ਬੈਂਗਲੁਰੂ : ਭਾਰਤ ਬਨਾਮ ਨਿਊਜ਼ੀਲੈਂਡ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਜਾਰੀ ਹੈ। ਚੌਥੇ ਦਿਨ ਸਰਫਰਾਜ਼ ਖਾਨ ਅਤੇ ਰਿਸ਼ਭ ਪੰਤ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ ਮੈਚ 'ਚ ਵਾਪਸ ਲਿਆਂਦਾ। ਇਸ ਦੌਰਾਨ ਬਾਰਸ਼ ਕਾਰਨ ਮੈਚ ਹਾਲ ਦੀ ਘੜੀ ਰੁਕ ਗਿਆ ਹੈ।
ਸਰਫਰਾਜ਼ ਖਾਨ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ, ਜਦਕਿ ਰਿਸ਼ਭ ਪੰਤ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਦੋਵਾਂ ਵਿਚਾਲੇ ਚੌਥੇ ਵਿਕਟ ਲਈ 211 ਗੇਂਦਾਂ 'ਚ 177 ਦੌੜਾਂ ਦੀ ਸਾਂਝੇਦਾਰੀ ਹੋਈ। ਸਰਫਰਾਜ਼ 195 ਗੇਂਦਾਂ 'ਚ 150 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਰਿਸ਼ਭ ਪੰਤ 99 ਦੌੜਾਂ ਬਣਾ ਕੇ ਆਊਟ ਹੋ ਗਏ। ਰਾਹੁਲ 16 ਗੇਂਦਾਂ ਵਿੱਚ ਸਿਰਫ਼ 12 ਦੌੜਾਂ ਹੀ ਬਣਾ ਸਕੇ। ਰਵਿੰਦਰ ਜਡੇਜਾ 15 ਗੇਂਦਾਂ ਵਿੱਚ ਸਿਰਫ਼ ਪੰਜ ਦੌੜਾਂ ਹੀ ਬਣਾ ਸਕੇ। ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜੀ ਪਾਰੀ ਵਿੱਚ 99.3 ਓਵਰਾਂ ਵਿੱਚ 462 ਦੌੜਾਂ ਬਣਾਈਆਂ ਅਤੇ 106 ਦੌੜਾਂ ਦੀ ਲੀਡ ਲੈ ਲਈ। ਨਿਊਜ਼ੀਲੈਂਡ ਨੂੰ ਪਹਿਲਾ ਮੈਚ ਜਿੱਤਣ ਲਈ 107 ਦੌੜਾਂ ਬਣਾਉਣੀਆਂ ਪੈਣਗੀਆਂ।