ਨਵੀਂ ਦਿੱਲੀ : ਕੇਰਲਾ (Kerala) ਵਿਚ ਇਸ ਸਾਲ ਦਖਣੀ ਪਛਮੀ ਮਾਨਸੂਨ ਆਉਣ ਵਿਚ ਚਾਰ ਦਿਨਾਂ ਦੀ ਦੇਰੀ ਹੋ ਸਕਦੀ ਹੈ। ਭਾਰਤ ਦੇ ਮੌਸਮ ਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿਤੀ। ਵਿਭਾਗ ਨੇ ਦਸਿਆ ਕਿ ਮਾਨਸੂਨ (Monsoon) ਦਖਣੀ ਰਾਜ ਵਿਚ ਪੰਜ ਜੂਨ ਤਕ ਆਵੇਗੀ। ਮੌਸਮ ਵਿਭਾਗ ਨੇ ਦਸਿਆ, 'ਇਸ ਸਾਲ ਕੇਰਲਾ ਵਿਚ ਮਾਨਸੂਨ ਆਮ ਤਰੀਕ ਦੇ ਮੁਕਾਬਲੇ ਕੁੱਝ ਦੇਰੀ ਨਾਲ ਆਵੇਗੀ। ਰਾਜ ਵਿਚ ਮਾਨਸੂਨ ਪੰਜ ਜੂਨ ਤਕ ਆ ਸਕਦੀ ਹੈ।' ਕੇਰਲਾ ਵਿਚ ਮਾਨਸੂਨ ਆਉਣ ਨਾਲ ਦੇਸ਼ ਵਿਚ ਚਾਰ ਮਹੀਨੇ ਦੇ ਬਰਸਾਤ ਮੌਸਮ ਦੀ ਅਧਿਕਾਰਤ ਸ਼ੁਰੂਆਤ ਹੋ ਜਾਂਦੀ ਹੈ। ਜੂਨ ਤੋਂ ਸਤੰਬਰ ਤਕ ਦਾ ਮੌਸਮ ਬਰਸਾਤ ਦਾ ਮੰਨਿਆ ਜਾਂਦਾ ਹੈ। ਆਮ ਤੌਰ 'ਤੇ ਕੇਰਲਾ ਵਿਚ ਹਰ ਸਾਲ ਮਾਨਸੂਨ ਇਕ ਜੂਨ ਨੂੰ ਆ ਜਾਂਦੀ ਹੈ। ਬੰਗਾਲ ਦੀ ਖਾੜੀ ਵਿਚ ਚੱਕਰਵਾਤੀ ਤੂਫ਼ਾਨ ਕਾਰਨ ਅੰਡੇਮਾਨ ਨਿਕੋਬਾਰ (Andeman Nicobar) ਦੀਪ ਸਮੂਹ ਵਿਚ ਮਾਨਸੂਨ ਅਪਣੀ ਆਮ ਤਰੀਕ 22 ਮਈ ਤੋਂ ਛੇ ਦਿਨ ਪਹਿਲਾਂ 16 ਮਈ ਤਕ ਆ ਸਕਦੀ ਹੈ। ਪਿਛਲੇ ਸਾਲ ਅੰਡੇਮਾਨ ਨਿਕੋਬਾਰ ਵਿਚ ਮਾਨਸੂਨ ਅਪਣੀ ਤੈਅ ਤਰੀਕੇ ਤੋਂ ਦੋ ਦਿਨ ਪਹਿਲਾਂ 18 ਮਈ ਨੂੰ ਆ ਗਈ ਸੀ ਪਰ ਗਤੀ ਮੱਠੀ ਪੈਣ ਨਾਲ ਕੇਰਲਾ ਵਿਚ ਇਹ ਅੱਠ ਜੂਨ ਨੂੰ ਪਹੁੰਚੀ ਸੀ ਅਤੇ ਪੂਰੇ ਦੇਸ਼ ਵਿਚ ਮਾਨਸੂਨ ਦੀ ਆਮਦ 19 ਜੁਲਾਈ ਨੂੰ ਹੋਈ ਸੀ। ਦਿੱਲੀ ਵਿਚ ਮਾਨਸੂਨ ਦੀ ਆਮਦ ਦੀ ਨਵੀਂ ਆਮ ਤਰੀਕ 23 ਜੂਨ ਤੋਂ ਵਧਾ ਕੇ 27 ਜੂਨ ਕਰ ਦਿਤੀ ਗਈ ਹੈ ਯਾਨੀ ਇਥੇ ਵੀ ਚਾਰ ਦਿਨਾਂ ਦੀ ਦੇਰ ਨਾਲ ਆਮਦ ਹੋਵੇਗੀ।