ਭਾਰਤ ਨੇ ਦੋ ਤਗਮੇ ਜਿੱਤਣ ਦੇ ਮੌਕੇ ਗੁਆ ਦਿੱਤੇ
ਮਨੂ ਭਾਕਰ ਪਿਸਟਲ ਮੁਕਾਬਲੇ 'ਚ ਚੌਥੇ ਸਥਾਨ 'ਤੇ ਰਹੀ
ਪੈਰਿਸ ਓਲੰਪਿਕ ਦੇ ਅੱਠਵੇਂ ਦਿਨ ਭਾਰਤ ਨੇ ਦੋ ਤਗਮੇ ਜਿੱਤਣ ਦੇ ਮੌਕੇ ਗੁਆ ਦਿੱਤੇ ਹਨ। ਮਨੂ ਭਾਕਰ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ 28 ਸ਼ਾਟ ਦੇ ਨਾਲ ਚੌਥੇ ਸਥਾਨ 'ਤੇ ਰਹੀ। 8 ਸੀਰੀਜ਼ 'ਚ ਮਨੂ ਸਿਰਫ ਇਕ ਵਾਰ 5 'ਚੋਂ 5 ਸ਼ਾਟ ਬਣਾਉਣ 'ਚ ਕਾਮਯਾਬ ਰਹੀ। ਉਸ ਨੇ 40 ਵਿੱਚੋਂ 28 ਸ਼ਾਟ ਬਣਾਏ। ਇਸ ਨਾਲ ਪੈਰਿਸ ਓਲੰਪਿਕ 'ਚ ਤਮਗੇ ਦੀ ਹੈਟ੍ਰਿਕ ਲਗਾਉਣ ਦਾ ਉਸ ਦਾ ਸੁਪਨਾ ਅਧੂਰਾ ਰਹਿ ਗਿਆ। ਮਨੂ ਨੇ ਇਸ ਤੋਂ ਪਹਿਲਾਂ ਸਰਬਜੋਤ ਸਿੰਘ ਦੇ ਨਾਲ ਵਿਅਕਤੀਗਤ 10 ਮੀਟਰ ਏਅਰ ਪਿਸਟਲ ਅਤੇ ਮਿਕਸਡ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਦੀਪਿਕਾ ਕੁਮਾਰ ਨੂੰ ਪੈਰਿਸ ਓਲੰਪਿਕ ਦੇ ਮਹਿਲਾ ਸਿੰਗਲ ਤੀਰਅੰਦਾਜ਼ੀ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਸੁਹੇਯੋਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੀਪਿਕਾ ਇਹ ਮੈਚ 4-6 ਨਾਲ ਹਾਰ ਗਈ। ਨੌਜਵਾਨ ਭਜਨ ਕੌਰ ਸ਼ੂਟ ਆਫ ਵਿੱਚ ਹਾਰ ਕੇ ਮੁਕਾਬਲੇ ਵਿੱਚੋਂ ਬਾਹਰ ਹੋ ਗਈ। ਮੁੱਕੇਬਾਜ਼ੀ ਵਿੱਚ ਨਿਸ਼ਾਂਤ ਦੇਵ ਪੁਰਸ਼ਾਂ ਦੇ ਵੈਲਟਰਵੇਟ ਵਿੱਚ ਕੁਆਰਟਰ ਫਾਈਨਲ ਖੇਡਣਗੇ। ਭਾਰਤ ਨੇ ਸੱਤਵੇਂ ਦਿਨ ਤੱਕ ਤਿੰਨ ਤਗਮੇ (ਕਾਂਸੀ) ਜਿੱਤੇ ਹਨ।