ਲਾਹੌਰ (ਏਜੰਸੀਆਂ) : ਪਾਕਿਸਤਾਨ ਵਿਚ ਕਰੀਬ 800 ਤੋਂ ਜ਼ਿਆਦਾ ਭਾਰਤੀ ਸਿੱਖ ਜੋ ਕਿ ਵਿਸਾਖੀ ਉਤੇ ਪੰਜਾ ਸਾਹਿਬ ਦੇ ਦਰਸ਼ਨਾਂ ਕਰਨ ਲਈ ਗਏ ਸਨ ਰੋਸ ਪ੍ਰਦਰਸ਼ਨ ਕਾਰਨ ਸੜਕ ਜਾਮ ਕਰਨ ਦੀ ਵਜ੍ਹਾ ਨਾਲ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ, ‘ਰਾਵਲਪਿੰਡੀ ਦੇ ਹਸਨ ਅਬਦਾਲ ਵਿਚ ਗੁਰਦੁਆਰਾ ਪੰਜਾ ਸਾਹਿਬ ਵਿਚ ਵਿਸਾਖੀ ਦੇ ਤਿਉਹਾਰ ਵਿਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਆਏ ਭਾਰਤੀ ਸਿੱਖਾਂ ਦਾ ਜਥਾ ਇਸ ਵਿਰੋਧ ਪ੍ਰਦਰਸ਼ਨ ਦੀ ਵਜ੍ਹਾ ਨਾਲ ਗੁਰਦੁਆਰੇ ਨਹੀਂ ਪਹੁੰਚ ਸਕਿਆ ਹੈ।’
ਦਸਣਯੋਗ ਹੈ ਕਿ ਫਰਾਂਸ ਵਿਚ ਈਸ਼ਨਿੰਦਾ ਵਾਲੇ ਕੁੱਝ ਪ੍ਰਕਾਸ਼ਨਾਂ ਨੂੰ ਲੈ ਕੇ ਇੱਥੋਂ ਫ੍ਰਾਂਸੀਸੀ ਰਾਜਦੂਤ ਨੂੰ ਕੱਢਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਇਸਲਾਮਵਾਦੀ ਪਾਰਟੀ ਦੇ ਸਮਰਥਕਾਂ ਨਾਲ ਪੁਲਿਸ ਦੀ ਝੜਪ ਦੇ ਬਾਅਦ ਹਿੰਸਾ ਭੜਕ ਗਈ ਹੈ। ਇਸ ਤੋਂ ਪਹਿਲਾਂ ਇਸਲਾਮਵਾਦੀ ਪਾਰਟੀ ਦੇ ਮੁਖੀ ਦੀ ਗ੍ਰਿਫ਼ਤਾਰੀ ਦੇ ਬਾਅਦ ਕਈ ਥਾਵਾਂ ’ਤੇ ਪ੍ਰਦਰਸ਼ਨ ਹੋਏ। ਇਸ ਹਿੰਸਾ ਵਿਚ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐਲ.ਪੀ.) ਵੱਲੋਂ ਘੱਟ ਤੋਂ ਘੱਟ 1 ਪੁਲਿਸ ਕਰਮੀ ਦੀ ਹੱਤਿਆ ਦੀ ਖ਼ਬਰ ਸਾਹਮਣੇ ਆਈ ਹੈ, ਜਦੋਂਕਿ ਇਸ ਸੰਗਠਨ ਦਾ ਦਾਅਵਾ ਹੈ ਕਿ ਪੁਲਿਸ ਕਰਮੀਆਂ ਦੀ ਗੋਲੀ ਨਾਲ ਇਸ ਦੇ 12 ਮੈਂਬਰਾਂ ਦੀ ਮੌਤ ਹੋਈ ਹੈ।
ਸੀਨੀਅਰ ਪੁਲਿਸ ਅਧਿਕਾਰੀ ਗੁਲਾਮ ਮੁਹੰਮਦ ਡੋਗਰ ਨੇ ਦੱਸਿਆ ਕਿ ਤਹਿਰੀਕ-ਏ-ਲਬੈਕ ਪਾਕਿਸਤਾਨ ਦੇ ਪ੍ਰਮੁੱਖ ਸਾਦ ਰਿਜ਼ਵੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਜ਼ਵੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਸਰਕਾਰ ਪੈਗੰਬਰ ਮੁਹੰਮਦ ਦਾ ਚਿੱਤਰ ਪ੍ਰਕਾਸ਼ਿਤ ਕੀਤੇ ਜਾਣ ਨੂੰ ਲੈ ਕੇ ਫਰਾਂਸ ਦੇ ਰਾਜਦੂਤ ਨੂੰ ਨਹੀਂ ਕੱਢਦੀ ਹੈ ਤਾਂ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ। ਇਸ ਦੇ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸੋਮਵਾਰ ਨੂੰ ਹਿੰਸਾ ਭੜਕ ਗਈ।