Friday, November 22, 2024
 

ਲਿਖਤਾਂ

Mother Day : ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ

May 08, 2021 03:42 PM

ਮਾਂ ਦਿਵਸ,  ਮਾਵਾਂ ਨੂੰ ਖਾਸ ਮਹਿਸੂਸ ਕਰਵਾਉਣ ਦੇ ਦਿਨ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ। ਹਰ ਦਿਨ ਮਾਂ ਦਿਵਸ ਅਤੇ ਮਾਂ ਲਈ ਹੋਣਾ ਚਾਹੀਦਾ ਹੈ। ਕਦੇ ਬਚਪਣ ਨੂੰ ਯਾਦ ਕਰਕੇ ਵੇਖੀਏ ਤਾਂ ਮਾਂ ਦਾ ਦਿਨ ਰਾਤ ਸਾਡੇ ਦੁਆਲੇ ਹੀ ਘੁੰਮਦਾ ਰਹਿੰਦਾ ਸੀ।ਜੇਕਰ ਗੁੱਸਾ ਵੀ ਕਰਦੀ ਹੈ ਮਾਂ ਤਾਂ ਅਖੀਰ ਵਿੱਚ ਆਪ ਨੂੰ ਹੀ ਕੋਸਦੀ ਹੈ।ਖੈਰ, ਮਾਂ ਦਿਵਸ ਦੀ ਪਹਿਲਾਂ ਗੱਲ ਕਰਦੇ ਹਾਂ ਮਾਂ ਦਿਵਸ ਦੇ ਪਿਛੋਕੜ ਵੱਲ ਜੇਕਰ ਧਿਆਨ ਮਾਰੀਏ ਤਾਂ ਸੰਯੁਕਤ ਰਾਜ ਅਮਰੀਕਾ ਵਿੱਚ ਸੰਨ 1908 ਤੋਂ ਮਾਂ ਦਿਵਸ ਮਨਾਇਆ ਜਾ ਰਿਹਾ ਹੈ।ਸੰਨ 1832 ਵਿੱਚ ਪੱਛਮੀ ਵਰਜੀਨੀਆ ਵਿੱਚ ਜਨਮੇ ਸਮਾਜ ਸੇਵਕ ਏਨੀ ਮੈਰੀ ਰੀਸ ਨੇ ਮਦਰਜ਼ ਡੇ ਵਰਕ ਕਲੱਬ ਦੀ ਸਥਾਪਨਾ ਕੀਤੀ।ਮਈ ਸੰਨ 1905 ਵਿੱਚ ਦੂਸਰੇ ਐਤਵਾਰ ਉਸਦੀ ਮੌਤ ਹੋ ਗਈ।ਉਸਦੀ ਬੇਟੀ ਅੰਨਾ ਨੇ ਆਪਣੀ ਮਾਂ ਦੀ ਯਾਦ ਵਿੱਚ ਮਾਵਾਂ ਨੂੰ ਸਨਮਾਨਿਤ ਕਰਨ ਲਈ ਇਸ ਦਿਨ ਛੁੱਟੀ ਘੋਸ਼ਿਤ ਹੋਵੇ, ਲਈ ਸੰਘਰਸ਼ ਕੀਤਾ।ਇਸ ਤਰ੍ਹਾਂ ਸੰਯੁਕਤ ਰਾਜ ਅਮਰੀਕਾ ਵਿੱਚ ਸੰਨ 1908 ਤੋਂ 10 ਮਈ ਨੂੰ ਮਾਂ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ।ਮਾਵਾਂ ਲਈ ਇਕ ਦਿਨ ਖਾਸ ਹੋਣਾ, ਮਾਵਾਂ ਨੂੰ ਖੁਸ਼ੀ ਤਾਂ ਦਿੰਦਾ ਹੀ ਹੈ। ਮਾਵਾਂ ਵਰਗਾ ਪਿਆਰ, ਮਾਵਾਂ ਵਰਗੀਆਂ ਅਸੀਸਾਂ ਅਤੇ ਮਾਵਾਂ ਵਰਗੀ ਕੁਰਬਾਨੀ ਹੋਰ ਕੋਈ ਨਹੀਂ ਕਰ ਸਕਦਾ।ਮੁਨੱਵਰ ਰਾਣਾ ਨੇ ਲਿਖਿਆ ਹੈ, ”ਲੋਂ ਪਰ ਉਸ ਕੇ ਕਭੀ ਬਦ ਦੁਆ ਨਹੀਂ ਹੋਤੀ, ਬਸ ਏਕ ਮਾਂ ਹੈ, ਜੋ ਕਭੀ ਖਫ਼ਾ ਨਹੀਂ ਹੋਤੀ।”
ਮਾਵਾਂ ਨੌ ਮਹੀਨੇ ਪੇਟ ਵਿੱਚ ਆਪਣੇ ਖੂਨ ਅਤੇ ਆਪਣੇ ਸਾਹਾਂ ਨਾਲ ਬੱਚਿਆਂ ਨੂੰ ਪਾਲਦੀਆਂ ਹਨ।ਜਨਮ ਤੋਂ ਬਾਅਦ ਵੀ ਰਾਤ ਦਿਨ ਬੱਚਿਆਂ ਦੀ ਸੇਵਾ ਕਰਦੀਆਂ ਹਨ।ਖੁਸ਼ੀ ਖੁਸ਼ੀ ਅਤੇ ਭੱਜ ਭੱਜ ਕੇ ਬੱਚਿਆਂ ਲਈ ਕੰਮ ਕਰਦੀ ਰਹੇਗੀ। ਕਦੇ ਥਕਾਵਟ ਤਾਂ ਉਸਦੇ ਨੇੜੇ ਵੀ ਨਹੀਂ ਆਉਂਦੀ।ਮਾਵਾਂ ਵਰਗਾ ਘਣਸ਼ਾਵਾਂ ਰੁੱਖ ਹੋਰ ਕੋਈ ਨਹੀਂ ਹੋ ਸਕਦਾ।ਮਾਂ ਦੀ ਬੁੱਕਲ ਵਿੱਚ ਨਿੱਘ ਵੀ ਹੈ ਅਤੇ ਠੰਡ ਵੀ ਹੈ।ਲੱਖ ਗਲਤੀਆਂ ਬੱਚੇ ਕਰਨ ਵਧੇਰੇ ਕਰਕੇ ਮਾਵਾਂ ਉਨ੍ਹਾਂ ਨੂੰ ਕੁੱਟ ਤੋਂ ਜਾਂ ਝਿੜਕਾਂ ਤੋਂ ਬਚਾ ਹੀ ਲੈਂਦੀਆਂ ਹਨ।ਮੁਨੱਵਰ ਰਾਣਾ ਨੇ ਮਾਂ ਬਾਰੇ ਬੜੀ ਕਮਾਲ ਦਾ ਲਿਖਿਆ ਹੈ, ”ਇਸ ਤਰ੍ਹਾਂ ਮੇਰੇ ਗੁਨਾਹੋਂ ਕੋਈ ਵੋ ਧੋ ਦਾਤੀ ਹੈ, ਮਾਂ ਬਹੁਤ ਗੁੱਸੇ ਮੇਂ ਹੋਤੀ ਹੈ ਤੋ ਰੋ ਦਿੱਤੀ ਹੈ।”ਮਾਵਾਂ ਗੁੱਸਾ ਕਰਨ ਤੋਂ ਬਾਅਦ ਸਾਰਾ ਕੁੱਝ ਭੁੱਲਾ ਕੇ ਹਿੱਕ ਨਾਲ ਲਗਾ ਲੈਂਦੀ ਹੈ।ਮੂੰਹ ਚੁੰਮਦੀ ਹੈ ਅਤੇ ਸੌ ਵਾਰ ਆਪਣੇ ਆਪਨੂੰ ਬੁਰਾ ਭਲਾ ਕਹਿੰਦੀ ਹੈ।ਅਜਿਹਾ ਸਿਰਫ਼ ਮਾਂ ਹੀ ਕਰਦੀ ਹੈ ਤੇ ਕਰ ਸਕਦੀ ਹੈ।ਮਾਵਾਂ ਹੀ ਹਨ ਜੋ ਹਮੇਸ਼ਾਂ ਪੁੱਜੀਆਂ ਹਨ ਕਿ ਰੋਟੀ ਖਾਧੀ ਹੈ ਜਾਂ ਨਹੀਂ।ਬਾਕੀ ਸਾਰੇ ਰਿਸ਼ਤੇ ਤੁਹਾਡੀ ਕਮਾਈ ਪੁੱਛਣਗੇ।ਸਾਲ ਵਿੱਚ ਇਕ ਵਾਰ ਤੋਹਫੇ ਦੇਕੇ ਮਾਵਾਂ ਦਾ ਕਰਜ਼ ਨਹੀਂ ਉਤਾਰਿਆ ਜਾ ਸਕਦਾ।ਹਾਂ, ਮਾਂ ਨੂੰ ਇਹ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਮੇਰੇ ਬੱਚਿਆਂ ਨੇ ਮੈਨੂੰ ਯਾਦ ਕੀਤਾ, ਮੇਰਾ ਖਿਆਲ ਰੱਖਿਆ ਅਤੇ ਉਸ ਤੋਂ ਵੀ ਵਧ ਖੁਸ਼ੀ ਹੁੰਦੀ ਹੈ ਕਿ ਉਹ ਕਮਾਈ ਕਰ ਰਿਹਾ ਹੈ।ਉਸਨੂੰ ਤੋਹਫੇ ਨਾਲੋਂ ਪਿਆਰ ਵਧੇਰੇ ਸਮਝ ਆਉਂਦਾ ਹੈ।ਉਸਨੂੰ ਤੋਹਫੇ ਦੀ ਕੀਮਤ ਨਾਲੋਂ, ਬੱਚਿਆਂ ਦੀਆਂ ਭਾਵਨਾਵਾਂ ਵਧੇਰੇ ਖੁਸ਼ੀ ਦਿੰਦੀਆਂ ਹਨ।
ਮਾਵਾਂ ਰੱਬ ਦਾ ਦੂਜਾ ਰੂਪ ਹਨ।ਕਹਿੰਦੇ ਨੇ ਰੱਬ ਹਰ ਥਾਂ ਆਪ ਨਹੀਂ ਜਾ ਸਕਦਾ ਸੀ, ਇਸ ਕਰਕੇ ਉਸਨੇ ਮਾਂ ਬਣਾਈ।ਮਾਂ ਕਦੇ ਸਵਾਰਥ ਨਾਲ ਬੱਚਿਆਂ ਦੇ ਕੰਮ ਨਹੀਂ ਕਰਦੀ।ਪਿਆਰ ਵੀ ਨਿਰਸਵਾਰਥ ਹੁੰਦਾ ਹੈ।ਮਾਂ ਦੀ ਥਾਂ ਹੋਰ ਕੋਈ ਵੀ ਨਹੀਂ ਲੈ ਸਕਦਾ।ਫਿਦਾ ਬੁਖਾਰੀ ਨੇ ਕਿਹਾ ਹੈ, ”ਮੈਂ ਜਦ ਸੁਣਿਆ ਰੱਬ ਨੇ ਮਾਂ ਦੇ ਪੈਰੀਂ ਜੰਨਤ ਰੱਖੀ, ਮੈਨੂੰ ਮੇਰਾ ਵਿਹੜਾ ਉੱਚਾ ਲੱਗਦਾ ਹੈ ਮੱਕੇ ਨਾਲੋਂ।”ਮਾਵਾਂ ਦਾ ਰੁੱਤਬਾ ਬਹੁਤ ਉੱਚਾ ਹੈ।ਮਾਵਾਂ ਵਾਸਤੇ ਮਾਂ ਦਿਵਸ ਦੀ ਜ਼ਰੂਰਤ ਨਹੀਂ, ਹਰ ਦਿਨ ਮਾਂ ਵਾਸਤੇ ਹੋਣਾ ਚਾਹੀਦਾ ਹੈ। ਪਰ ਜੇਕਰ ਮਾਂ ਦਿਵਸ ਦੀ ਗੱਲ ਹੋ ਹੀ ਰਹੀ ਹੈ ਤਾਂ ਮਾਂ ਦਾ ਮਾਂ ਦਿਵਸ ਬਹੁਤ ਖਾਸ ਹੋਣਾ ਚਾਹੀਦਾ ਹੈ। ਜਿਵੇਂ ਮਾਵਾਂ ਹਰ ਖੁਸ਼ੀ ਤੁਹਾਨੂੰ ਦਿੰਦੀਆਂ ਸਨ, ਉਨ੍ਹਾਂ ਨੂੰ ਵੀ ਹਰ ਖੁਸ਼ੀ ਦਿਉ।ਉਸਨੂੰ ਹਰ ਮਾਂ ਦਿਵਸ ਪਿੱਛਲੇ ਮਾਂ ਦਿਵਸ ਨਾਲੋਂ ਵੀ ਖਾਸ ਲੱਗੇ।ਮਾਵਾਂ ਨਾਲ ਹਨ ਤਾਂ ਦੁਆਵਾਂ ਨਾਲ ਹਨ।ਮਾਵਾਂ ਵਾਂਗ ਹੋਰ ਕੋਈ ਪਿਆਰ ਨਹੀਂ ਕਰਦਾ।ਇੰਨਾ ਨੂੰ ਸੰਭਾਲੋ।ਵਿਜਯਪਾਟਨੀ ਨੇ ਲਿਖਿਆ ਹੈ, ”ਬੜੇ ਖੁਸ਼ਨਸੀਬ ਹੈਂ ਜੋੜਕੇ ਸਿਰ ਪਰ ਮਾਂ ਕਾ ਸਾਰਾ ਹੈ।”ਮਾਂ ਦਿਵਸ ਤੇ ਮਾਂ ਨੂੰ ਢੇਰ ਸਾਰਾ ਪਿਆਰ ਦਿਉ।ਉਸਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਪੂਰੀਆਂ ਕਰੋ।ਇਹ ਹਕੀਕਤ ਹੈ, ”ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ।” ਪ੍ਰਭਜੋਤ ਕੌਰ ਢਿੱਲੋਂ

 

Have something to say? Post your comment

Subscribe