ਲੰਡਨ : ਲੰਡਨ ਵਿੱਚ ਬੀਤੇ ਭਲਕੇ ਤਾਲਾਬੰਦੀ ਤੋ ਅੱਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਪੁਲਿਸ ਅਤੇ ਲੋਕਾਂ ਵਿਚ ਹਿੰਸਕ ਝੜਪ ਹੋ ਗਈ ਅਤੇ ਇਸ ਵਿਚ ਕਈ ਲੋਕ ਅਤੇ ਪੁਲਿਸ ਮੁਲਾਜ਼ਮ ਵੀ ਫੱਟੜ ਹੋ ਗਏ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰੀ ਨਾਲ ਪੇਸ਼ ਆਉਣ।
ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਹਾਈਡ ਪਾਰਕ ਵਿੱਚ ਖਦੇੜਨ ਦੀ ਕੋਸ਼ਿਸ਼ ਕਰਦੇ ਪੁਲਿਸ ਮੁਲਾਜ਼ਮਾਂ ਵੱਲ ਬੋਤਲਾਂ ਸੁੱਟੀਆਂ ਗਈਆਂ। ਇਸ ਹਿੰਸਕ ਕਾਰਵਾਈ ਦੌਰਾਨ ਕਈ ਪੁਲਿਸ ਅਧਿਕਾਰੀਆਂ ਨੂੰ ਖੂਨ ਨਾਲ ਵੀ ਲੱਥਪਥ ਵੇਖਿਆ ਗਿਆ। ਇਸ ਦੇ ਇਲਾਵਾ ਆਕਸਫੋਰਡ ਸਟ੍ਰੀਟ 'ਤੇ ਵੀ ਵਿਰੋਧ ਪ੍ਰਦਰਸ਼ਨ ਹੋਇਆ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਦੁਕਾਨਦਾਰਾਂ ਨੂੰ ਮਾਸਕ ਹਟਾਉਣ ਲਈ ਨਾਅਰੇ ਲਗਾਏ। ਇਸ ਹਿੰਸਕ ਪ੍ਰਦਰਸ਼ਨ ਵਿੱਚ ਪੰਜ ਵਿਅਕਤੀਆਂ ਨੂੰ ਪੁਲਿਸ 'ਤੇ ਹਮਲਾ ਕਰਨ ਦੇ ਜ਼ੁਰਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਪ੍ਰਦਰਸ਼ਨ ਵਿੱਚ ਲੋਕਾਂ ਨੇ ਕੋਵਿਡ-19 ਟੀਕਾਕਰਨ ਅਤੇ ਵੈਕਸੀਨ ਪਾਸਪੋਰਟ ਵਿਰੋਧੀ ਬੈਨਰ ਫੜੇ ਹੋਏ ਸਨ। ਇੰਗਲੈਂਡ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਪੜਾਅ ਵਾਰ ਹਟਾਏ ਜਾਣ ਦੀ ਪ੍ਰਕਿਰਿਆ ਜਾਰੀ ਹੈ।