ਉੱਤਰੀ ਭਾਰਤ ਅਤੇ ਖ਼ਾਸ ਕਰ ਕੇ ਪੰਜਾਬ ਵਿਚ 60ਵਿਆਂ ਵਿਚ ਆਏ ਕਣਕ ਅਤੇ ਝੋਨੇ ਦੇ ਨਵੇਂ ਬੀਜਾਂ ਅਤੇ ਰਸਾਇਣਕ ਖਾਦਾਂ ਅਤੇ ਸਿੰਜਾਈ ਸਾਧਨਾਂ ਦੇ ਵਿਕਾਸ ਕਾਰਨ ਫ਼ਸਲਾਂ ਦੇ ਝਾੜ ਨਾਲ ਹੋਏ ਹੈਰਾਨੀਜਨਕ ਵਾਧੇ ਨੂੰ ਹਰੀ ਕ੍ਰਾਂਤੀ ਦੇ ਨਾਂ ਨਾਲ ਸਨਮਾਨਿਆ ਗਿਆ। ਹਰੀ ਕ੍ਰਾਂਤੀ ਨਾਲ ਅਨਾਜ ਦੀ ਪੈਦਾਵਾਰ ਵਿਚ ਤਾਂ ਵਾਧਾ ਹੋਇਆ ਪਰ ਨਾਲ ਹੀ ਕਈ ਮੁਸ਼ਕਲਾਂ ਨੇ ਵੀ ਜਨਮ ਲੈ ਲਿਆ। ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਲੋੜ ਤੋਂ ਵੱਧ ਵਰਤੋਂ, ਦੇਸੀ ਖਾਦਾਂ ਦੀ ਵਰਤੋਂ ਪ੍ਰਤੀ ਅਣਗਹਿਲੀ ਅਤੇ ਝੋਨੇ ਅਤੇ ਕਣਕ ਦੀ ਪਰਾਲੀ ਨੂੰ ਸਾੜਨ ਆਦਿ ਨੇ ਸਾਡੇ ਵਾਤਾਵਰਣ ਅਤੇ ਜ਼ਮੀਨ ਦੀ ਸਿਹਤ 'ਤੇ ਮਾੜਾ ਅਸਰ ਪਾਇਆ। ਬੇਲੋੜੀਆਂ ਅਤੇ ਬੇਵਕਤੀ ਵਰਤੀਆਂ ਖਾਦਾਂ ਨੇ ਵਾਧੂ ਖ਼ਰਚੇ ਨਾਲ ਵਾਤਾਵਰਣ 'ਤੇ ਵੀ ਮਾੜਾ ਅਸਰ ਪਾਇਆ। ਆਧੁਨਿਕ ਖੇਤੀ ਦੇ ਵਾਤਾਵਰਣ 'ਤੇ ਬੁਰੇ ਅਸਰਾਂ ਪ੍ਰਤੀ ਜਾਗਰੂਕਤਾ ਅਤੇ ਜੈਵਿਕ ਭੋਜਨ ਦੀ ਮੰਗ ਨੇ ਜੈਵਿਕ ਖੇਤੀ ਦੀ ਲਹਿਰ ਨੂੰ ਜਨਮ ਦਿਤਾ।
ਜੈਵਿਕ ਖੇਤੀ ਇਕ ਅਜਿਹੀ ਤਕਨੀਕ ਹੈ ਜਿਸ ਵਿਚ ਖੇਤ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਜੋ ਸਾਡੇ ਖੇਤਾਂ ਦੀ ਰਹਿੰਦ-ਖੂੰਹਦ ਹੈ, ਉਸ ਨੂੰ ਵਰਤ ਕੇ ਵੀ ਅਸੀਂ ਖੇਤੀ ਕਰ ਸਕਦੇ ਹਾਂ। ਜੈਵਿਕ ਖੇਤੀ ਵਿਚ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਅਧਾਰਤ ਖਾਦ (ਰੂੜੀ ਦੀ ਖਾਦ, ਨਾਡੇਪ ਖਾਦ ਅਤੇ ਗੰਡੋਆ ਖਾਦ ਆਦਿ) ਅਤੇ ਤਰਲ ਖਾਦਾਂ (ਵਰਮੀਵਾਸ਼) ਦੀ ਵਰਤੋਂ ਨਾਲ ਜ਼ਮੀਨ ਅਤੇ ਫ਼ਸਲਾਂ ਨੂੰ ਤੰਦਰੁਸਤ ਰਖਿਆ ਜਾ ਸਕਦਾ ਹੈ। ਜ਼ਮੀਨ ਦੀ ਸਿਹਤ ਨੂੰ ਬਣਾਈ ਰੱਖਣ ਬਲਕਿ ਤੰਦਰੁਸਤ ਰੱਖਣ ਲਈ ਰਸਾਇਣਕ ਖਾਦਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਖੇਤੀ ਸਰੋਤਾਂ ਅਤੇ ਕਾਸ਼ਤਕਾਰੀ ਢੰਗਾਂ ਨੂੰ ਸੰਗਠਤ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਪੌਦੇ ਜ਼ਮੀਨ ਵਿਚੋਂ ਹੀ ਨਾਈਟਰੋਜਨ, ਫ਼ਾਸਫੋਰਸ ਅਤੇ ਪੋਟਾਸ਼ ਤੱਤ ਨੂੰ ਰਸਾਇਣਿਕ ਤੱਤ ਵਜੋਂ ਹੀ ਲੈਂਦੇ ਹਨ।
ਫ਼ਸਲ ਨੂੰ ਖੁਰਾਕੀ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ ਜਿਵੇਂ ਮਨੁੱਖ ਨੂੰ ਰੋਟੀ ਦੀ। ਫ਼ਸਲ ਵਿਚ ਇਨ੍ਹਾਂ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਹੇਠਾਂ ਦਿਤੇ ਪਦਾਰਥ ਵਰਤੇ ਜਾਂਦੇ ਹਨ:
ਵਰਮੀਕੰਪੋਸਟ ਜਾਂ ਵਰਮੀਵਾਸ਼:- ਇਹ ਗੰਡੋਇਆਂ ਤੋਂ ਤਿਆਰ ਕੀਤੀ ਜਾਂਦੀ ਹੈ ਜਿਸ ਨੂੰ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਪਾਇਆ ਜਾਂਦਾ ਹੈ।
ਮਟਕਾ ਖਾਦ: ਇਸ ਨੂੰ ਬਣਾਉਣ ਲਈ 15 ਕਿਲੋ ਗਊ ਦਾ ਗੋਬਰ ਅਤੇ 15 ਲਿਟਰ ਪਿਸ਼ਾਬ, 15 ਲੀਟਰ ਪਾਣੀ ਅਤੇ 250 ਗ੍ਰਾਮ ਗੁੜ ਨੂੰ ਇਕ ਘੜੇ ਵਿਚ ਰਲਾ ਕੇ ਅਤੇ ਇਸ ਨੂੰ ਕਪੜੇ ਜਾਂ ਬੋਰੀ ਨਾਲ ਢੱਕ ਦਿਉ। ਇਸ ਨੂੰ 4-5 ਦਿਨਾਂ ਲਈ ਰੱਖ ਦਿਉ। ਇਸ ਵਿਚ 200 ਲਿਟਰ ਪਾਣੀ ਮਿਲਾ ਕੇ ਇਕ ਏਕੜ ਫ਼ਸਲ 'ਤੇ ਦੋ ਤੋਂ ਤਿੰਨ ਛਿੜਕਾਅ ਕੀਤੇ ਜਾਂਦੇ ਹਨ।
ਜੀਵ ਅੰਮ੍ਰਿਤ:- ਇਸ ਨੂੰ ਤਿਆਰ ਕਰਨ ਲਈ ਪਲਾਸਟਿਕ ਦੇ ਡਰੰਮ ਵਿਚ 200 ਲਿਟਰ ਪਾਣੀ ਵਿਚ 10 ਕਿਲੋ ਦੇਸੀ ਗਊ ਦਾ ਗੋਬਰ, 10 ਲਿਟਰ ਦੇਸੀ ਗਊ ਦਾ ਪਿਸ਼ਾਬ, 2 ਕਿਲੋ ਗੁੜ, 2 ਕਿਲੋ ਕਿਸੇ ਵੀ ਦਾਲ ਦਾ ਆਟਾ ਅਤੇ 1/2 ਕਿਲੋ ਮਿੱਟੀ ਮਿਲਾ ਲਉ। ਮਿੱਟੀ ਨਹਿਰ ਦੇ ਕੰਢੇ ਜਾਂ ਕਿਸੇ ਅਜਿਹੀ ਥਾਂ ਤੋਂ ਲੈਣੀ ਹੈ ਜਿਥੇ ਖੇਤੀ ਰਸਾਇਣਾਂ ਦੀ ਵਰਤੋਂ ਨਾ ਹੁੰਦੀ ਰਹੀ ਹੋਵੇ। ਇਸ ਨੂੰ 5-7 ਦਿਨਾਂ ਲਈ ਬੋਰੀ ਨਾਲ ਢੱਕ ਕੇ ਰੱਖ ਦਿਉ। ਇਸ ਘੋਲ ਨੂੰ ਦਿਨ ਵਿਚ ਤਿੰਨ ਵਾਰ ਹਿਲਾਉ। ਇਸ ਨੂੰ ਇਕ ਏਕੜ ਵਿਚ ਸਿੰਚਾਈ ਦੇ ਪਾਣੀ ਨਾਲ ਵਰਤਿਆ ਜਾਂਦਾ ਹੈ। ਇਸ ਨੂੰ ਫ਼ਸਲ ਦੇ ਉਪਰ ਵੀ ਵਰਤ ਸਕਦੇ ਹੋ।
ਪਾਥੀਆਂ ਦਾ ਪਾਣੀ:- 15 ਕਿਲੋ ਇਕ ਸਾਲ ਪੁਰਾਣੀਆਂ ਪਾਥੀਆਂ ਨੂੰ 50 ਲਿਟਰ ਪਾਣੀ ਵਿਚ ਪਾ ਕੇ 4 ਦਿਨਾਂ ਲਈ ਛਾਂ ਵਿਚ ਰੱਖ ਦਿਉ। ਇਸ ਪਾਣੀ ਨੂੰ 2 ਲਿਟਰ ਪ੍ਰਤੀ ਪੰਪ ਫ਼ਸਲ ਉਪਰ ਛਿੜਕਾਅ ਕੀਤਾ ਜਾਂਦਾ ਹੈ।
ਰੂੜੀ ਦੀ ਖਾਦ:- 50 ਕਿਲੋ ਰੂੜੀ ਦੀ ਖਾਦ ਵਿਚ ਇਕ ਕਿਲੋ ਟ੍ਰਾਇਕੋਡਰਮਾ ਮਿਲਾ ਕੇ ਇਸ ਨੂੰ ਬਿਜਾਈ ਤੋਂ ਪਹਿਲਾਂ ਖੇਤ ਵਿਚ ਪਾਉ। ਇਸ ਨਾਲ ਫ਼ਸਲ ਨੂੰ ਸਾਰੇ ਜ਼ਰੂਰੀ ਤੱਤ ਮਿਲ ਜਾਂਦੇ ਹਨ।
ਇਸੇ ਤਰ੍ਹਾਂ ਜੇਕਰ ਫ਼ਸਲ ਵਿਚ ਕੀਟਾਂ ਦੀ ਰੋਕਥਾਮ ਦੀ ਗੱਲ ਕਰੀਏ ਤਾਂ ਉਸ ਲਈ ਹੇਠਾਂ ਦਿਤੇ ਤਰੀਕੇ ਵਰਤੇ ਜਾ ਸਕਦੇ ਹਨ।
ਨਿੰਮ ਅਤੇ ਅੱਕ ਦਾ ਅਰਕ:- ਡਰੰਮ ਵਿਚ 200 ਲਿਟਰ ਗਉ ਦਾ ਪਿਸ਼ਾਬ ਲਵੋ ਅਤੇ ਇਸ ਨੂੰ 5-5 ਕਿਲੋ ਨਿੰਮ ਅਤੇ ਅੱਕ ਦੇ ਪੱਤੇ ਪਾ ਦਿਉ। ਇਸ ਮਿਸ਼ਰਣ ਨੂੰ ਸਵੇਰੇ ਸ਼ਾਮ ਹਿਲਾਉਂਦੇ ਰਹੋ। 10 ਦਿਨਾਂ ਲਈ ਰੱਖੋ। ਇਸ ਮਿਸ਼ਰਣ ਦਾ ਪਾਣੀ ਵਿਚ 1:14 ਦੇ ਅਨੁਪਾਤ ਵਿਚ ਫ਼ਸਲਾਂ ਉਪਰ ਛਿੜਕਾਅ ਕੀਤਾ ਜਾਂਦਾ ਹੈ।
ਹਿੰਗ:- ਰਸ ਚੂਸਣ ਵਾਲੇ ਕੀੜੇ ਦੀ ਰੋਕਥਾਮ ਲਈ 4 ਲਿਟਰ ਗਊ ਦੇ ਪਿਸ਼ਾਬ ਅਤੇ 10 ਗ੍ਰਾਮ ਹਿੰਗ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
ਉਪਰ ਦਿਤੇ ਸਾਰੇ ਢੰਗਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਕਿਸਾਨ ਜੈਵਿਕ ਖਾਦ ਕਰ ਕੇ ਮਹਿੰਗੀਆਂ ਖਾਦਾਂ ਅਤੇ ਸਪਰੇਆਂ ਦੇ ਖ਼ਰਚੇ ਤੋਂ ਬਚ ਸਕਦੇ ਹਨ। ਬਸ ਉਨ੍ਹਾਂ ਨੂੰ ਲੋੜ ਹੈ ਥੋੜੀ ਜਿਹੜੀ ਮਿਹਨਤ ਦੀ ਜਿਹੜੀ ਉਹ ਨਹੀਂ ਕਰਦੇ। ਛੇਤੀ ਨਤੀਜੇ ਦੇ ਚੱਕਰ ਵਿਚ ਰਸਾਇਣਿਕ ਖਾਦਾਂ ਵਰਤ ਲੈਂਦੇ ਹਨ।