ਅੰਬਾਲਾ : ਬੀਤੇ ਕਲ੍ਹ ਬਾਅਦ ਦੁਪਹਿਰ ਇੱਕ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਨਾਲ ਭਰੇ ਇੱਕ ਆਟੋ ਰਿਕਸ਼ਾ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਆਟੋ 'ਚ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਇੱਕ ਜ਼ਖਮੀ ਔਰਤ ਨੂੰ ਚੰਡੀਗੜ੍ਹ PGI ਲੈ ਕੇ ਜਾਂਦੇ ਸਮੇਂ ਰਸਤੇ 'ਚ ਹੀ ਮੌਤ ਹੋ ਗਈ। ਦੂਜੇ ਪਾਸੇ ਇਸ ਘਟਨਾ ਦੇ ਤੁਰੰਤ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਪਰ ਸਮੇਂ ਰਹਿੰਦੇ ਪਿੱਛਾ ਕਰ ਕੇ ਪੁਲਿਸ ਨੇ ਮੁਲਜ਼ਮ ਨੂੰ ਫੜ੍ਹ ਲਿਆ।
ਦੱਸ ਦਈਏ ਕਿ ਨਰਾਇਣਗੜ੍ਹ ਦਾ ਇੱਕ ਆਟੋ ਰਿਕਸ਼ਾ ਨੇੜਲੇ ਪਿੰਡ ਜੌਲੀ ਜਾ ਰਿਹਾ ਸੀ। ਬਰਸੂ ਮਾਜਰਾ ਦੇ ਨੇੜੇ ਪਹੁੰਚਣ ਮਗਰੋਂ ਦੂਜੇ ਪਾਸਿਓਂ ਆ ਰਹੇ ਕੈਂਟਰ ਨਾਲ ਟੱਕਰ ਹੋ ਗਈ। ਹਾਦਸੇ 'ਚ ਆਟੋ ਚਾਲਕ ਸਮੇਤ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਸਥਾਨਕ ਲੋਕ ਉਸ ਨੂੰ ਚੰਡੀਗੜ੍ਹ PGI ਲੈ ਜਾ ਰਹੇ ਸਨ ਤਾਂ ਰਸਤੇ ਵਿੱਚ ਉਸ ਨੇ ਵੀ ਦਮ ਤੋੜ ਦਿੱਤਾ।
ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਅੰਧੇਰੀ ਦਾ 81 ਸਾਲਾ ਮੇਹਰਚੰਦ, ਕੰਜਾਲ ਦਾ 33 ਸਾਲਾ ਆਟੋ ਚਾਲਕ ਸੁਨੀਲ, ਕਾਠਗੜ੍ਹ ਦੀ 60 ਸਾਲਾ ਸਲਾਮਤੀ, ਓਖਲ ਦਾ 62 ਸਾਲਾ ਗਫਰਦੀਨ ਸ਼ਾਮਲ ਹਨ। ਬਾਕੀ ਦੀਆਂ ਦੋ ਮਹਿਲਾਵਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।