ਜੀਂਦ : ਹਰਿਆਣਾ ਦੇ ਜੀਂਦ ‘ਚ ਮੰਗਲਵਾਰ ਸਵੇਰੇ ਵੱਡਾ ਸੜਕ ਹਾਦਸਾ ਵਾਪਰਿਆ। ਜਿੱਥੇ ਹਰਿਦੁਆਰ ਤੋਂ ਅਸਥੀਆਂ ਵਿਸਰਜਨ ਕਰਕੇ ਵਾਪਸ ਪਰਤ ਰਹੇ ਨਾਰਨੌਦ ਦੇ ਇੱਕ ਪਰਿਵਾਰ ਦੀ ਪਿਕਅੱਪ ਗੱਡੀ ਕੈਥਲ ਰੋਡ ‘ਤੇ ਪਿੰਡ ਕੰਡੇਲਾ ਨੇੜੇ ਇੱਕ ਟਰੱਕ ਨਾਲ ਟਕਰਾ ਗਈ।
ਇਸ ਹਾਦਸੇ ਵਿੱਚ ਦੋ ਔਰਤਾਂ ਸਣੇ 6 ਲੋਕਾਂ ਦੀ ਮੌਤ ਹੋ ਗਈ, ਜਦਕਿ 17 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸਾਰੇ ਲੋਕ ਇੱਕੋ ਪਰਿਵਾਰ ਦੇ ਸਨ । ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਪਰਿਵਾਰ ਦੇ ਮੁਖੀ ਦੀ ਮੌਤ ਤੋਂ ਬਾਅਦ ਉਸਦੀਆਂ ਅਸਥੀਆਂ ਵਿਸਰਜਿਤ ਕਰਕੇ ਹਰਿਦੁਆਰ ਤੋਂ ਪਰਤ ਰਹੇ ਸਨ ।
ਦੱਸਿਆ ਜਾ ਰਿਹਾ ਹੈ ਕਿ ਜੀਂਦ-ਚੰਡੀਗੜ੍ਹ ਰੋਡ ‘ਤੇ ਪਿੰਡ ਕੰਡੇਲਾ ਨੇੜੇ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ । ਜਿੱਥੇ ਇੱਕ ਟਰੱਕ ਅਤੇ ਪਿਕਅੱਪ ਦੀ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਨੇੜਲੇ ਪਿੰਡ ਵੀ ਸੁਣਾਈ ਦਿੱਤੀ । ਸਾਰੇ ਹਿਸਾਰ ਜ਼ਿਲ੍ਹੇ ਦੇ ਪਿੰਡ ਨਾਰਨੌਂਦ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਹਿਸਾਰ ਜ਼ਿਲ੍ਹੇ ਦੇ ਪਿੰਡ ਨਾਰਨੌਦ ਵਾਸੀ ਪਿਆਰੇ ਲਾਲ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ । ਸੋਮਵਾਰ ਨੂੰ ਪਰਿਵਾਰਕ ਮੈਂਬਰ ਪਿਕਅੱਪ ਗੱਡੀ ਵਿੱਚ ਸਵਾਰ ਹੋ ਕੇ ਅਸਥੀਆਂ ਵਿਸਰਜਨ ਲਈ ਹਰਿਦੁਆਰ ਗਏ ਸਨ। ਮੰਗਲਵਾਰ ਸਵੇਰੇ ਜਦੋਂ ਉਹ ਹਰਿਦੁਆਰ ਤੋਂ ਵਾਪਸ ਆ ਰਹੇ ਸੀ ਤਾਂ ਪਿੰਡ ਕੰਡੇਲਾ ਨੇੜੇ ਜੀਂਦ ਤੋਂ ਕੈਥਲ ਜਾ ਰਹੇ ਟਰੱਕ ਨਾਲ ਪਿਕਅੱਪ ਦੀ ਟੱਕਰ ਹੋ ਗਈ ।
ਇਸ ਹਾਦਸੇ ਵਿੱਚ ਪਿਕਅੱਪ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ । ਡਾਇਲ 112 ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ । ਜਿੱਥੇ ਡਾਕਟਰਾਂ ਨੇ 6 ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ 17 ਜ਼ਖਮੀਆਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।