ਮੁੰਬਈ : ਮਹਾਰਾਸ਼ਟਰ 'ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸਾਫ਼ ਕਰ ਦਿਤਾ ਕਿ ਸੂਬੇ ਤੋਂ ਤਾਲਾਬੰਦੀ ਹਾਲੇ ਨਹੀਂ ਹਟਾਈ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਇਨਫ਼ੈਕਸ਼ਨ ਦੇ ਮਾਮਲਿਆਂ ਦੀ ਗਿਣਤੀ 'ਚ ਵਾਧਾ ਜਾਰੀ ਹੈ। ਇਸ ਕਾਰਨ 30 ਜੂਨ ਨੂੰ ਤਾਲਾਬੰਦੀ ਨਹੀਂ ਹਟਾਈ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਤਾਲਾਬੰਦੀ 'ਚ ਹੌਲੀ-ਹੌਲੀ ਛੋਟ ਦਿਤੀ ਜਾਵੇਗੀ। ਮਹਾਰਾਸ਼ਟਰ covid-19 ਮਹਾਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ। ਊਧਵ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜ਼ਿਆਦਾ ਮਾਤਰਾ 'ਚ ਭੀੜ ਕੀਤੀ ਗਈ ਤਾਂ ਤਾਲਾਬੰਦੀ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ। ਊਧਵ ਨੇ ਕਿਹਾ ਕਿ ਅਨਲਾਕ ਸ਼ੁਰੂ ਹੋਣ 'ਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੀ ਵਧ ਸਕਦੀ ਹੈ। ਸੂਬਾ ਸਰਕਾਰ ਨੇ ਵਧ ਤੋਂ ਵਧ ਟੈਸਟ ਕਰਵਾਉਣਾ ਸ਼ੁਰੂ ਕੀਤਾ ਹੈ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਊਧਵ ਨੇ ਕਿਹਾ ਕਿ ਵਿਸ਼ਵ 'ਚ ਕੋਰੋਨਾ ਲਈ ਜਿਵੇਂ ਹੀ ਕਿਸੇ ਨਵੀਂ ਦਵਾਈ ਦਾ ਨਾਂ ਆਉਂਦਾ ਹੈ, ਉਹ ਖ਼ੁਦ ਉਸ ਨੂੰ ਸੂਬੇ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਮੇਂ ਰੇਡਮੇਸਿਵਿਰ ਅਤੇ ਇਕ ਹੋਰ ਦਵਾਈ ਦੀ ਜ਼ੋਰਦਾਰ ਚਰਚਾ ਹੋ ਰਹੀ ਹੈ। ਕੇਂਦਰ ਸਰਕਾਰ ਤੋਂ ਇਸ ਦਵਾਈ ਦੀ ਮਨਜ਼ੂਰੀ ਪਿਛਲੇ ਹਫ਼ਤੇ ਮਿਲ ਚੁਕੀ ਹੈ। ਉਹ ਇਨ੍ਹਾਂ ਦੋਹਾਂ ਦਵਾਈਆਂ ਨੂੰ ਜਲਦ ਸੂਬੇ 'ਚ ਲਿਆ ਕੇ ਹਸਪਤਾਲਾਂ 'ਚ ਮੁਫ਼ਤ ਉਪਲਬਧ ਕਰਵਾਉਣਗੇ। ਊਧਵ ਨੇ ਕਿਹਾ ਕਿ ਪਰਸੋਂ ਅਸੀਂ ਨੈਸ਼ਨਲ ਡਾਕਟਰਜ਼ ਡੇਅ (National Doctor's Day) ਮਨਾ ਰਹੇ ਹਾਂ। ਉਹ ਸਾਡੇ ਲਈ ਲੜ ਰਹੇ ਹਨ, ਮੈਂ ਉਨ੍ਹਾਂ ਦੇ ਪ੍ਰਤੀ ਆਭਾਰ ਪ੍ਰਗਟ ਕਰਦਾ ਹਾਂ। ਕੋਰੋਨਾ ਹਾਲੇ ਖ਼ਤਮ ਨਹੀਂ ਹੋਇਆ ਹੈ, ਅਸੀਂ ਇਸ ਮੁੱਦੇ ਨਾਲ ਇਕੱਠੇ ਨਿਪਟਾਂਗੇ। ਸਾਨੂੰ ਬੇਚੈਨ ਨਹੀਂ ਹੋਣਾ ਚਾਹੀਦਾ ਅਤੇ ਗ਼ੈਰ-ਜ਼ਰੂਰੀ ਰੂਪ ਨਾਲ ਬਾਹਰ ਨਹੀਂ ਜਾਣਾ ਚਾਹੀਦਾ।