੈਨੂੰ ਪਿੱਛਲੇ ਦਿਨੀਂ ਇਕ ਪੱਲੇਦਾਰੀ ਦਾ ਕੰਮ ਕਰਦੇ ਲੜਕੇ ਦਾ ਫੋਨ ਆਇਆ, ਉਹ ਦਸਵੀਂ ਪਾਸ ਸੀ। ਉਸਨੇ ਦੱਸਿਆ ਕਿ ਅਸੀਂ ਕਿਸਾਨਾਂ ਦੇ ਧਰਨੇ ਤੇ ਜਾਂਦੇ ਹਾਂ ਪਰ ਸਾਡੀ ਕੋਈ ਗੱਲ ਨਹੀਂ ਕਰਦਾ, ਜਦ ਕਿ ਅਸੀਂ ਇਕ ਦੂਸਰੇ ਤੇ ਨਿਰਭਰ ਹਾਂ। ਜਥੇਬੰਦੀਆਂ ਦੇ ਵਿੱਚ ਸਰਗਰਮ ਬੰਦਿਆਂ ਨੂੰ ਚਾਹੀਦਾ ਹੈ ਕਿ ਇੰਨਾ ਖੇਤ ਮਜ਼ਦੂਰਾਂ ਅਤੇ ਹੋਰ ਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਵੀ ਉਸ ਹਰ ਸਟੇਜ ਤੋਂ ਕੀਤੀ ਜਾਵੇ।
ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹ ਰਸੋਈ ਦੇ ਵੱਧਦੇ ਖਰਚੇ ਤੋਂ ਪ੍ਰੇਸ਼ਾਨ ਹੈ।ਖਾਣ ਵਾਲੀ ਹਰ ਚੀਜ਼ ਦਿਨੋਂ ਦਿਨ ਮਹਿੰਗੀ ਹੁੰਦੀ ਜਾ ਰਹੀ ਹੈ। ਹਕੀਕਤ ਇਹ ਹੈ ਕਿ ਕਿਸਾਨ ਦੇ ਪੱਲੇ ਕੁੱਝ ਪੈਂਦਾ ਨਹੀਂ ਅਤੇ ਖਪਤਕਾਰ ਦੇ ਪੱਲੇ ਕੁੱਝ ਰਹਿੰਦਾ ਨਹੀਂ। ਕਿਸਾਨ ਹਰ ਕਿਸੇ ਦੀ ਰੀੜ੍ਹ ਦੀ ਹੱਡੀ ਹੈ।ਪਰ ਇਸ ਰੀੜ੍ਹ ਦੀ ਹੱਡੀ ਬਾਰੇ ਕੋਈ ਵੀ ਸੋਚਣ ਲਈ ਤਿਆਰ ਨਹੀਂ। ਕਦੇ ਕਿਸੇ ਨੇ ਕਿਸਾਨਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਤੇ ਆਵਾਜ਼ ਚੁੱਕੀ ਹੈ ਕਿ ਇਸ ਨਾਲ ਜ਼ਿਆਦਤੀ ਹੋ ਰਹੀ ਹੈ ਇਸ ਕਰਕੇ ਇਸ ਨੇ ਖੁਦਕੁਸ਼ੀ ਕੀਤੀ ਹੈ। ਜਦੋਂ ਕਿਸਾਨ ਦੇ ਕੋਲ ਉਸਦੀ ਜਿਨਸੀ ਹੁੰਦੀ ਹੈ ਤਾਂ ਉਸਨੂੰ ਕੌਡੀਆਂ ਦੇ ਭਾਅ ਖਰੀਦਿਆ ਜਾਂਦਾ ਹੈ। ਵਿਉਪਾਰੀਆਂ ਦੇ ਕੋਲ ਆਉਂਦਿਆਂ ਹੀ ਉਸਦੀ ਕੀਮਤ ਕੌੜੀ ਵੇਲ ਵਾਂਗ ਵੱਧਦੀ ਹੈ। ਇਸ ਤੇ ਮੇਰੇ ਨਾ ਵਧੇਰੇ ਲੋਕ ਸਹਿਮਤ ਹੋਣਗੇ।ਕਣਕ ਕਿਸਾਨਾਂ ਕੋਲੋਂ ਜਿਸ ਭਾਅ ਤੇ ਖਰੀਦੀ ਜਾਂਦੀ ਹੈ ਆਟਾ ਉਸਤੋਂ ਦੁਗਣੇ ਕੀਮਤ ਤੇ ਬਾਜ਼ਾਰ ਵਿੱਚ ਵਿਕਦਾ ਹੈ। ਸਬਜ਼ੀਆਂ ਜਦੋਂ ਕਿਸਾਨ ਕੋਲੋਂ ਖਰੀਦੀਆਂ ਜਾਂਦੀਆਂ ਹਨ ਤਾਂ ਉਸਦਾ ਖਰਚਾ ਵੀ ਨਹੀਂ ਨਿਕਲਦਾ।ਕਦੇ ਕਿਸੇ ਨੇ ਇਹ ਵੇਖਿਆ ਹੈ ਕਿ ਕਿਸਾਨਾਂ ਨੂੰ ਕਿਵੇਂ ਲੁੱਟਿਆ ਜਾਂਦਾ ਹੈ। ਜੇਕਰ ਲੋਕ ਕਿਸਾਨਾਂ ਦੇ ਹੱਕ ਵਿੱਚ ਆਉਣ ਤਾਂ ਹਰ ਕਿਸੇ ਦੀ ਰਸੋਈ ਦਾ ਖਰਚਾ ਘੱਟ ਸਕਦਾ ਹੈ।ਕਿਸਾਨ ਸਾਡਾ ਅੰਨਦਾਤਾ ਹੈ ਪਰ ਅਸੀਂ ਉਸਨੂੰ ਸੜਕਾਂ ਤੇ ਰੋਲ ਦਿੱਤਾ ਅਤੇ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ। ਕਿਸਾਨਾਂ ਦੀ ਫਸਲ ਦੀ ਕੀਮਤ ਨਿਰਧਾਰਤ ਕੀਤੀ ਜਾਂਦੀ ਹੈ, ਉਸ ਕੀਮਤ ਤੋਂ ਹੇਠਾਂ ਕੋਈ ਵੀ ਉਸਦੀ ਫਸਲ ਨਹੀਂ ਖਰੀਦੇਗਾ। ਉਸਨੂੰ ਉਹ ਕੀਮਤ ਮਿਲੇਗੀ ਹੀ ਮਿਲੇਗੀ। ਪਰ ਜ਼ਮੀਨੀ ਹਕੀਕਤ ਇਹ ਨਹੀਂ ਹੈ ਕਿਸਾਨ ਦੀ ਫਸਲ ਨੂੰ ਉਸ ਕੀਮਤ ਤੋਂ ਘੱਟ ਕੀਮਤ ਤੇ ਵਿਉਪਾਰ ਵਰਗ ਖਰੀਦ ਦਾ ਹੈ।ਇਸ ਵਕਤ ਮੱਕੀ ਨੂੰ ਅੱਠ ਸੌ ਦੇ ਆਸ ਪਾਸ ਹੀ ਖਰੀਦਿਆ ਜਾ ਰਿਹਾ ਹੈ। ਕਪਾਹ ਦੀ ਕੀਮਤ ਵੀ ਪੂਰੀ ਨਹੀਂ ਮਿਲਦੀ।ਇਥੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਅਤੇ ਵਿਉਪਾਰ ਵਰਗ ਮਿਲਕੇ ਕਿਸਾਨਾਂ ਨੂੰ ਲੁੱਟਦੇ ਹਨ।ਕਿਸਾਨਾਂ ਕੋਲ ਨਾ ਤਾ ਫਸਲ ਨੂੰ ਸਟੋਰ ਕਰਨ ਦੀ ਥਾਂ ਹੈ ਅਤੇ ਨਾ ਆਰਥਿਕ ਹਾਲਤ ਉਸਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦੀ ਹੈ।ਉਸਦੀ ਮਜ਼ਬੂਰੀ ਦਾ ਫਾਇਦਾ ਚੁੱਕਿਆ ਜਾਂਦਾ ਹੈ। ਜਦੋਂ ਵਿਉਪਾਰੀਆਂ ਦੇ ਹੱਥਾਂ ਵਿੱਚ ਫਸਲ ਚਲੀ ਜਾਂਦੀ ਹੈ ਤਾਂ ਉਸਦੀ ਕੀਮਤ ਵਧਾਉਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਖੇਡੀਆਂ ਜਾਂਦੀਆਂ ਹਨ।ਜਿਵੇਂ ਗੰਢਿਆਂ ਦੀ ਗੱਲ ਕਰੀਏ ਤਾਂ ਇਸਦੀ ਕੀਮਤ ਵੱਧਣਾ ਮਤਲਬ ਰਸੋਈ ਵਿੱਚ ਭੂਚਾਲ। ਇਸਦੀ ਬਾਜ਼ਾਰ ਵਿੱਚ ਘਾਟ ਵਿਖਾ ਕੇ, ਇਸ ਦੀਆਂ ਕੀਮਤਾਂ ਅਸਮਾਨੀ ਚੜ੍ਹ ਦਿੱਤੀਆਂ ਜਾਂਦੀਆਂ ਹਨ।ਇਹ ਵੱਡੇ ਵਿਉਪਾਰੀਆਂ ਦੀ ਮਿਹਰਬਾਨੀ ਹੁੰਦੀ ਹੈ ਅਤੇ ਇੰਨਾ ਨੂੰ ਬਹੁਤ ਲੋਕਾਂ ਵੱਲੋਂ ਛੱਤਰ ਛਾਇਆ ਹੁੰਦੀ ਹੈ।
ਖੈਰ, ਅੱਜ ਸਰਕਾਰ ਦੇ ਆਰਡੀਨੈਂਸ ਦੇ ਵਿਰੋਧ ਵਿੱਚ ਕਿਸਾਨ ਸੜਕਾਂ ਤੇ ਹਨ। ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਇਹ ਕਿਸਾਨਾਂ ਦੇ ਹਿੱਤ ਵਿੱਚ ਹਨ ਤਾਂ ਕਿਸਾਨਾਂ ਨੂੰ ਇਸ ਬਾਰੇ ਸਮਝਾਉਣਾ ਅਤੇ ਸਹਿਮਤ ਕਰਨਾ ਸਰਕਾਰ ਦੀ ਜ਼ੁੰਮੇਵਾਰ ਹੈ। ਜਿਸਨੂੰ ਦਵਾਈ ਦੇਣੀ ਹੈ ਜਦੋਂ ਉਹ ਕਹਿ ਰਿਹਾ ਹੈ ਕਿ ਮੈਨੂੰ ਇਸ ਦਾ ਫਾਇਦਾ ਨਹੀਂ ਤਾਂ, ਮੈਨੂੰ ਇਸ ਨਾਲ ਨੁਕਸਾਨ ਹੋਏਗਾ ਤਾਂ ਉਸਨੂੰ ਉਹ ਦਵਾਈ ਦੇਣੀ ਕਿਸੇ ਪੱਖੋਂ ਵੀ ਠੀਕ ਨਹੀਂ ਹੈ। ਦੂਸਰੇ ਰਾਜਾਂ ਵਿੱਚ ਆਪਣੀਆਂ ਫਸਲਾਂ ਸਿਰਫ਼ ਵੱਡੇ ਕਿਸਾਨ ਹੀ ਲਿਜਾ ਸਕਦੇ ਹਨ।ਹਾਂ, ਵਿਉਪਾਰੀਆਂ ਵਰਗ ਘੱਟ ਕੀਮਤ ਤੇ ਖਰੀਦੇਗੀ ਅਤੇ ਦੂਸਰੇ ਰਾਜਾਂ ਵਿੱਚ ਲਿਜਾ ਕੇ ਵੇਚੇਗਾ। ਇਹ ਕੁੱਝ ਇਕ ਵੱਡੇ ਕਿਸਾਨਾਂ ਅਤੇ ਵਿਉਪਾਰੀਆਂ ਦੇ ਹੱਕ ਵਿੱਚ ਤਾਂ ਭੁਗਤਾਂਗੇ ਪਰ ਛੋਟੇ ਕਿਸਾਨ ਲਈ ਮਾਰੂ ਹੀ ਸਿੱਧ ਹੋਏਗਾ। ਕਿਸਾਨਾਂ ਦੀ ਸਮਸਿਆਵਾਂ ਨੂੰ ਸਮਝਣ ਵਾਲੇ ਅਰਥ ਸ਼ਾਸਤਰੀ ਵੀ ਇਸਨੂੰ ਵਧੀਆ ਨਹੀਂ ਮੰਨ ਰਹੇ।ਚੰਗੀਆਂ ਸਰਕਾਰਾਂ ਅਤੇ ਚੰਗੇ ਹੁਕਮਰਾਨ ਉਹ ਹੁੰਦੇ ਹਨ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਸਮਝਣ।ਚਾਣਕਿਆ ਨੇ ਲਿਖਿਆ ਹੈ; “ਜਿਹੜਾ ਹੁਕੲਜਨਤਾ ਦੀ ਆਵਾਜ਼ ਉਪਰ ਧਿਆਨ ਨਹੀਂ ਦਿੰਦਾ, ਜਨਤਾ ਉਸਨੂੰ ਪਦ ਤੋਂ ਮੁਕਤ ਕਰ ਦਿੰਦੀ ਹੈ। “ਜਨਤਾ ਹੀ ਹੈ ਜੋ ਸਰਕਾਰਾਂ ਬਣਾਉਂਦੀ ਹੈ ਅਤੇ ਸਰਕਾਰਾਂ ਤੋੜਦੀ ਹੈ।ਕਿਸਾਨੀ ਅਰਥਚਾਰੇ ਦਾ ਧੁਰਾ ਹੈ।ਬਹੁਤ ਸਧਾਰਨ ਹੈ ਖਾਣ ਨੂੰ ਮਿਲੇਗਾ ਤਾਂ ਹੀ ਕੰਮ ਕਰਨ ਦੀ ਸ਼ਕਤੀ ਆਏਗੀ। ਸਿਆਣੇ ਕਹਿੰਦੇ ਨੇ; “ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ।”
ਲੋਕਾਂ ਦਾ ਮਹਿੰਗਾਈ ਨੇ ਲੱਕ ਤੋੜਿਆ ਹਇਆ ਹੈ। ਨੋਟਬੰਦੀ ਤੋਂ ਬਾਅਦ ਆਮ ਲੋਕਾਂ ਦੀ ਜ਼ਿੰਦਗੀ ਦੀ ਗੱਡੀ ਲੋਹੇ ਨਹੀਂ ਪਈ।ਸਰਕਾਰ ਨੂੰ ਹਰ ਗੱਲ ਦੀ ਕਾਹਲ ਕਿਉਂ ਪਈ ਰਹਿੰਦੀ ਹੈ, ਲੋਕਾਂ ਦੀ ਸਮਝ ਤੋਂ ਬਾਹਰ ਹੈ।ਬਸ ਫੈਸਲਾ ਥੋਪਣ ਵਾਲੀ ਹਾਲਤ ਹੁੰਦੀ ਹੈ। ਇਹ ਲੋਕਤੰਤਰ ਦਾ ਘਾਣ ਹੀ ਹੈ। ਕਲੀਮੇਟ ਇਟਲੀ ਨੇ ਲਿਖਿਆ ਹੈ; “ਲੋਕਤੰਤਰ ਦਾ ਅਰਥ ਸਲਾਹ ਮਸ਼ਵਰੇ ਨਾਲ ਸਰਕਾਰ ਚਲਾਉਣਾ ਹੁੰਦਾ ਹੈ। ”
ਹਰ ਵਾਰ ਅਤੇ ਸਾਰੀਆਂ ਜਥੇਬੰਦੀਆਂ ਨੂੰ ਕਿਸਾਨਾਂ ਦੀ ਹਮਾਇਤ ਵਿੱਚ ਆਉਣਾ ਚਾਹੀਦਾ ਹੈ। ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹ ਲੋਕਾਂ ਦੀ ਸੇਵਾ ਕਰਨ ਲਈ ਹਨ ਨਾ ਕਿ ਡੰਡਿਆਂ ਨਾਲ ਕੁੱਟਵਾਉਣ ਅਤੇ ਕੁੱਟਣ ਲਈ। ਜੇਕਰ ਢਿੱਡ ਵਿੱਚ ਖੁਰਾਕ ਨਾ ਗਈ, ਰੋਟੀ ਸਬਜ਼ੀ ਨਾ ਗਈ ਤਾਂ ਡੰਡੇ ਚੁੱਕਣ ਦੀ ਤਾਕਤ ਨਹੀਂ ਆਏਗੀ।ਯਾਦ ਰੱਖੋ ਕਿਸਾਨ ਅੰਨਦਾਤਾ ਤਾਂ ਹੈ ਹੀ, ਉਹ ਜੀਵਨ ਦਾਤਾ ਵੀ ਹੈ। ਪਿੱਛੇ ਕਰੋਨਾ ਵੇਲੇ ਹੋਏ ਲਾਕਡਾਊਨ ਅਤੇ ਕਰਫਿਊ ਵਿੱਚ ਸਭ ਨੂੰ ਆਟੇ, ਚਾਵਲ, ਦਾਲਾਂ, ਸਬਜ਼ੀਆਂ ਅਤੇ ਦੁੱਧ ਦਾ ਵਧੇਰੇ ਫਿਕਰ ਸੀ। ਇੰਨਾ ਤੋਂ ਬਗੈਰ ਜਿਊਣਾ ਔਖਾ ਹੀ ਨਹੀਂ ਅਸੰਭਵ ਕਹਿ ਲਈਏ ਤਾਂ ਗਲਤ ਨਹੀਂ ਹੋਏਗਾ।ਜਿਵੇਂ ਦੇ ਹਾਲਾਤ ਬਣੇ ਹੋਏ ਹਨ ਲੋਕਾਂ ਦੇ, ਉਸ ਵਿੱਚ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ।ਜਾਨ ਹੈ ਤਾਂ ਜਹਾਨ ਹੈ।ਜਾਨ ਤਾਂ ਹੀ ਹੈ ਜੇ ਖਾਣ ਪੀਣ ਨੂੰ ਦੁੱਧ ਅਤੇ ਰੋਟੀ ਪੇਟ ਭਰ ਮਿਲਦੀ ਰਹੇ।ਕਿਸਾਨਾਂ ਦੇ ਨਾਲ ਮਜ਼ਦੂਰ ਵਰਗ, ਗਾਇਕ ਅਤੇ ਹੋਰ ਜਥੇਬੰਦੀਆਂ ਨੂੰ ਵੀ ਆਉਣਾ ਚਾਹੀਦਾ ਹੈ। ਇਹ ਸਿਰਫ਼ ਕਿਸਾਨਾਂ ਦੀ ਸਮੱਸਿਆ ਨਹੀਂ ਹੈ, ਇਹ ਘਰ ਘਰ, ਹਰ ਘਰ ਦੀ ਰਸੋਈ ਅਤੇ ਹਰ ਘਰ ਦੇ ਕਮਾਉਣ ਵਾਲੇ ਦੀ ਸਮੱਸਿਆ ਹੈ।
ਕੇਵਲ ਮਜ਼ਦੂਰ ਦਿਵਸ ਮਨਾਉਣ ਨਾਲ ਮਜ਼ਦੂਰਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੋ ਸਕਦੀ ਮਜ਼ਦੂਰਾਂ ਨੂੰ ਉਚਿੱਤ ਮਜ਼ਦੂਰੀ , ਹੱਕ ਦੀ ਮਜ਼ਦੂਰੀ ਮਿਲਣੀ ਚਾਹੀਦੀ ਹੈ।ਕਿਉਕਿ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਮਜ਼ਦੂਰਾਂ ਦੀ ਸਥਿਤੀ ਬੇਹੱਦ ਖ਼ਰਾਬ ਹੁੰਦੀ ਜਾ ਰਹੀ ਹੈ ਕਿਉਕਿ ਉਸਦੀ ਉਚਿੱਤ ਮਜ਼ਦੂਰੀ ਨਹੀਂ ਮਿਲ ਰਹੀ ਹੈ ਜੋ ਬੇਹੱਦ ਚਿੰਤਾ ਵਾਲੀ ਗੱਲ ਹੈ। ਕਿਉਕਿ ਕੋਈ ਵੀ ਕੰਮ ਜਾ ਫੈਕਟਰੀ ਜਾ ਗੋਦਾਮ ਜਾ ਦੁਕਾਨ ਦੇ ਲਈ ਮਜ਼ਦੂਰ ਦਾ ਹੋਣਾ ਜਰੂਰੀ ਹੁੰਦਾ ਹੈ।ਕਿਉਕਿ ਮਜ਼ਦੂਰ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੋ ਸਕਦਾ ਹੈ।
ਅੱਜ ਵੀ ਹੋਟਲਾਂ, ਢਾਬਿਆਂ, ਭੱਠਿਆਂ, ਉਸਾਰੀ ਦੇ ਕੰਮਾਂ ਅਤੇ ਠੇਕੇਦਾਰਾਂ ਵੱਲੋਂ ਬਾਲ ਮਜ਼ਦੂਰ, ਮਹਿਲਾ ਮਜ਼ਦੂਰ ਅਤੇ ਹੋਰ ਮਜ਼ਦੂਰਾਂ ਦਾ ਸ਼ਹਿਰਾਂ, ਕਸਬਿਆਂ ਵਿੱਚ ਸਰੇਆਮ ਸ਼ੋਸ਼ਣ ਹੋ ਰਿਹਾ ਹੈ। ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਅੱਜ ਵੀ ਬਾਲ ਮਜ਼ਦੂਰ ਜੋਖ਼ਮ ਭਰੇ ਕੰਮ ਕਰਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮਜ਼ਦੂਰਾਂ ਦੀ ਭਲਾਈ ਲਈ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥਕਦੀ ਪਰ ਇਹ ਦਾਅਵੇ ਸਾਰੇ ਖੋਖਲੇ ਸਾਬਤ ਹੋ ਰਹੇ ਹਨ। ਮਜ਼ਦੂਰਾਂ ਦੀ ਹਾਲਤ ਦਿਨੋਂ ਦਿਨ ਬਦ ਤੋਂ ਬਦਤਰ ਹੋ ਰਹੀ ਹੈ। ਸ਼ਿਕਾਗੋ ਦੇ ਸ਼ਹੀਦਾਂ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਜੇ ਅਸੀਂ ਸਭ ਮਿਲ ਕੇ ਮਜ਼ਦੂਰਾਂ ਦੀ ਬਿਗੜ ਰਹੀ ਹਾਲਤ ਨੂੰ ਸੁਧਾਰਨ ਦੇ ਲਈ ਸੰਜੀਦਗੀ ਨਾਲ ਕੰਮ ਕਰੀਏ ਤਾਂ ਕਿ ਮਜ਼ਦੂਰਾਂ ਦੇ ਹੱਕ ਪੂਰੀ ਤਰ੍ਹਾ ਸੁਰੱਖਿਅਤ ਰਹਿ ਸਕਣ। ਅਤੇ ਉਨ੍ਹਾਂ ਦੀ ਹੋ ਰਹੀ ਲੁੱਟ ਕਸੁੱਟ ਨੂੰ ਬੰਦ ਕਰਵਾ ਸਕੀਏ।

 

Have something to say? Post your comment

Subscribe