ਡਿਊਕ ਆਫ਼ ਐਡਿਨਬਰਾ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਉਹ 99 ਸਾਲਾਂ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ, ਸ਼ਾਇਦ ਦੁਨੀਆਂ ਦੇ ਸਭ ਤੋਂ ਮਸ਼ਹੂਰ ਪਤੀ ਸਨ। ਆਪਣੀ ਜ਼ਿੰਦਗੀ ਦੇ 70 ਸਾਲ ਪ੍ਰਿੰਸ ਫਿਲਿਪ ਨੇ ਮਹਾਰਾਣੀ ਐਲਿਜ਼ਾਬੈਥ ਦੂਜੀ ਦਾ ਪਰਛਾਵਾਂ ਬਣ ਕੇ ਗੁਜ਼ਾਰੇ ਪਰ ਉਨ੍ਹਾਂ ਦੀ ਸ਼ਖ਼ਸੀਅਤ ਦੀ ਤਾਕਤ ਅਜਿਹੀ ਸੀ ਕਿ ਉਹ ਸਿਰਫ਼ ਇੱਕ ਪਤੀ ਬਣ ਕੇ ਨਹੀਂ ਰਹਿ ਸਕਦੇ ਸਨ।
ਫਿਰ ਮਹਾਰਾਣੀ ਨਾਲ ਰਹਿਣ ਵਾਲੇ ਪ੍ਰਿੰਸ ਫਿਲਿਪ ਕੌਣ ਸਨ ਅਤੇ ਉਨ੍ਹਾਂ ਨੇ ਮਹਾਰਾਣੀ ਨਾਲ ਵਿਆਹ ਕਿਉਂ ਕੀਤਾ? ਮਹਾਰਾਣੀ ਦੇ ਪਤੀ ਸਨ, ਪਰ ਰਾਜਾ ਨਹੀਂ। ਡਿਊਕ ਜਿਨ੍ਹਾਂ ਨੂੰ ਪ੍ਰਿੰਸ ਫਿਲਿਪ ਵੀ ਕਿਹਾ ਜਾਂਦਾ ਹੈ, ਬਾਰੇ ਸਭ ਤੋਂ ਪਹਿਲੀ ਗੱਲ ਕਿ ਉਹ ਕਦੇ ਵੀ ਲਾਈਨ ਆਫ ਥ੍ਰੋਨ ਯਾਨੀ ਰਾਜਗੱਦੀ ਦੇ ਉੱਤਰਾਧਿਕਾਰੀ ਦੀ ਕਤਾਰ ਵਿੱਚ ਨਹੀਂ ਸਨ। ਉਨ੍ਹਾਂ ਦੇ ਸਭ ਤੋਂ ਵੱਡੇ ਬੇਟੇ ਨੂੰ ਰਾਜ ਗੱਦੀ ਵਿਰਾਸਤ ਵਿੱਚ ਮਿਲੀ, ਪਰ ਉਨ੍ਹਾਂ ਨੂੰ ਕਦੇ ਰਾਜੇ ਦੀ ਉਪਾਧੀ ਵੀ ਨਹੀਂ ਮਿਲੀ।
ਅਜਿਹਾ ਇਸ ਲਈ ਕਿਉਂਕਿ ਬ੍ਰਿਟੇਨ ਵਿੱਚ ਜੇਕਰ ਇੱਕ ਮਹਿਲਾ ਕਿਸੇ ਰਾਜੇ ਨਾਲ ਵਿਆਹ ਕਰਦੀ ਹੈ ਤਾਂ ਉਸ ਨੂੰ ਰਾਣੀ ਦੀ ਉਪਾਧੀ ਮਿਲਦੀ ਹੈ। ਇਸ ਦੇ ਉਲਟ ਜੇਕਰ ਕੋਈ ਪੁਰਸ਼ ਕਿਸੇ ਰਾਣੀ ਨਾਲ ਵਿਆਹ ਕਰਦਾ ਹੈ ਤਾਂ ਉਸ ਨੂੰ ਰਾਜੇ ਦੀ ਉਪਾਧੀ ਨਹੀਂ ਮਿਲਦੀ।
ਇਹ ਉਪਾਧੀ ਸਿਰਫ਼ ਉਨ੍ਹਾਂ ਪੁਰਸ਼ਾਂ ਨੂੰ ਮਿਲਦੀ ਹੈ ਜਿਹੜੇ ਸਿੱਧੇ ਤੌਰ ’ਤੇ ਸ਼ਾਹੀ ਖ਼ਾਨਦਾਨ ਵਿੱਚੋਂ ਹੁੰਦੇ ਹਨ। ਮਹਾਰਾਣੀ ਅਤੇ ਪ੍ਰਿੰਸ ਫਿਲਿਪ ਦੇ ਚਾਰ ਬੱਚੇ ਹਨ। ਪ੍ਰਿੰਸ ਚਾਰਲਸ (72), ਪ੍ਰਿੰਸ ਐਂਡਰਯੂ (71) ਪ੍ਰਿੰਸੇਸ ਏਨ (70) ਅਤੇ ਪ੍ਰਿੰਸ ਅਡਵਰਡ (57) ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਬੱਚੇ ਜਦੋਂ ਛੋਟੇ ਸਨ ਤਾਂ ਪ੍ਰਿੰਸ ਫਿਲਿਪ ਉਨ੍ਹਾਂ ਨੂੰ ਆਪਣੀ ਗੱਲ ਮਨਾ ਲੈਂਦੇ ਸਨ।
ਸ਼ਾਹੀ ਜੀਵਨੀਕਾਰ ਇੰਗ੍ਰਿਡ ਸੀਵਾਰਡ ਨਾਲ ਗੱਲ ਕਰਦੇ ਹੋਏ ਪ੍ਰਿੰਸ ਐਂਡਰਯੂ ਨੇ ਕਿਹਾ ਸੀ, ‘‘ਰਾਣੀ ਕਰੁਣਾ ਦੀ ਪ੍ਰਤਿਮਾ ਹੈ ਤਾਂ ਪ੍ਰਿੰਸ ਫਿਲਿਪ ਫ਼ਰਜ਼ ਅਤੇ ਅਨੁਸ਼ਾਸਨ ਸਿਖਾਉਂਦੇ ਹਨ।’’ ਹਾਲਾਂਕਿ ਐਂਡਰਯੂ ਨੂੰ ਇਹ ਵੀ ਯਾਦ ਹੈ ਕਿ ਕਿਵੇਂ ਉਨ੍ਹਾਂ ਦੇ ਪਿਤਾ ਸੌਣ ਤੋਂ ਪਹਿਲਾਂ ਉਨ੍ਹਾਂ ਨੂੰ ਕਹਾਣੀ (ਬੈੱਡ ਟਾਈਮਸਟੋਰੀ) ਸੁਣਾਉਂਦੇ ਸਨ ਜਾਂ ਫਿਰ ਉਹ ਉਨ੍ਹਾਂ ਨੂੰ ਰੁਡਯਾਰਡ ਕਿਪਲਿੰਗ ਦੀਆਂ ਕਹਾਣੀਆਂ ਪੜ੍ਹ ਕੇ ਸੁਣਾਉਂਦੇ ਸੀ।
ਪ੍ਰਿੰਸ ਫਿਲਿਪ ਨੇ ਆਪਣੀਆਂ ਨਜ਼ਰਾਂ ਦੇ ਸਾਹਮਣੇ ਆਪਣੇ ਅੱਠ ਪੋਤੇ-ਪੋਤੀਆਂ ਨੂੰ ਵੱਡੇ ਹੁੰਦੇ ਦੇਖਿਆ ਅਤੇ ਦਸ ਪੜਪੋਤੇ-ਪੜਪੋਤੀਆਂ ਨੂੰ ਜਨਮ ਲੈਂਦੇ ਦੇਖਿਆ। ਪ੍ਰਿੰਸ ਫਿਲਿਪ ਦਾ ਬਕਿੰਘਮ ਮਹਿਲ ਦਾ ਸਫ਼ਰ ਸਾਲ 1922 ਵਿੱਚ ਇੱਕ ਸੰਤਰੀ ਰੰਗ ਦੇ ਪਾਲਣੇ ਤੋਂ ਸ਼ੁਰੂ ਹੋਇਆ। ਪ੍ਰਿੰਸ ਫਿਲਿਪ ਦਾ ਜਨਮ 10 ਜੂਨ 1921 ਨੂੰ ਯੂਨਾਨ ਦੇ ਕੋਰਫੂ ਦੀਪ ਵਿੱਚ ਹੋਇਆ ਸੀ। ਉਹ ਗ੍ਰੀਸ ਦੇ ਪ੍ਰਿੰਸ ਐਂਡਰਯੂ ਅਤੇ ਬੈਟਨਬਰਗ ਦੀ ਪ੍ਰਿੰਸੇਸ ਐਲਿਸ ਦੀ ਸਭ ਤੋਂ ਛੋਟੀ ਔਲਾਦ ਅਤੇ ਇਕਲੌਤੇ ਪੁੱਤਰ ਸਨ।
ਇਸ ਵਿਰਾਸਤ ਨੇ ਉਨ੍ਹਾਂ ਨੂੰ ਗ੍ਰੀਸ ਅਤੇ ਡੈੱਨਮਾਰਕ ਦਾ ਪ੍ਰਿੰਸ ਬਣਾ ਦਿੱਤਾ, ਪਰ ਇੱਕ ਸਾਲ ਬਾਅਦ ਹੀ ਉੱਥੇ ਤਖ਼ਤਾਪਲਟ ਹੋਇਆ ਅਤੇ ਪਰਿਵਾਰ ਨੂੰ ਗ੍ਰੀਸ ਛੱਡ ਕੇ ਜਾਣਾ ਪਿਆ। ਬ੍ਰਿਟੇਨ ਦੇ ਇੱਕ ਜੰਗੀ ਜਹਾਜ਼ ਨੇ ਪਰਿਵਾਰ ਨੂੰ ਸੁਰੱਖਿਅਤ ਇਟਲੀ ਪਹੁੰਚਾਇਆ। ਇਸ ਦੌਰਾਨ ਬਾਲ ਫਿਲਿਪ ਫਲਾਂ ਦੀ ਟੋਕਰੀ ਵਿੱਚ ਸੁੱਤੇ ਰਹੇ। ਫਿਲਿਪ ਨੇ ਬਚਪਨ ਵਿੱਚ ਕਾਫ਼ੀ ਕੁਝ ਗੁਆਇਆ ਅਤੇ ਦੁੱਖ ਅਤੇ ਨਿਰਾਸ਼ਾ ਦਾ ਸਾਹਮਣਾ ਕੀਤਾ। ਸਾਲ 1930 ਵਿੱਚ ਨਰਵਸ ਬਰੇਕਡਾਊਨ ਕਾਰਨ ਉਨ੍ਹਾਂ ਦੀ ਮਾਂ ਨੂੰ ਇੱਕ ਮਾਨਸਿਕ ਸਿਹਤ ਕੇਂਦਰ ਵਿੱਚ ਜਾਣਾ ਪਿਆ। ਅਗਲੇ ਕੁਝ ਸਾਲਾਂ ਵਿੱਚ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਨੂੰ ਮਿਲਣ ਦੇ ਘੱਟ ਹੀ ਮੌਕੇ ਮਿਲੇ।
ਉਨ੍ਹਾਂ ਦੇ ਪਿਤਾ ਨੇ ਫਰਾਂਸ ਵਿੱਚ ਇੱਕ ਨਦੀ ਦੇ ਕਿਨਾਰੇ ਇੱਕ ਔਰਤ ਨਾਲ ਵਸਣ ਦਾ ਫੈਸਲਾ ਕੀਤਾ। ਬ੍ਰਿਟੇਨ ਵਿੱਚ ਉਨ੍ਹਾਂ ਦੀ ਮਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਦੇਖਭਾਲ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਉਸ ਦਾ ਗੋਤ ਵੀ ਅਪਣਾਇਆ-ਮਾਊਂਟਬੈਟਨ। ਇਹ ਸ਼ਬਦ ਬੈਟਨਬਰਗ ਪਰਿਵਾਰ ਤੋਂ ਆਇਆ ਹੈ। ਪੜ੍ਹਾਈ ਲਈ ਉਨ੍ਹਾਂ ਦਾ ਦਾਖਲਾ ਗੋਰਡਨਸਟਾਊਨ ਦੇ ਇੱਕ ਸਕੌਟਿਸ਼ ਬੋਰਡਿੰਗ ਸਕੂਲ ਵਿੱਚ ਕਰਾਇਆ ਗਿਆ। ਸਕੂਲ ਦੇ ਮੋਢੀ ਅਤੇ ਹੈੱਡਮਾਸਟਰ ਦਾ ਨਾਂ ਕਰਟ ਹੈਨ ਸੀ। ਜਰਮਨੀ ਵਿੱਚ ਨਾਜ਼ੀਆਂ ਦੀ ਆਲੋਚਨਾ ਕਰਨ ’ਤੇ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ ਸੀ।
ਸਕੂਲ ਨੇ ਫਿਲਿਪ ਨੂੰ ਮਜ਼ਬੂਤ ਇਨਸਾਨ ਦੇ ਤੌਰ ’ਤੇ ਜੀਵਨ ਜਿਉਣਾ ਸਿਖਾਇਆ। ਉਨ੍ਹਾਂ ਨੂੰ ਆਤਮ-ਨਿਰਭਰ ਬਣਨਾ ਸਿਖਾਇਆ। ਕਿਸੇ ਸਪਾਰਟਨ ਸ਼ਾਸਨ ਦੀ ਤਰ੍ਹਾਂ ਉਨ੍ਹਾਂ ਨੂੰ ਠੰਢ ਵਿੱਚ ਸਵੇਰੇ ਉੱਠਣਾ ਪੈਂਦਾ ਸੀ। ਕਾਫ਼ੀ ਦੂਰ ਤੱਕ ਦੌੜ ਲਗਾਉਣੀ ਪੈਂਦੀ ਸੀ ਅਤੇ ਨਹਾਉਣਾ ਪੈਂਦਾ ਸੀ। ਹੈਨ ਦਾ ਮੰਨਣਾ ਸੀ ਕਿ ਇਸ ਨਾਲ ਜਵਾਨੀ ਦੇ ‘ਜ਼ਹਿਰੀਲੇ ਜਨੂੰਨ’ ਦਾ ਮੁਕਾਬਲਾ ਕਰਨ ਵਿੱਚ ਮਦਦ ਮਿਲਦੀ ਹੈ। ਸਾਲ 1937 ਵਿੱਚ ਫਿਲਿਪ ਦੀਆਂ ਚਾਰ ਭੈਣਾਂ ਵਿੱਚੋਂ ਇੱਕ ਸੇਸਿਲੀ ਦੀ ਉਨ੍ਹਾਂ ਦੇ ਜਰਮਨ ਪਤੀ, ਸੱਸ ਅਤੇ ਦੋ ਜਵਾਨ ਬੇਟਿਆਂ ਨਾਲ ਇੱਕ ਹਵਾਈ ਹਾਦਸੇ ਵਿੱਚ ਮੌਤ ਹੋ ਗਈ। ਉਹ ਉਸ ਸਮੇਂ ਗਰਭਵਤੀ ਸਨ।
ਸੇਸਿਲੀ ਕੁਝ ਸਮਾਂ ਪਹਿਲਾਂ ਹੀ ਜਰਮਨੀ ਦੀ ਸੱਤਾ ’ਤੇ ਕਾਬਜ਼ ਨਾਜ਼ੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਸ ਵਕਤ 16 ਸਾਲ ਦੇ ਫਿਲਿਪ ਜਦੋਂ ਡਾਰਮੇਸਟੈਡ ਵਿੱਚ ਆਪਣੀ ਭੈਣ ਦੇ ਤਾਬੂਤ ਦੇ ਪਿੱਛੇ ਚੱਲ ਰਹੇ ਸਨ, ਉਨ੍ਹਾਂ ਦੇ ਪਿੱਛੇ ਆਉਂਦੀ ਭੀੜ ’ਹੇਲ ਹਿਟਲਰ’ ਦੇ ਨਾਅਰੇ ਲਾ ਰਹੀ ਸੀ। ਪ੍ਰਿੰਸ ਫਿਲਿਪ ਨੇ ਬਾਅਦ ਵਿੱਚ ਉਸ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਸੀ, ’’ਇਹ ਬਸ ਵਾਪਰ ਗਿਆ। ਪਰਿਵਾਰ ਟੁੱਟ ਚੁੱਕਾ ਸੀ। ਮੇਰੀ ਮਾਂ ਬਿਮਾਰ ਸੀ। ਮੇਰੀਆਂ ਭੈਣਾਂ ਦਾ ਵਿਆਹ ਹੋ ਚੁੱਕਾ ਸੀ। ਮੇਰੇ ਪਿਤਾ ਦੱਖਣੀ ਫਰਾਂਸ ਵਿੱਚ ਸਨ। ਮੈਂ ਬਸ ਇਸ ਤੋਂ ਅੱਗੇ ਵਧਣਾ ਸੀ। ਇੱਕ ਬੰਦਾ ਇਹੀ ਕਰਦਾ ਹੈ।’’
ਫਿਲਿਪ ਅਤੇ ਮਹਾਰਾਣੀ ਦਾ ਪਿਆਰ
ਜਦੋਂ ਫਿਲਿਪ ਨੇ ਸਕੂਲ ਛੱਡਿਆ ਉਦੋਂ ਬ੍ਰਿਟੇਨ ਅਤੇ ਜਰਮਨੀ ਯੁੱਧ ਦੀ ਕਗਾਰ ’ਤੇ ਸਨ। ਉਹ ਡਾਰਟਮਾਊਥ (ਯੂਕੇ ਦੀ ਨੇਵੀ ਅਕਾਦਮੀ) ਵਿੱਚ ਬ੍ਰਿਟੇਨ ਦੇ ਰੌਇਲ ਨੇਵਲ ਕਾਲਜ ਵਿੱਚ ਸ਼ਾਮਲ ਹੋਏ। ਉੱਥੋਂ ਉਹ ਇੱਕ ਸ਼ਾਨਦਾਰ ਕੈਡੇਟ ਸਾਬਤ ਹੋਏ ਅਤੇ ਆਪਣੀ ਕਲਾਸ ਵਿੱਚ ਅੱਵਲ ਰਹੇ। ਜੁਲਾਈ 1939 ਵਿੱਚ ਜਦੋਂ ਕਿੰਗ ਜੌਰਜ ਦੀ ਆਪਣੀ ਅਧਿਕਾਰਤ ਯਾਤਰਾ ’ਤੇ ਉੱਥੇ ਪਹੁੰਚੇ ਤਾਂ ਫਿਲਿਪ ’ਤੇ ਉਨ੍ਹਾਂ ਦੀਆਂ ਜਵਾਨ ਬੇਟੀਆਂ ਪ੍ਰਿੰਸੇਸ ਐਲਿਜ਼ਾਬੈਥ ਅਤੇ ਮਾਰਗਰੇਟ ਨਾਲ ਘੁਲਣ-ਮਿਲਣ ਦੇ ਇਲਜ਼ਾਮ ਲੱਗੇ।
ਉਨ੍ਹਾਂ ਦੀ ਗਵਰਨੈਂਸ, ਮੈਰੀਅਨ ਕਰੋਫਰਡ (ਰਾਜ ਕੁਮਾਰੀਆਂ ਲਈ ਇੱਕ ਸੁਰੱਖਿਅਕ) ਨੇ ਬਾਅਦ ਵਿੱਚ ਯਾਦ ਕਰਦੇ ਹੋਏ ਕਿਹਾ ਕਿ ਫਿਲਿਪ ਨੇ ’ਵੱਡਾ ਕੰਮ ਕਰ ਦਿੱਤਾ ਸੀ।’’ ਉਨ੍ਹਾਂ ਨੇ 13 ਸਾਲ ਦੀ ਐਲਿਜਾਬੈਥ ’ਤੇ ਬਹੁਤ ਪ੍ਰਭਾਵ ਪਾਇਆ ਜੋ ਜਲਦੀ ਹੀ ਸਪੱਸ਼ਟ ਦਿਖਣ ਲੱਗਿਆ ਸੀ।
ਪ੍ਰਿੰਸ ਫਿਲਿਪ ਨੇ ਦੂਜੇ ਵਿਸ਼ਵ ਯੁੱਧ ਵਿੱਚ ਭਾਗ ਲਿਆ ਅਤੇ ਪਹਿਲੀ ਵਾਰ ਹਿੰਦ ਮਹਾਸਾਗਰ ਵਿੱਚ ਫੌਜੀ ਕਾਰਵਾਈ ਦੇਖੀ। ਅਕਤੂਬਰ 1942 ਵਿੱਚ ਜਦੋਂ ਉਹ 21 ਸਾਲ ਦੀ ਉਮਰ ਦੇ ਸਨ, ਉਹ ਰੌਇਲ ਨੇਵੀ ਦੇ ਸਭ ਤੋਂ ਜਵਾਨ ਲੈਫਟੀਨੈਂਟਾਂ ਵਿੱਚੋਂ ਇੱਕ ਬਣ ਚੁੱਕੇ ਸਨ। ਰਾਜਕੁਮਾਰੀ ਜੋ ਉਸ ਸਮੇਂ ਇੱਕ ਕਿਸ਼ੋਰੀ ਸੀ, ਉਨ੍ਹਾਂ ਨਾਲ ਉਹ ਲਗਾਤਾਰ ਪੱਤਰਾਂ ਜ਼ਰੀਏ ਰਾਬਤੇ ਵਿੱਚ ਰਹੇ।
1943 ਦੇ ਕ੍ਰਿਸਮਸ ਦੇ ਬਾਅਦ ਜਦੋਂ ਫਿਲਿਪ ਸ਼ਾਹੀ ਪਰਿਵਾਰ ਨਾਲ ਸੀ, ਉਦੋਂ ਨੇਵੀ ਦੀ ਵਰਦੀ ਵਿੱਚ ਉਨ੍ਹਾਂ ਦੀ ਇੱਕ ਤਸਵੀਰ ਸਾਹਮਣੇ ਆਈ ਜਿਸ ਵਿੱਚ ਉਹ ਰਾਜਕੁਮਾਰੀ ਦੇ ਡਰੈਸਿੰਗ ਟੇਬਲ ’ਤੇ ਦਿਖਾਈ ਦੇ ਰਹੇ ਸਨ। ਇਹ ਤਸਵੀਰ ਖੁੱਲ੍ਹ ਕੇ ਸਾਹਮਣੇ ਨਹੀਂ ਆਉਣ ਵਾਲੀ ਸੀ, ਪਰ ਦ੍ਰਿੜ ਨਿਸ਼ਚੇ ਵਾਲੀ ਮੁਟਿਆਰ ਦਾ ਇੱਕ ਫੈਸਲਾਕੁਨ ਇਸ਼ਾਰਾ ਸੀ। ਕੁਝ ਸਹਾਇਕਾਂ ਨੂੰ ਸ਼ੱਕ ਹੋਇਆ। ਸੁਣੀਆਂ ਗਈਆਂ ਗੱਲਾਂ ਮੁਤਾਬਿਕ (ਕਿਉਂਕਿ ਇਸ ਨੂੰ ਇੱਕ ਤੋਂ ਜ਼ਿਆਦਾ ਅਧਿਕਾਰੀਆਂ ਨੇ ਦੱਸਿਆ ਹੈ) ਪ੍ਰਿੰਸ ’ਅਜੀਬ ਸਨ, ਅਨਪੜ੍ਹ ਸਨ ਅਤੇ ਸ਼ਾਇਦ ਵਫ਼ਾਦਾਰ ਨਹੀਂ ਸਨ’’, ਪਰ ਭਵਿੱਖ ਦੀ ਰਾਣੀ ਨੂੰ ਰੋਕਣ ਲਈ ਇਹ ਗੱਲਾਂ ਕਾਫ਼ੀ ਨਹੀਂ ਸਨ।
ਸ਼ਾਹੀ ਜੀਵਨੀਕਾਰ ਫਿਲਿਪ ਈਡ ਅਨੁਸਾਰ, 1946 ਦੇ ਦੌਰ ਦੀਆਂ ਫਿਲਿਪ ਦੀਆਂ ਭੇਜੀਆਂ ਗਈਆਂ ਚਿੱਠੀਆਂ ਇੱਕ ਨੌਜਵਾਨ ਵਿਅਕਤੀ ਅਤੇ ਉਸ ਦੇ ਅੰਦਰ ਦੀਆਂ ਨਵੀਆਂ ਚਾਹਤਾਂ ਨੂੰ ਦਰਸਾਉਂਦੀਆਂ ਹਨ।
ਉਨ੍ਹਾਂ ਨੇ ਆਪਣੀ ਹੋਣ ਵਾਲੀ ਸੱਸ ਨੂੰ ਲਿਖਿਆ, ’’ਮੈਨੂੰ ਯਕੀਨ ਹੈ ਕਿ ਮੈਂ ਉਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਦੇ ਲਾਇਕ ਨਹੀਂ ਹਾਂ ਜੋ ਮੇਰੇ ਨਾਲ ਹੋਈਆਂ ਹਨ। ਮੈਂ ਯੁੱਧ ਤੋਂ ਬਚ ਕੇ ਨਿਕਲਿਆ, ਮੈਂ ਜਿੱਤ ਦਾ ਗਵਾਹ ਬਣਿਆ। ਮੈਨੂੰ ਰੁਕ ਕੇ ਖੁਦ ਨੂੰ ਫਿਰ ਤੋਂ ਸਮਝਣ ਦਾ ਮੌਕਾ ਮਿਲਿਆ। ਮੈਨੂੰ ਪੂਰੀ ਤਰ੍ਹਾਂ ਨਾਲ ਪਿਆਰ ਵਿੱਚ ਪੈਣ ਦਾ ਮੌਕਾ ਮਿਲਿਆ, ਮੈਨੂੰ ਸਭ ਨੂੰ ਆਪਣਾ ਬਣਾਉਣ ਦਾ ਵੀ ਮੌਕਾ ਮਿਲਿਆ। ਇੱਥੋਂ ਤੱਕ ਕਿ ਦੁਨੀਆ ਦੀਆਂ ਪਰੇਸ਼ਾਨੀਆਂ ਛੋਟੀਆਂ ਲੱਗਣ ਲੱਗੀਆਂ ਹਨ।’’
ਕਿੰਗ ਜੌਰਜ ਨੇ ਫਿਲਿਪ ਨੂੰ ਆਪਣੀ ਬੇਟੀ ਨਾਲ ਵਿਆਹ ਕਰਨ ਦੀ ਇਜਾਜ਼ਤ ਤਾਂ ਦੇ ਦਿੱਤੀ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਕੁਝ ਬਦਲਾਅ ਕਰਨੇ ਸਨ।
ਉਨ੍ਹਾਂ ਨੇ ਫੁੱਟਮੈਨ-ਰਵਾਇਤੀ ਵਰਦੀ ਵਾਲੇ ਮਹਿਲ ਦੇ ਨੌਕਰਾਂ ਦੇ ਵਾਲਾਂ ’ਤੇ ਪਾਊਡਰ ਲਗਾਉਣਾ ਬੰਦ ਕਰਵਾਇਆ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਰਾਜ ਮਹਿਲ ਵਿੱਚ ਰਾਜ ਘਰਾਣੇ ਦੇ ਲੋਕਾਂ ਲਈ ਵੱਖਰੀ ਰਸੋਈ ਹੈ ਤਾਂ ਉਨ੍ਹਾਂ ਨੇ ਇੱਕ ਰਸੋਈ ਘਰ ਬੰਦ ਕਰਵਾ ਦਿੱਤੀ।
ਕੁਝ ਤਬਦੀਲੀਆਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਲਈ ਸਨ। ਉਨ੍ਹਾਂ ਨੂੰ ਉਪਕਰਣਾਂ ਦਾ ਬਹੁਤ ਸ਼ੌਂਕ ਸੀ। ਰਾਜ ਤਿਲਕ ਤੋਂ ਪਹਿਲਾਂ ਜਦੋਂ ਫਿਲਿਪ ਅਤੇ ਭਵਿੱਖ ਦੀ ਰਾਣੀ 1949 ਵਿੱਚ ਕਲੈਰੇਂਸ ਹਾਊਸ ਵਿੱਚ ਗਏ, ਉਨ੍ਹਾਂ ਨੇ ਉੱਥੇ ਕਈ ਨਵੇਂ ਉਪਕਰਣ ਲਗਵਾਏ। ਇਨ੍ਹਾਂ ਵਿੱਚ ਇੱਕ ਅਲਮਾਰੀ ਵੀ ਸ਼ਾਮਲ ਸੀ ਜਿਸ ਦਾ ਬਟਨ ਦਬਾਉਣ ’ਤੇ ਸੂਟ ਨਿਕਲਦਾ ਸੀ।
ਡਿਊਕ ਨੇ ਰੌਇਲ ਫੈਮਿਲੀ ਨਾਂ ਦੀ ਇੱਕ 90 ਮਿੰਟ ਦੀ ਬੀਬੀਸੀ ਡਾਕੂਮੈਂਟਰੀ ਵੀ ਬਣਵਾਈ ਜਿਸ ਨੂੰ 1969 ਵਿੱਚ ਪ੍ਰਸਾਰਿਤ ਕੀਤਾ ਗਿਆ। ਇਸ ਨੂੰ ਟੀਵੀ ਇਤਿਹਾਸ ਵਿੱਚ ਇੱਕ ਵੱਡਾ ਪਲ ਮੰਨਿਆ ਜਾਂਦਾ ਹੈ। ਇਸ ਵਿੱਚ ਰਾਣੀ ਘੋੜੇ ਨੂੰ ਗਾਜਰ ਖਵਾਉਂਦੇ ਹੋਏ, ਟੀਵੀ ਦੇਖਦੇ ਅਤੇ ਇੱਕ ਵਾਲਮੋਰਲ ਬਾਰਬੀਕਿਊ ਵਿੱਚ ਸਲਾਦ ’ਤੇ ਚਰਚਾ ਕਰਦੇ ਹੋਈ ਦਿਖਾਈ ਦਿੱਤੀ ਜਦੋਂਕਿ ਰਾਜਕੁਮਾਰੀ ਐਨੀ ਸਾਸੇਜ ਪਕਾਉਂਦੀ ਦਿਖੀ।
ਬਕਿੰਘਮ ਪੈਲੇਸ ਵਿੱਚ ਫਿਲਿਪ ਨੇ ਇੰਟਰਕਾਮ ਲਗਵਾਇਆ ਸੀ ਤਾਂ ਕਿ ਨੌਕਰਾਂ ਨੂੰ ਆਪਣੀਆਂ ਪਤਨੀਆਂ ਨੂੰ ਲਿਖਤੀ ਸੰਦੇਸ਼ ਨਾ ਭੇਜਣਾ ਪਵੇ।
ਉਹ ਆਪਣਾ ਸਾਮਾਨ ਖ਼ੁਦ ਚੁੱਕਦੇ ਸਨ ਅਤੇ ਆਪਣੇ ਕਮਰੇ ਵਿੱਚ ਇੱਕ ਇਲੈੱਕਟੌਨਿਕ ਫਰਾਇੰਗ ਪੈਨ ’ਤੇ ਨਾਸ਼ਤਾ ਬਣਾਉਂਦੇ ਸਨ। ਹਾਲਾਂਕਿ ਮਹਾਰਾਣੀ ਵੱਲੋਂ ਮਹਿਕ ਦੀ ਸ਼ਿਕਾਇਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਬੰਦ ਕਰਨਾ ਪਿਆ। ਬ੍ਰਿਟਿਸ਼ ਜੀਵਨ ਵਿੱਚ ਆਪਣੇ ਯੋਗਦਾਨ ’ਤੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ’’ਮੈਂ ਅਜੇ ਜੋ ਕੀਤਾ ਹੈ, ਉਹ ਮੇਰਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਕੁਝ ਲੋਕ ਸੋਚਦੇ ਹਨ ਕਿ ਇਹ ਸਭ ਠੀਕ ਹੈ, ਕੁਝ ਨੂੰ ਅਜਿਹਾ ਨਹੀਂ ਲੱਗਦਾ। ਤੁਸੀਂ ਕੀ ਕਰ ਸਕਦੇ ਹੋ? ਮੈਂ ਆਪਣੇ ਕੰਮ ਕਰਨ ਦੇ ਤਰੀਕੇ ਨਹੀਂ ਬਦਲ ਸਕਦਾ। ਇਹ ਮੇਰੀ ਸ਼ੈਲੀ ਦਾ ਹਿੱਸਾ ਹੈ। ਜੇਕਰ ਇਹ ਬੁਰਾ ਹੈ ਤਾਂ ਉਨ੍ਹਾਂ ਨੂੰ ਇਸ ਨੂੰ ਝੱਲਣਾ ਪਏਗਾ।’’
ਕਈ ਵਾਰ ਉਨ੍ਹਾਂ ਦੀਆਂ ਕੁਝ ਮੁਖਰ ਜਾਂ ਨਸਲੀ ਰੂਪ ਨਾਲ ਅਸੰਵੇਦਨਸ਼ੀਲ ਟਿੱਪਣੀਆਂ ਨਾਲ ਵਿਵਾਦ ਵੀ ਖੜ੍ਹਾ ਹੋਇਆ।
ਸਾਲ 1986 ਵਿੱਚ ਉਨ੍ਹਾਂ ਨੇ ਚੀਨ ਵਿੱਚ ਬ੍ਰਿਟਿਸ਼ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਕਿਹਾ, ’’ਜੇਕਰ ਤੁਸੀਂ ਇੱਥੇ ਜ਼ਿਆਦਾ ਸਮੇਂ ਤੱਕ ਰਹੋਗੇ ਤਾਂ ਤੁਹਾਡੀਆਂ ਸਾਰਿਆਂ ਦੀਆਂ ਅੱਖਾਂ ਛੋਟੀਆਂ ਹੋ ਜਾਣਗੀਆਂ।’’
ਆਲੋਚਕਾਂ ਨੇ ਉਨ੍ਹਾਂ ਨੂੰ ਗੈਫ਼ੇ-ਪ੍ਰੋਨ (ਸ਼ਰਮਿੰਦਾ ਕਰਨ ਵਾਲਾ) ਅਤੇ ਆਊਟ ਆਫ ਟੱਚ ਦੱਸਿਆ ਜਦਕਿ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਸਮੇਂ ਦਾ ਹਾਣੀ ਮੰਨਦੇ ਸਨ ਜੋ ਮਜ਼ਾਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।
ਮਹਿਲ ਦੇ ਅੰਦਰੂਨੀ ਲੋਕਾਂ ਦਾ ਕਹਿਣਾ ਸੀ ਕਿ ਹਾਸੀ ਉਹ ਚੁੰਬਕ ਸੀ ਜਿਸ ਨੇ ਪ੍ਰਿੰਸ ਅਤੇ ਮਹਾਰਾਣੀ ਨੂੰ ਇਕੱਠੇ ਬੰਨ੍ਹ ਕੇ ਰੱਖਿਆ ਹੋਇਆ ਸੀ। ਉਨ੍ਹਾਂ ਨੇ ਖੁਦ ਕਿਹਾ ਸੀ ਕਿ ਇਸ ਦੀ ਵਜ੍ਹਾ ਮਹਾਰਾਣੀ ਦੀ ਸਹਿਣਸ਼ੀਲਤਾ ਸੀ। 1960 ਦੇ ਦਹਾਕੇ ਵਿੱਚ ਰਾਣੀ ਆਪਣੇ ਭਾਸ਼ਣਾਂ ਦੀ ਸ਼ੁਰੂਆਤ, ’’ਮੇਰੇ ਪਤੀ ਅਤੇ ਮੈਂ3’’ ਤੋਂ ਕਰਦੀ ਸੀ। ਵਿਅੰਗਕਾਰਾਂ ਨੇ ਇਸ ਦਾ ਮਜ਼ਾਕ ਉਡਾਇਆ ਅਤੇ ਇਸ ਨੂੰ ਪੁਰਾਣਾ ਤਰੀਕਾ ਦੱਸਿਆ। ਫਿਰ ਉਨ੍ਹਾਂ ਨੇ ਇਸ ਦੀ ਵਰਤੋਂ ਬੰਦ ਕਰ ਦਿੱਤੀ, ਪਰ ਉਹ ਭਾਵਨਾ ਹਮੇਸ਼ਾ ਬਰਕਰਾਰ ਰਹੀ।
ਮਹਾਰਾਣੀ ਜੋ ਹੁਣ ਸਿਰਫ਼ ’ਮੈਂ’ ਦਾ ਉਪਯੋਗ ਕਰਦੀ ਹੈ, ਉਨ੍ਹਾਂ ਨੇ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ’ਤੇ ਪ੍ਰਿੰਸ ਫਿਲਿਪ ਦੀ ਤਾਰੀਫ਼ ਵਿੱਚ ਕਿਹਾ ਸੀ, ’’ਮੈਨੂੰ ਕਈ ਵਾਰ ਡਰ ਲੱਗਦਾ ਹੈ ਕਿ ਪ੍ਰਿੰਸ ਫਿਲਿਪ ਮੈਨੂੰ ਬੋਲਦੇ ਹੋਏ ਸੁਣਨਗੇ। ਅਸੀਂ ਕਈ ਵਾਰ ਆਪਣੇ ਭਾਸ਼ਣ ਤੋਂ ਪਹਿਲਾਂ ਉਸ ’ਤੇ ਵਿਚਾਰ ਕੀਤੀ ਹੈ ਅਤੇ ਜਿਵੇਂ ਕਿ ਤੁਹਾਨੂੰ ਉਮੀਦ ਹੈ ਕਿ ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਪ੍ਰਗਟ ਕੀਤਾ ਹੈ।’’
ਮਹਾਰਾਣੀ ਨੇ ਕਿਹਾ ਸੀ, ’’ਉਹ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਆਪਣੀ ਤਾਰੀਫ਼ ਸੁਣਨਾ ਬਹੁਤਾ ਪਸੰਦ ਨਹੀਂ ਹੈ, ਪਰ ਸੌਖੇ ਸ਼ਬਦਾਂ ਵਿੱਚ ਕਹਾਂ ਤਾਂ ਇੰਨੇ ਸਾਲਾਂ ਤੋਂ ਉਹ, ਮੇਰੀ ਅਤੇ ਮੇਰੇ ਪਰਿਵਾਰ ਦੀ ਤਾਕਤ ਬਣੇ ਹੋਏ ਹਨ। ਅਤੇ ਉਹ ਸਾਰੇ ਦੇਸ਼ ਜੋ ਉਨ੍ਹਾਂ ਦੇ ਬਹੁਤ ਵੱਡੇ ਕਰਜ਼ਦਾਰ ਹਨ-ਨਾ ਤਾਂ ਉਹ ਕਦੇ ਇਸ ਦਾ ਦਾਅਵਾ ਕਰਨਗੇ ਅਤੇ ਨਾ ਹੀ ਇਸ ਦੇ ਬਾਰੇ ਸਾਨੂੰ ਕਦੇ ਪਤਾ ਲੱਗੇਗਾ।’’