ਚੰਡੀਗੜ੍ਹ: ਜੇਕਰ ਆਪਣੇ ਭਾਈਚਾਰੇ ਦਾ ਪਹਿਲਾਂ ਹੀ ਧਿਆਨ ਰੱਖਿਆ ਹੁੰਦਾ ਤਾਂ ਅੱਜ ਇਹ ਦਿਨ ਨਾ ਵੇਖਣੇ ਪੈਂਦੇ। ਦਰਅਸਲ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਦਲਿਤ ਸਿੱਖਾਂ ਨੂੰ ਲਾਲਚ ਦੇ ਕੇ ਧਰਮ ਪਰਵਰਤਨ ਕਰਵਾਇਆ ਜਾ ਰਿਹਾ ਹੈ। ਇਥੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਗ਼ਰੀਬ ਸਿੱਖ ਜਿਨ੍ਹਾਂ ਨੂੰ ਕੋਈ ਸਹੂਲਤਾਂ ਦਿੰਦਾ ਹੈ ਤਾਂ ਇਹ ਉਨ੍ਹਾਂ ਦੀ ਗੱਲ ਮੰਨ ਕੇ ਆਪਣਾ ਧਰਮ ਪਰਵਰਤਨ ਕਰਨ ਲਈ ਰਾਜ਼ੀ ਹੋ ਜਾਂਦੇ ਹਨ। ਜੇਕਰ ਇਹੀ ਕੰਮ ਸ਼੍ਰੋਮਣੀ ਗੁਰਦਵਾਰਾ ਕਮੇਟੀ ਨੇ ਕੀਤਾ ਹੁੰਦਾ ਤਾਂ ਅੱਜ ਹਾਲਾਤ ਹੋਰ ਹੋਣੇ ਸਨ। ਮਤਲਬ ਕਿ ਗੁਰਦਵਾਰਾ ਕਮੇਟੀ ਨੂੰ ਇਨ੍ਹਾਂ ਗਰੀਬ ਸਿੱਖਾਂ ਦੀ ਪੂਰੀ ਮਦਦ ਕਰਨੀ ਚਾਹੀਦੀ ਸੀ। ਜਿਵੇਂ ਕਿ ਇਨ੍ਹਾਂ ਗ਼ਰੀਬ ਗੁਰੂ ਦੇ ਸਿੱਖਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾਣਾ ਚਾਹੀਦਾ ਸੀ, ਇਨ੍ਹਾਂ ਨੂੰ ਪੜ੍ਹ ਲਿਖ ਕੇ ਉਚ ਅਹੁੱਦਿਆਂ ਦੇ ਲਾਇਕ ਕਰਨਾ ਸੀ। ਇਨ੍ਹਾਂ ਦੇ ਦੁੱਖ ਸੁੱਖ ਵਿਚ ਸ਼ਾਮਲ ਹੋਣਾ ਸੀ। ਪਰ ਅਜਿਹਾ ਕਦੀ ਹੋਇਆ ਨਹੀਂ। ਹੁਣ ਜਦੋਂ ਰੌਲਾ ਵੱਧ ਗਿਆ ਹੈ ਤਾਂ ਜਥੇਦਾਰ ਸਾਹਬ ਕੁੰਝ ਚੌਕੰਨੇ ਹੋਏ ਹਨ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਇਸਾਈ ਮਿਸ਼ਨਰੀ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਜ਼ਬਰੀ ਧਰਮ ਪਰਿਵਰਤਨ ਲਈ ਮੁਹਿੰਮ ਚਲਾ ਰਹੇ ਹਨ। ਇਸ ਦੇ ਜਵਾਬ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ ਮੁਹਿੰਮ ਸ਼ੁਰੂ ਕੀਤੀ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਸਾਈ ਮਿਸ਼ਨਰੀ ਪਿਛਲੇ ਕੁਝ ਸਾਲਾਂ ਤੋਂ ਸਰਹੱਦੀ ਖੇਤਰਾਂ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਲਈ ਮੁਹਿੰਮ ਚਲਾ ਰਹੇ ਹਨ। ਨਿਰਦੋਸ਼ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਧਰਮ ਬਦਲਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਸਾਨੂੰ ਅਜਿਹੀਆਂ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ਬਰੀ ਧਰਮ ਪਰਿਵਰਤਨ ਦਾ ਮੁਕਾਬਲਾ ਕਰਨ ਲਈ 'ਘਰ ਘਰ ਧਰਮਸ਼ਾਲਾ' ਮੁਹਿੰਮ ਸ਼ੁਰੂ ਕੀਤੀ ਹੈ। ਧਰਮ ਪਰਿਵਰਤਨ ਸਿੱਖ ਧਰਮ ਤੇ ਇੱਕ ਖਤਰਨਾਕ ਹਮਲਾ ਹੈ। ਮੁਹਿੰਮ ਦੇ ਹਿੱਸੇ ਵਜੋਂ, ਸਿੱਖ ਪ੍ਰਚਾਰਕ ਆਪਣੇ ਧਰਮ ਦਾ ਸਾਹਿਤ ਵੰਡਣ ਲਈ ਪਿੰਡਾਂ ਦਾ ਦੌਰਾ ਕਰ ਰਹੇ ਹਨ। ਹਰਪ੍ਰੀਤ ਸਿੰਘ ਨੇ ਕਿਹਾ ਕਿ ਧਰਮ ਅਧਿਆਤਮਕਤਾ ਦਾ ਵਿਸ਼ਾ ਹੈ। ਜ਼ਬਰਦਸਤੀ ਧਰਮ ਪਰਿਵਰਤਨ ਜਾਂ ਲਾਲਚ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸਾਰੇ ਸਿੱਖਾਂ ਨੂੰ ਜਬਰੀ ਧਰਮ ਪਰਿਵਰਤਨ ਵਿਰੁੱਧ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਸ਼੍ਰੋਮਣੀ ਕਮੇਟੀ ਦਾ ਸਮਰਥਨ ਕਰਨਾ ਚਾਹੀਦਾ ਹੈ, ਸਾਨੂੰ ਇਸ ਨਾਲ ਲੜਨਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਮੁਹਿੰਮ ਪੂਰੇ ਭਾਰਤ ਵਿੱਚ ਚਲਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜਥੇਦਾਰ ਦੇ ਬਿਆਨ ਦਾ ਜਵਾਬ ਦਿੰਦਿਆਂ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਧਰਮ ਪਰਿਵਰਤਨ ਦੇ ਕਈ ਕਾਰਨ ਹੋ ਸਕਦੇ ਹਨ। ਇੱਕ ਕਾਰਨ ਦਲਿਤਾਂ ਵਿੱਚ ਅਨਪੜ੍ਹਤਾ ਤੇ ਗਰੀਬੀ ਹੈ, ਜਿਸ ਕਾਰਨ ਉਹ ਆਸਾਨੀ ਨਾਲ ਨਿਸ਼ਾਨਾ ਬਣ ਜਾਂਦੇ ਹਨ। ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਧਰਮ ਪਰਿਵਰਤਨ ਨਾਲ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਵੱਸਣ ਵਿੱਚ ਮਦਦ ਮਿਲੇਗੀ। ਕਸ਼ਮੀਰ ਸਿੰਘ ਅੰਮ੍ਰਿਤਸਰ ਵਿੱਚ ਰਹਿੰਦਾ ਹੈ ਤੇ ਦਲਿਤ ਤੇ ਘੱਟ ਗਿਣਤੀ ਸੰਗਠਨ ਪੰਜਾਬ ਦਾ ਮੁਖੀ ਹੈ। ਸਿੰਘ ਨੇ ਕਿਹਾ ਕਿ ਬਰਾਬਰ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵਿੱਚ ਦਲਿਤ ਸਿੱਖਾਂ ਨੂੰ ਮੁੱਖ ਅਹੁਦਿਆਂ 'ਤੇ ਭਰਤੀ ਕਰਨ, ਕਿਸੇ ਵੀ ਭੇਦਭਾਵ ਵਿਰੁੱਧ ਅਕਾਲ ਤਖ਼ਤ ਤੋਂ ਸਖ਼ਤ ਹੁਕਮ ਜਾਰੀ ਕਰਨ ਤੇ ਸ਼੍ਰੋਮਣੀ ਕਮੇਟੀ ਅਧੀਨ ਸਾਰੀਆਂ ਵਿਦਿਅਕ ਤੇ ਕਿੱਤਾਮੁਖੀ ਸੰਸਥਾਵਾਂ ਵਿੱਚ ਮੁਫਤ ਸਿੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ।