ਸਿਹਤ ਕਰਮਚਾਰੀਆਂ ਨੂੰ ਵੀ ਸੈਂਟਰ ’ਚੋਂ ਭਜਾਇਆ
ਕੈਥਲ : ਦੇਸ਼ ਭਰ ’ਚ ਅੱਜ ਕੋਰੋਨਾ ਵੈਕਸੀਨੇਸ਼ਨ ਦੀ ਮਹਾਂ ਮੁਹਿੰਮ ਚਲਾਈ ਗਈ। ਇਸ ਦੌਰਾਨ ਹਰਿਆਣਾ ਦੇ ਕੈਥਲ ’ਚ ਕੋਰੋਨਾ ਵੈਕਸੀਨੇਸ਼ਨ ਪ੍ਰੋਗਰਾਮ ਦੌਰਾਨ ਮੌਕੇ ਆਉਣ ਵਾਲੇ ਸਥਾਨਕ ਭਾਜਪਾ ਵਿਧਾਇਕ ਲੀਲਾਰਾਮ ਦਾ ਵਿਰੋਧ ਕੀਤਾ ਗਿਆ। ਦਰਅਸਲ, ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਕਿਸਾਨਾਂ ਨੇ ਉਨਾਂ ਦਾ ਵਿਰੋਧ ਕੀਤਾ। ਨਾਲ ਹੀ ਇਹ ਵੀ ਮੰਗ ਕੀਤੀ ਕਿ ਕੋਰੋਨਾ ਵੈਕਸੀਨ ਸੱਭ ਤੋਂ ਪਹਿਲਾਂ ਹਰਿਆਣਾ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਰਾਜਨੇਤਾਵਾਂ ਨੂੰ ਲਗਾਈ ਜਾਵੇ। ਉਸ ਤੋਂ ਬਾਅਦ ਬਾਕੀ ਆਮ ਲੋਕਾਂ ਨੂੰ ਲਗਾਈ ਜਾਵੇ। ਇੰਨਾ ਹੀ ਨਹੀਂ, ਪਿੰਡ ਵਾਸੀਆਂ ਨੇ ਕੋਰੋਨਾ ਵੈਕਸੀਨ ਅਤੇ ਹੋਰ ਮੈਡੀਕਲ ਸਮਾਨ ਵਾਪਸ ਭਿਜਵਾ ਦਿਤਾ ਹੈ। ਸਿਹਤ ਕਰਮਚਾਰੀਆਂ ਨੂੰ ਵੀ ਵੈਕਸੀਨੇਸ਼ਨ ਸੈਂਟਰ ਤੋਂ ਭਜਾ ਦਿਤਾ। ਮਹੱਤਵਪੂਰਨ ਹੈ ਕਿ ਵਿਧਾਇਕ ਲੀਲਾਰਾਮ ਮੌਕੇ ’ਤੇ ਨਹੀਂ ਪਹੁੰਚੇ ਪਰ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੱਭ ਤੋਂ ਪਹਿਲਾਂ ਸਥਾਨਕ ਵਿਧਾਇਕ ਲੀਲਾਰਾਮ ਨੂੰ ਹੀ ਇਹ ਵੈਕਸੀਨ ਲਗਾਈ ਜਾਵੇ।