ਚੰਡੀਗੜ੍ਹ : ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਜ਼ਰੂਰੀ ਵਸਤਾਂ/ਸੇਵਾਵਾਂ ਜਿਵੇਂ ਕਿ ਕਰਿਆਨਾ/ਗਰੌਸਰੀ ਸਟੋਰ, ਦੁੱਧ, ਬ੍ਰੈਡ, ਸਬਜ਼ੀਆਂ, ਫਲਾਂ, ਡੇਅਰੀ, ਮੋਬਾਇਲ ਰਿਪੇਅਰ ਅਤੇ ਪੋਲਟਰੀ ਉਤਪਾਦ ਜਿਵੇਂ ਕਿ ਅੰਡੇ/ਮੀਟ, ਆਦਿ ਨਾਲ ਸਬੰਧਤ ਦੁਕਾਨਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਇਸ ਸ਼ਰਤ ’ਤੇ ਖੁੱਲਣ ਦੀ ਆਗਿਆ ਗਈ ਹੈ ਕਿ ਸਮੂਹ ਦੁਕਾਨ/ਸਟੋਰ ਮਾਲਕ ਅਤੇ ਉਨਾਂ ਅਧੀਨ ਕੰਮ ਕਰਦੇ ਸਮੂਹ ਵਰਕਰ/ਲੇਬਰ ਦਾ ਆਰਟੀਪੀਸੀਆਰ ਟੈਸਟ ਕਰਵਾਉਣਾ ਲਾਜ਼ਮੀ ਬਣਾਉਣਗੇ। ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸਿਰਫ ਦੁੱਧ ਦੀ ਡੇਅਰੀ, ਡੇਅਰੀ ਉਤਪਾਦ, ਪੋਲਟਰੀ ਉਤਪਾਦ ਜਿਵੇਂ ਕਿ ਅੰਡੇ/ਮੀਟ, ਸਬਜ਼ੀਆਂ ਦੀਆਂ ਦੁਕਾਨਾਂ ਅਤੇ ਫਲਾਂ ਦੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੀਆਂ। ਉਕਤ ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਵਿੱਚ ਇੱਕ ਸਮੇਂ ’ਤੇ ਸਿਰਫ 4 ਗਾਹਕ ਹੀ ਦਾਖਲ ਹੋ ਸਕਦੇ ਹਨ ਅਤੇ ਵੱਡੇ ਗਰੌਸਰੀ ਸਟੋਰ ਜਿਵੇਂ ਕਿ ਮੋਰ, ਈਜ਼ੀ ਡੇਅ, ਡੀ ਮਾਰਟ, ਅਧਾਰ ਸਟੋਰ, ਰਿਲਾਇੰਸ ਸਟੋਰ ਆਦਿ ਵਿੱਚ ਇੱਕ ਸਮੇਂ ’ਤੇ ਸਿਰਫ 10 ਗਾਹਕ ਦਾਖਲ ਹੋ ਸਕਦੇ ਹਨ। ਕੈਮਿਸਟ ਸ਼ੌਪ, ਲੈਬੋਰੇਟਰੀ, ਨਰਸਿੰਗ ਹੋਮ ਤੇ ਹੋਰ ਮੈਡੀਕਲ ਸੰਸਥਾਵਾਂ ਨੂੰ ਖੁੱਲਣ ਦੀ ਆਗਿਆ ਹੋਵੇਗੀ। ਸਮੂਹ ਚਾਰ ਪਹੀਆ ਵਾਹਨ ਸਮੇਤ ਕਾਰ ਅਤੇ ਟੈਕਸੀ ਵਿੱਚ 2 ਯਾਤਰੀਆਂ ਤੋਂ ਵੱਧ ਬੈਠਣ ਦੀ ਆਗਿਆ ਨਹੀਂ ਹੋਵੇਗੀ। ਮਰੀਜ਼ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਵਹੀਕਲ ਵਿੱਚ ਯਾਤਰੀਆਂ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਦੋ ਪਹੀਆ ਵਾਹਨ ਜਿਵੇਂ ਕਿ ਸਕੂਟਰ ਅਤੇ ਮੋਟਰਸਾਈਕਲ ’ਤੇ ਦੂਜੀ ਸਵਾਰੀ ਬਿਠਾਉਣ ਦੀ ਆਗਿਆ ਨਹੀਂ ਹੋਵੇਗੀ, ਪਰੰਤੂ ਜੋੋ ਇੱਕ ਪਰਿਵਾਰ ਦੇ ਮੈਂਬਰ ਜਾਂ ਇੱਕ ਘਰ ਵਿੱਚ ਰਹਿੰਦੇ ਹੋਣ ਉਨਾਂ ਨੂੰ ਸਕੂਟਰ/ਮੋਟਰਸਾਈਕਲ ਪਿੱਛੇ ਬੈਠਣ ਦੀ ਆਗਿਆ ਹੋਵੇਗੀ। ਵਿਆਹ/ਅੰਤਿਮ ਸੰਸਕਾਰ/ਭੋਗ ਆਦਿ ਸਮਾਗਮਾਂ ਵਿੱਚ 10 ਵਿਅਕਤੀਆਂ ਤੋਂ ਵੱਧ ਇਕੱਠ ਕਰਨ ਦੀ ਮਨਾਹੀ ਹੋਵੇਗੀ। ਸਬਜ਼ੀ ਮੰਡੀਆਂ ਫਲਾਂ ਅਤੇ ਸਬਜ਼ੀਆਂ ਦੀ ਸਿਰਫ ਹੋਲ ਸੇਲ ਵਿਕਰੀ ਲਈ ਖੁੱਲੀਆਂ ਹੋਣਗੀਆਂ। ਹਰ ਰੋਜ਼ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਰਹੇਗਾ । ਸਾਰੇ ਬਾਰਜ਼, ਸਿਨੇਮਾ ਹਾਲ, ਜਿਮ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਸਾਰੇ ਰੈਸਟੋਰੈਂਟ ਸਮੇਤ ਹੋਟਲ, ਕੈਫੇ, ਕੋਫੀ ਸ਼ੌਪਸ, ਫਾਸਟ ਫੂਡ ਆਊਟਲੈਟ, ਢਾਬਿਆਂ ਵਿੱਚ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ। ਹੋਮ ਡਲਵਿਰੀ ਰਾਤ 9 ਵਜੇ ਤੱਕ ਕਰਨ ਦੀ ਆਗਿਆ ਹੋਵੇਗੀ। ਸਾਰੇ ਸਮਾਜਿਕ, ਸਭਿਆਚਾਰਕ, ਖੇਡਾਂ ਆਦਿ ਨਾਲ ਸਬੰਧਤ ਸਮਾਗਮ ਕਰਨ ’ਤੇ ਪੂਰਨ ਤੌਰ ਪਾਬੰਦੀ ਹੋਵੇਗੀ। ਸਾਰੇ ਸਰਕਾਰੀ ਸਮਾਗਮ ਜਿਵੇਂ ਕਿ ਉਦਘਾਟਨ, ਨੀਂਹ ਪੱਥਰ ਸਮਾਗਮ ਆਦਿ ਜ਼ਿਲਾ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਹੀ ਕਰਨ ਦੀ ਆਗਿਆ ਹੋਵੇਗੀ। ਸਮੂਹ ਰਾਜਨੀਤਿਕ ਇੱਕਠ ਕਰਨ ’ਤੇ ਪੂਰਨ ਤੌਰ ਪਾਬੰਦੀ ਹੋਵੇਗੀ।