Friday, November 22, 2024
 

ਚੰਡੀਗੜ੍ਹ / ਮੋਹਾਲੀ

18-45 ਉਮਰ ਵਰਗ ਲਈ ਕੋਵੀਸ਼ੀਲਡ ਦੀਆਂ ਖੁਰਾਕਾਂ ਦੇ ਆਰਡਰ ਦੇਣ ਦੇ ਹੁਕਮ

April 25, 2021 10:41 PM

ਗਰੀਬਾਂ ਦੇ ਟੀਕਾਕਰਨ ਲਈ ਕੋਵਿਡ ਰਾਹਤ ਫੰਡ ਦੀ ਵਰਤੋਂ ਕਰਨ ਦੇ ਵੀ ਦਿੱਤੇ ਆਦੇਸ਼, ਈ.ਐਸ.ਆਈ.ਸੀ. ਤੇ ਉਸਾਰੂ ਵਰਕਰਜ਼ ਬੋਰਡ ਨੂੰ ਸਹਿਯੋਗ ਕਰਨ ਦੀ ਕੀਤੀ ਅਪੀਲ
ਮੁੱਖ ਮੰਤਰੀ ਨੇ45 ਸਾਲ ਤੋਂ ਵੱਧ ਵਾਲਿਆਂ ਦੇ ਟੀਕਾਕਰਨ ਲਈ ਕੋਈ ਵੀ ਸਮਝੌਤਾ ਨਾ ਕਰਨ 'ਤੇ ਦਿੱਤਾ ਜ਼ੋਰ, ਸੂਬਾ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਮੌਜੂਦਾ ਲੋੜਾਂ ਪੂਰੀਆਂ ਕਰਨ ਲਈ ਤੁਰੰਤ 10 ਲੱਖ ਖੁਰਾਕਾਂ ਮੰਗੀਆਂ
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸੂਬੇ ਦੇ ਸਿਹਤ ਵਿਭਾਗ ਨੂੰ 18-45 ਸਾਲ ਉਮਰ ਵਰਗ ਦੇ ਟੀਕਾਕਰਨ ਲਈ 30 ਲੱਖ ਕੋਵੀਸ਼ੀਲਡ ਦੀਆਂ ਖੁਰਾਕਾਂ ਦਾ ਆਰਡਰ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਗਰੀਬਾਂ ਦੇ ਟੀਕਾਕਰਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੁੱਖ ਮੰਤਰੀ ਰਾਹਤ ਫੰਡ ਦੀ ਵਰਤੋਂ ਕਰਨ ਲਈ ਵੀ ਕਿਹਾ ਹੈ।
ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਹੈ ਕਿ ਸੀਰੌਮ ਇੰਸਟੀਚਿਊਟ ਆਫ ਇੰਡੀਆ ਨੂੰ ਤੁਰੰਤ 30 ਲੱਖ ਖੁਰਾਕਾਂ ਦਾ ਆਰਡਰ ਦਿੱਤਾ ਜਾਵੇ ਤਾਂ ਜੋ ਜਲਦ ਤੋਂ ਜਲਦ ਇਸ ਦੀ ਸਪਲਾਈ ਸ਼ੁਰੂ ਹੋ ਸਕੇ, ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ ਸੂਚਨਾ ਅਨੁਸਾਰ 18-45 ਸਾਲ ਉਮਰ ਵਰਗ ਲਈ ਟੀਕਿਆਂ ਦੀ ਡਿਲਵਰੀ 15 ਮਈ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਨਹੀਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਗਰੀਬਾਂ ਦੇ ਮੁਫ਼ਤ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਤੋਂ ਇਲਾਵਾ ਸੀ.ਐਸ.ਆਰ. ਫੰਡਾਂ ਦੀ ਵੀ ਵਰਤੋਂ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਈ.ਐਸ.ਆਈ.ਸੀ. ਨੂੰ ਯੋਜਨਾ ਵਿੱਚ ਕਵਰ ਕੀਤੇ ਗਏ ਉਦਯੋਗਿਕ ਵਰਕਰਜ਼ ਅਤੇ ਉਸਾਰੀ ਵਰਕਰਜ਼ਾਂ ਲਈ ਉਸਾਰੀ ਵਰਕਰਜ਼ ਭਲਾਈ ਬੋਰਡ ਨੂੰ ਟੀਕਾਕਰਨ ਦਾ ਸਮਰਥਨ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ।
ਟੀਕਾਕਰਨ ਰਣਨੀਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਡਾ. ਗਗਨਦੀਪ ਕੰਗ ਦੀ ਅਗਵਾਈ ਵਾਲੇ ਮਾਹਿਰ ਸਮੂਹ ਨੂੰ 29 ਅਪਰੈਲ ਤੱਕ ਆਪਣੀ ਪਹਿਲੀ ਰਿਪੋਰਟ ਵਿੱਚ 18-45 ਸਾਲ ਉਮਰ ਵਰਗ (ਵਧੇਰੇ ਜ਼ੋਖਮ ਵਾਲੇ ਖੇਤਰਾਂ ਵਿੱਚ ਵਿੱਚ ਸੰਵੇਦਨਸ਼ੀਲ ਵਰਗਾਂ- ਉੱਚ ਫੈਲਾਅ ਅਤੇ ਮੌਤ ਦਰ ਆਦਿ ਸਮੇਤ ਉਸਾਰੀ ਵਰਕਜ਼ ਅਤੇ ਉਦਯੋਗਿਕ ਕਾਮੇ) ਨੂੰ ਟੀਕਾਕਰਨ ਲਈ ਤਰਜੀਹ ਦੇਣ ਸਬੰਧੀ ਰਣਨੀਤੀ ਪੇਸ਼ ਕਰਨ ਦੀ ਬੇਨਤੀ ਕੀਤੀ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 18-45 ਉਮਰ ਵਰਗ ਦੀ ਟੀਕਾਕਰਨ ਰਣਨੀਤੀ ਨੂੰ ਅਮਲ ਵਿੱਚ ਲਿਆਉਂਦਿਆਂ ਸੂਬਾ ਸਰਕਾਰ ਵੱਲੋਂ 45 ਸਾਲ ਤੋਂ ਵੱਧ ਉਮਰ ਵਰਗ ਦੇ ਟੀਕਾਕਰਨ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਲਮੀ ਭਾਈਚਾਰੇ ਲਈ ਉਪਲੱਬਧ 162 ਰੁਪਏ ਪ੍ਰਤੀ ਖੁਰਾਕ ਦੀ ਘੱਟ ਕੀਮਤ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਨੂੰ ਆਗਿਆ ਦੇਣ ਵਾਸਤੇ ਸਰਕਾਰ ਸਿੱਧੇ ਤੌਰ 'ਤੇ ਐਸਟ੍ਰਾਜੈਨੇਕਾ (ਭਾਰਤ) ਤੱਕ ਪਹੁੰਚ ਕਰਨ 'ਤੇ ਵਿਚਾਰ ਕਰੇਗੀ।
ਸੂਬੇ ਨੂੰ ਹੁਣ ਤੱਕ ਕੋਵੀਸ਼ੀਲਡ ਦੀਆਂ 29, 36, 770 ਖੁਰਾਕਾਂ (ਏ.ਐਫ.ਐਮ.ਐਸ. ਤੇ ਕੇਂਦਰੀ ਸਿਹਤ ਵਰਕਰਜ਼ ਦੀਆਂ 3.5 ਲੱਖ ਸਮੇਤ) ਅਤੇ ਕੋਵੈਕਸੀਨ ਦੀਆਂ 3.34 ਲੱਖ ਖੁਰਾਕਾਂ ਮਿਲ ਚੁੱਕੀਆਂ ਹਨ। 22 ਅਪਰੈਲ ਤੱਕ ਟੀਕਿਆਂ ਦੇ ਉਪਲੱਬਧ ਸਟਾਕ ਵਿੱਚੋਂ ਕੋਵੀਸ਼ੀਲਡ ਦੀਆਂ 25.48 ਲੱਖ ਖੁਰਾਕਾਂ ਅਤੇ ਕੋਵੈਕਸੀਨ ਦੀਆਂ 2.64 ਲੱਖ ਖੁਰਾਕਾਂ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਜਦੋਂ ਕਿ ਸੂਬੇ ਕੋਲ 2.81 ਲੱਖ ਕੋਵੀਸ਼ੀਲਡ ਤੇ 27, 400 ਕੋਵੈਕਸੀਨ ਦੀਆਂ ਖੁਰਾਕਾਂ ਦਾ ਸਟਾਕ ਪਿਆ ਹੈ। ਸਿਹਤ ਵਿਭਾਗ ਨੇ 22 ਅਪਰੈਲ ਨੂੰ ਕੇਂਦਰੀ ਸਿਹਤ ਮੰਤਰਾਲੇ ਨੂੰ ਪੱਤਰ ਲਿਖ ਕੇ ਕੋਵੀਸ਼ੀਲਡ ਦੀਆਂ 10 ਲੱਖ ਖੁਰਾਕਾਂ ਦੀ ਵਾਧੂ ਸਪਲਾਈ ਦੀ ਮੰਗ ਕਰਦਿਆਂ ਇਸ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਲਈ ਕਿਹਾ ਹੈ ਤਾਂ ਜੋ ਸੂਬਾ ਆਪਣੀਆਂ ਲੋੜਾਂ ਤੁਰੰਤ ਪੂਰੀਆਂ ਕਰ ਸਕੇ।

 

Have something to say? Post your comment

Subscribe