ਭੋਪਾਲ : ਭੋਪਾਲ ਵਿਚ ਕੋਰੋਨਾ ਨੇ ਤੇਜੀ ਫੜ ਲਈ ਹੈ। ਇਕ ਦਿਨ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਭੋਪਾਲ ਵਿਚ ਇਕ ਪੰਡਤ ਜੀ ਆਸ਼ੀਰਵਾਦ ਦੇ ਨਾਲ ਲਾੜੇ ਨੂੰ ਕੋਰੋਨਾ ਦੇ ਗਏ। ਹੁਣ ਲਾੜਾ ਅਤੇ ਉਸਦਾ ਭਰਾ ਦੋਵਾਂ ਦਾ ਇਲਾਜ ਚਲ ਰਿਹਾ ਹੈ। ਇਹ ਮਾਮਲਾ ਭੋਪਾਲ ਦੇ ਗੋਵਿੰਦਪੁਰਾ ਖੇਤਰ ਦਾ ਹੈ। ਬਿਜਲੀ ਕਲੋਨੀ 'ਚ ਰਹਿਣ ਵਾਲੇ ਇਕ ਪ੍ਰਵਾਰ ਦੇ ਪੁੱਤਰ ਦਾ ਵਿਆਹ ਹੋਇਆ ਸੀ। ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਵਿਆਹ 'ਚ ਸਿਰਫ਼ ਇਕ ਨਿਸ਼ਚਤ ਗਿਣਤੀ ਦੇ ਲੋਕਾਂ ਨੂੰ ਬੁਲਾਇਆ ਗਿਆ ਸੀ।
ਕੋਰੋਨਾ ਨੂੰ ਰੋਕਣ ਲਈ ਸਮਾਜਕ ਦੂਰੀ ਸਮੇਤ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ, ਪਰ ਕੋਰੋਨਾ ਵਾਇਰਸ ਲਾੜੇ ਅਤੇ ਲਾੜੀ ਵਿਚਕਾਰ ਪੁੱਜ ਗਿਆ। ਵਿਆਹ ਤੋਂ ਬਾਅਦ ਜਦੋਂ ਨੂੰਹ ਘਰ ਆਈ ਤਾਂ ਰਵਾਇਤ ਅਨੁਸਾਰ ਘਰ ਵਿਚ ਕਥਾ ਕਰਵਾਈ ਗਈ। ਪੰਡਿਤ ਜੀ ਨੂੰ ਕਥਾ ਕਰਨ ਲਈ ਬੁਲਾਇਆ ਗਿਆ ਸੀ। ਕਥਾ 'ਚ ਦੋਵਾਂ ਪਾਸਿਆਂ ਦੇ ਲੋਕ ਮੌਜੂਦ ਸਨ। ਸਾਰੀ ਪੂਜਾ ਵਿਧੀ ਵਿਧਾਨ ਨਾਲ ਪੂਰੀ ਹੋਈ। ਲਾੜੀ ਅਤੇ ਲਾੜੇ ਨੂੰ ਅਸ਼ੀਰਵਾਦ ਦੇਣ ਤੋਂ ਬਾਅਦ ਪੰਡਕ ਜੀ ਅਪਣੇ ਘਰ ਆ ਗਏ।
ਅਗਲੇ ਹੀ ਦਿਨ ਪਤਾ ਲਗਿਆ ਕਿ ਪੰਡਿਤ ਜੀ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆਈ। ਜਦੋਂ ਇਹ ਖ਼ਬਰ ਵਿਆਹ ਵਾਲੇ ਘਰ ਪਹੁੰਚੀ ਤਾਂ ਉਥੇ ਹਲਚਲ ਮਚ ਗਈ। ਪੂਜਾ ਵਿਚ ਮੌਜੂਦ 12 ਲੋਕਾਂ ਦਾ ਕੋਰੋਨਾ ਟੈਸਟ ਤੁਰੰਤ ਕੀਤਾ ਗਿਆ। ਲਾੜੇ ਅਤੇ ਉਸਦੇ ਵੱਡੇ ਭਰਾ ਦੀ ਟੈਸਟ ਰੀਪੋਰਟ ਪਾਜ਼ੇਟਿਵ ਆਈ ਹੈ। ਪੰਡਿਤ ਜੀ ਆਸ਼ੀਰਵਾਦ ਨਾਲ ਕੋਰੋਨਾ ਵੀ ਵੰਡ ਗਏ। ਰੀਪੋਰਟ ਮਿਲਣ 'ਤੇ ਲਾੜੇ ਅਤੇ ਉਸ ਦੇ ਵੱਡੇ ਭਰਾ ਦੋਵਾਂ ਨੂੰ ਇਕਾਂਤਵਾਸ 'ਚ ਭੇਜ ਦਿਤਾ ਹੈ ਅਤੇ ਇਲਾਜ਼ ਸ਼ੁਰੂ ਕਰ ਦਿਤਾ ਗਿਆ ਹੈ। ਦੁਲਹਨ ਦਾ ਵੀ ਟੈਸਟ ਕਰਵਾਇਆ ਗਿਆ ਪਰ ਉਸ ਵਿਚ ਲਾਗ ਨਹੀਂ ਫੈਲ ਸਕੀ। ਇਸ ਲਈ ਉਸ ਨੂੰ ਸਾਵਧਾਨੀ ਦੇ ਤੌਰ 'ਤੇ ਪੇਕੇ ਘਰ ਭੇਜ ਦਿਤਾ ਹੈ।