ਚੰਡੀਗੜ੍ਹ : ਭਾਰਤ-ਚੀਨ ਸਰਹੱਦ 'ਤੇ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਚੀਨ ਪ੍ਰਤੀ ਦੇਸ਼ 'ਚ ਕਾਫ਼ੀ ਗੁੱਸਾ ਵੇਖਿਆ ਜਾ ਰਿਹਾ ਹੈ। ਉਥੇ ਹੀ ਦੇਸ਼ 'ਚ ਚੀਨੀ ਵਸਤਾਂ ਦੇ ਬਾਈਕਾਟ ਦੀ ਮੰਗ ਵੀ ਜ਼ੋਰ ਫੜ੍ਹ ਰਹੀ ਹੈ। ਇਸ 'ਚ ਹਰਿਆਣਾ ਸਰਕਾਰ ਨੇ ਚੀਨੀ ਕੰਪਨੀਆਂ ਦੇ ਠੇਕੇ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਹਰਿਆਣਾ 'ਚ ਚੀਨੀ ਕੰਪਨੀਆਂ ਨੂੰ ਮਿਲੇ ਦੋ ਥਰਮਲ ਪਾਵਰ ਸਟੇਸ਼ਨਾਂ ਦੇ ਠੇਕਿਆਂ ਨੂੰ ਰੱਦ ਕਰ ਦਿਤਾ ਗਿਆ ਹੈ। ਦਰਅਸਲ, ਯਮੁਨਾਨਗਰ ਅਤੇ ਹਿਸਾਰ ਥਰਮਲ ਪਲਾਂਟ ਲਈ ਬੀਡਿੰਗ ਹੋਈ ਸੀ। ਇਸ 'ਚ ਦੋ ਕੰਪਨੀਆਂ ਨੂੰ ਦੋ ਥਰਮਲ ਪਾਵਰ ਸਟੇਸ਼ਨ ਦੇ ਠੇਕੇ ਮਿਲੇ ਸਨ। ਦੋਨਾਂ ਹੀ ਕੰਪਨੀਆਂ ਚੀਨੀ ਸਨ। ਇਸ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਇਨ੍ਹਾਂ ਠੇਕਿਆਂ ਨੂੰ ਰੱਦ ਕਰ ਦਿਤਾ ਹੈ। ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ ਥਰਮਲ ਪਲਾਂਟ ਲਈ ਬੋਲੀ ਮੰਗੀ ਗਈ ਸੀ। ਉਥੇ ਹੀ ਹੁਣ ਐਨ.ਟੀ.ਪੀ.ਸੀ. ਦੀ ਤਰਜ਼ 'ਤੇ ਭਾਰਤੀ ਕੰਪਨੀਆਂ ਨੂੰ ਇਨ੍ਹਾਂ ਠੇਕਿਆਂ ਲਈ ਪਹਿਲ ਮਿਲੇਗੀ ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਚੀਨੀ ਕੰਪਨੀਆਂ ਨੂੰ ਮਿਲੇ ਠੇਕਿਆਂ ਨੂੰ ਰੱਦ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਚੀਨੀ ਕੰਪਨੀ ਨਾਲ ਅਪਣਾ ਇਕ ਕਰਾਰ ਖ਼ਤਮ ਕਰ ਦਿਤਾ। ਭਾਰਤੀ ਰੇਲਵੇ ਨਾਲ 2016 'ਚ ਚੀਨੀ ਕੰਪਨੀ ਨਾਲ 471 ਕਰੋੜ ਰੁਪਏ ਦਾ ਕਰਾਰ ਹੋਇਆ ਸੀ, ਜਿਸ 'ਚ ਉਸ ਨੂੰ 417 ਕਿਲੋਮੀਟਰ ਲੰਮੇ ਰੇਲ ਟ੍ਰੈਕ ਤੇ ਸਿਗਨਲ ਸਿਸਟਮ ਲਗਾਉਣਾ ਸੀ। ਉਥੇ ਹੀ ਸਰਕਾਰ ਨੇ ਬੀ.ਐਸ.ਐਨ.ਐਲ. ਅਤੇ ਐਮ.ਟੀ.ਐਨ.ਐਲ. ਸਮੇਤ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿਤਾ ਸੀ ਕਿ ਉਹ ਚੀਨੀ ਸਮੱਗਰੀਆਂ ਦਾ ਇਸਤੇਮਾਲ ਘੱਟ ਤੋਂ ਘੱਟ ਕਰਨ।