Friday, November 22, 2024
 

ਲਿਖਤਾਂ

ਵਿਸਾਖੀ ਦੇ ਉਤਸਵ ’ਤੇ ਵਿਸ਼ੇਸ਼ : ਇਤਿਹਾਸ ਦੀ ਜੁੱਗ ਪਲਟਾਓ ਘਟਨਾ

April 13, 2021 06:53 PM

ਗੁਰੂ ਪਾਤਿਸ਼ਾਹ ਨੇ ਇਸ ਦਿਨ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖ਼ਤਮ ਕੀਤਾ

ਵਿਸਾਖੀ ਸਿੱਖ ਧਰਮ ਦੇ ਪ੍ਰਮੁੱਖ ਤਿਉਹਾਰਾਂ ਚੋਂ ਇੱਕ ਹੈ। ਇਹ ਤਿਉਹਾਰ ਵਿਸ਼ੇਸ਼ ਤੌਰ ’ਤੇ ਪੰਜਾਬ ਵਿਚ ਮਨਾਇਆ ਜਾਂਦਾ ਹੈ। ਅਪ੍ਰੈਲ ਵਿਚ ਮਨਾਏ ਜਾਣ ਵਾਲੇ ਵਿਸਾਖੀ ਦੇ ਤਿਉਹਾਰ ਪੂਰੇ ਭਾਰਤ ਵਿਚ ਵੱਖ ਵੱਖ ਢੰਗ ਨਾਲ ਵੀ ਮਨਾਇਆ ਜਾਂਦਾ ਹੈ। ਪਰ ਪੰਜਾਬ ਵਿਚ ਇਸ ਤਿਉਹਾਰ ਨੂੰ ਲੈ ਕੇ ਇੱਕ ਵੱਖਰੀ ਗੂੰਜ ਹੁੰਦੀ ਹੈ। ਇਸ ਦੌਰਾਨ ਹਾੜੀ ਦੀਆਂ ਫ਼ਸਲਾਂ ਖੇਤਾਂ ਵਿੱਚ ਪੱਕੀਆਂ ਹੁੰਦੀਆਂ ਹਨ, ਇਨ੍ਹਾਂ ਪੱਕੀਆਂ ਫ਼ਸਲਾਂ ਨੂੰ ਵੇਖ ਕਿਸਾਨਾਂ ਦੇ ਮਨ ਵਿੱਚ ਉੱਠੀ ਖ਼ੁਸ਼ੀ ਨੂੰ ਉਹ ਵਿਸਾਖੀ ਦਾ ਤਿਉਹਾਰ ਮਨਾ ਕੇ ਆਪਣੀ ਜ਼ਾਹਰ ਕਰਦੇ ਹਨ।
ਇਸ ਸੱਭ ਤੋਂ ਇਲਾਵਾ ਵਿਸਾਖੀ ਦਾ ਤਿਉਹਾਰ ਭਾਰਤੀ ਇਤਿਹਾਸ ਵਿਚ ਵਿਸ਼ੇਸ਼ ਇਸ ਕਰ ਕੇ ਹੈ ਕਿ ਸਿੱਖ ਇਤਿਹਾਸ ਵਿਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸ ਲਈ ਸਮੂਹ ਸਿੱਖ ਭਾਈਚਾਰਾ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਉਂਦਾ ਹੈ।
ਇਸ ਦਿਨ ਨੂੰ ਵੈਸਾਖ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ। ਆਮ ਤੌਰ ’ਤੇ ਇਹ ਤਿਉਹਾਰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਵਿਚ ਵੀ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਇਸ ਦਿਨ ਕਈ ਥਾਵਾਂ ’ਤੇ ਭਾਰੀ ਮੇਲੇ ਆਦਿ ਵੀ ਲੱਗਦੇ ਹਨ ਅਤੇ ਕਈ ਗੁਰਦੁਆਰਿਆਂ ਵਿਚ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ।
1699 ਵਿਚ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਇਕ ਮਹਾਨ ਸਭਾ ਬੁਲਾਈ ਸੀ, ਇਸ ਸਭਾ ਵਿਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ। ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਅਤੇ ਪੰਜ ਸਿੱਖ ਵਾਰੋ-ਵਾਰੀ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ।
ਗੁਰੂ ਸਾਹਿਬ ਨੇ ਉਨ੍ਹਾਂ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿਚ ਉਨ੍ਹਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰ ਕੇ ਗੁਰੂ ਸਾਹਿਬ ਨੇ ਇਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ।
ਇਸ ਤੋਂ ਇਲਾਵਾ 13 ਅਪ੍ਰੈਲ 1919 ਦੀ ਵਿਸਾਖੀ ਨੂੰ ਜਲਿਆਂਵਾਲੇ ਬਾਗ਼ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਸਾਕੇ ਵਿਚ ਲਗਭਗ 20, 000 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਬੱਚੇ, ਔਰਤਾਂ, ਬਜ਼ੁਰਗ ਆਦਿ ਸ਼ਾਮਿਲ ਸਨ। ਇਸ ਵਜਾ ਨਾਲ ਵੀ ਇਸ ਦਿਨ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਸ਼ਹੀਦਾਂ ਨੂੰ ਪ੍ਰਨਾਮ ਕੀਤਾ ਜਾਂਦਾ ਹੈ।

 

Have something to say? Post your comment

Subscribe