ਸਿਰਸਾ : ਹਰਿਆਣਾ ਪੁਲਿਸ ਦੀ CIA ਟੀਮ ਨੇ ਸਿਰਸਾ ਜ਼ਿਲ੍ਹੇ ਤੋਂ ਇੱਕ ਅਤਿ ਲੋੜੀਂਦਾ ਨਸ਼ਾ ਤਸਕਰ ਗ੍ਰਿਫ਼ਤਾਰ ਕੀਤਾ ਹੈ | ਦੱਸ ਦਈਏ ਕਿ ਦੋਸ਼ੀ 36 ਕਿਲੋ ਤੋਂ ਵੱਧ ਅਫੀਮ ਤਸਕਰੀ ਦੇ ਮਾਮਲੇ ਵਿਚ ਪਿਛਲੇ ਪੰਜ ਸਾਲ ਤੋਂ ਫਰਾਰ ਚੱਲ ਰਿਹਾ ਸੀ ਅਤੇ ਚੰਡੀਗੜ੍ਹ ਵਿੱਚ ਅਫੀਮ ਤਸਕਰੀ ਦੇ ਮਾਮਲੇ ਦਾ ਦੋਸ਼ੀ ਹੈ | ਨਾਰਕੋਟਿਕ ਸੈਲ ਚੰਡੀਗੜ੍ਹ ਦੀ ਟੀਮ ਨੇ 36 ਕਿਲੋ 150 ਗ੍ਰਾਮ ਅੀਫਮ ਮਾਮਲੇ ਵਿਚ ਦੋਸ਼ੀ ਵਿਰੁੱਧ ਨਸ਼ੀਲੇ ਪਦਾਰਥ ਐਕਟ ਦੇ ਤਹਿਤ ਥਾਣਾ ਐਨਸੀਬੀ ਚੰਡੀਗੜ੍ਹ ਵਿੱਚ ਕੇਸ ਦਰਜ ਕੀਤਾ ਸੀ | ਜ਼ਿਕਰਯੋਗ ਹੈ ਕਿ ਦੋਸ਼ੀ ਘਟਨਾ ਦੇ ਸਮੇਂ ਤੋਂ ਹੀ ਫਰਾਰ ਸੀ | ਇਸ ਤੋਂ ਇਲਾਵਾ, ਫੜੇ ਗਏ ਦੋਸ਼ੀ ਦੇ ਖ਼ਿਲਾਫ਼ ਸਿਰਸਾ ਜ਼ਿਲ੍ਹੇ ਦੇ ਓੜਾ ਥਾਣੇ ਵਿੱਚ ਵੀ 15 ਮਈ 2015 ਨੂੰ 1 ਕਿਲੋ 700 ਗ੍ਰਾਮ ਅਫੀਮ ਮਾਮਲੇ ਵਿੱਚ ਕੇਸ ਦਰਜ ਹੋਇਆ ਸੀ ਅਤੇ ਇਹ ਇਸ ਵਿੱਚੋਂ ਵੀ ਫਰਾਰ ਸੀ |
ਦਰਅਸਲ, CIA ਦੀ ਟੀਮ ਨੂੰ ਚੈਕਿੰਗ ਦੌਰਾਨ ਸੂਚਨਾ ਮਿਲੀ ਸੀ ਕਿ ਮੋਸਟ ਵਾਂਟੇਡ ਅਫੀਮ ਤਸਕਰ ਲਾਭ ਸਿੰਘ ਕਾਲਾਂਵਾਲੀ ਤੋਂ ਡਬਵਾਲੀ ਰੋਡ 'ਤੇ ਸਥਿਤ ਰੋਜ਼ ਗਾਰਡਨ ਵਿੱਚ ਇੱਕ ਵਿਆਹ ਸਮਾਗਮ ਵਿੱਚ ਆਇਆ ਹੋਇਆ ਹੈ | ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਸਥਾਨ 'ਤੇ ਰੇਡ ਕਰ ਦੋਸ਼ੀ ਲਾਭ ਸਿੰਘ ਉਰਫ਼ ਲਾਭਾ ਨੂੰ ਰੋਜ਼ ਗਾਰਡਨ ਕਾਲਾਂਵਾਲੀ ਦੀ ਪਾਰਕਿੰਗ ਤੋਂ ਕਾਬੂ ਕਰ ਲਿਆ | ਨਸ਼ੀਲੇ ਪਦਾਰਥ ਐਕਟ ਦੇ ਤਹਿਤ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਦਰਜ ਦੋਹਾਂ ਮੁਕੱਦਮਿਆਂ ਵਿੱਚ ਦੋਸ਼ੀ ਘਟਨਾ ਦੇ ਸਮੇਂ ਤੋਂ ਹੀ ਫਰਾਰ ਚਲ ਰਿਹਾ ਸੀ |