ਗੜ੍ਹਚਿਰੌਲੀ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਨਕਸਲੀਆਂ ਨੇ ਚਾਰ ਟਰੱਕਾਂ ਨੂੰ ਅੱਗ ਲਾ ਦਿਤੀ। ਇਹ ਘਟਲਾ ਉਨ੍ਹਾਂ ਦੇ ਸਾਥੀ ਦੇ ਮਾਰੇ ਜਾਣ ਦੇ ਵਿਰੋਧ ਵਿਚ ਬੁਲਾਏ ਗਏ ਬੰਦ ਤੋਂ ਪਹਿਲਾਂ ਵਾਪਰੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਘਟਨਾ ਸਵਾਰਗਾਂਵ-ਮੁਸਮਗਾਂਵ ਸੜਕ 'ਤੇ ਮੰਗਲਵਾਰ ਦੀ ਅੱਧੀ ਰਾਤ ਲਾਗੇ ਵਾਪਰੀ। ਨਕਸਲੀਆਂ ਨੇ ਸੜਕ ਰੋਕ ਦਿਤੀ ਅਤੇ ਚਾਰ ਗੱਡੀਆਂ ਨੂੰ ਅੱਗ ਲਾ ਦਿਤੀ। ਨਕਸਲੀਆਂ ਨੇ ਅਪਣੀ ਮਹਿਲਾ ਸਾਥੀ ਦੇ ਮਾਰੇ ਜਾਣ ਦੇ ਵਿਰੋਧ ਵਿਚ ਬੁਧਵਾਰ ਨੂੰ ਜ਼ਿਲ੍ਹੇ ਵਿਚ ਬੰਦ ਦਾ ਸੱਦਾ ਦਿਤਾ ਸੀ। ਪੁਲਿਸ ਨੇ ਮੁਕਾਬਲੇ ਵਿਚ ਉਨ੍ਹਾਂ ਦੀ ਸਾਥਣ ਨੂੰ ਮਾਰ ਦਿਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਔਰਤ ਵਿਰੁਧ 34 ਆਦਿਵਾਸੀਆਂ ਦੀ ਹਤਿਆ ਸਣੇ ਲਗਭਞ 155 ਗੰਭੀਰ ਮਾਮਲੇ ਦਰਜ ਸਨ। ਐਤਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ ਵਿਚ ਦੋ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਸਨ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ ਸਨ।