ਇਸਲਾਮਾਬਾਦ (ਏਜੰਸੀਆਂ) :ਰੂਸ ਅਤੇ ਪਾਕਿਸਤਾਨ ਆਪਸੀ ਦੋਸਤੀ ਵੱਲ ਅੱਗੇ ਵੱਧ ਰਹੇ ਹਨ। ਇਸ ਤਰ੍ਹਾਂ ਜੇਕਰ ਹੋ ਜਾਂਦਾ ਹੈ ਤਾਂ ਪਾਕਿਸਤਾਨ ਦੇ ਗਵਾਂਢੀ ਦੇਸ਼ ਭਾਰਤ ਨੂੰ ਖ਼ਤਰਾ ਮਹਿਸੂਸ ਹੋ ਸਕਦਾ ਹੈ। ਕਿਉਕਿ ਰੂਸ ਹਾਲੇ ਤਕ ਭਾਰਤ ਦਾ ਦੋਸਤ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬਹੁਤ ਮਹੱਤਵਪੂਰਨ ਸੰਦੇਸ਼ ਭੇਜਿਆ ਹੈ। ਇਸ ਸੰਦੇਸ਼ ਵਿਚ ਰੂਸੀ ਰਾਸ਼ਟਰਪਤੀ ਪੁਤਿਨ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਰੂਸ ਪਾਕਿਸਤਾਨ ਦੀ ਹਰ ਖੇਤਰ ਵਿਚ ਮਦਦ ਕਰੇਗਾ। ਭਾਵੇਂ ਡਿਫੈਂਸ ਸੈਕਟਰ ਹੋਵੇ ਜਾਂ ਆਰਥਿਕ ਜਗਤ। ਰੂਸ ਹਮੇਸ਼ਾ ਪਾਕਿਸਤਾਨ ਨਾਲ ਖੜ੍ਹਾ ਰਹੇਗਾ।
ਪਿਛਲੇ ਹਫ਼ਤੇ ਭਾਰਤ ਦੌਰਾ ਖ਼ਤਮ ਕਰ ਕੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਪਾਕਿਸਤਾਨ ਦੌਰੇ 'ਤੇ ਗਏ ਸਨ। ਕਰੀਬ 9 ਸਾਲ ਬਾਅਦ ਕਿਸੇ ਰੂਸੀ ਵਿਦੇਸ਼ ਮੰਤਰੀ ਦਾ ਇਹ ਪਾਕਿਸਤਾਨ ਦੌਰਾ ਸੀ। ਇਸ ਦੌਰੇ ਦੌਰਾਨ ਰੂਸੀ ਵਿਦੇਸ਼ ਮੰਤਰੀ ਨੇ ਰਾਸ਼ਟਰਪਤੀ ਪੁਤਿਨ ਦਾ ਇਹ ਅਹਿਮ ਸੰਦੇਸ਼ ਪਾਕਿਸਤਾਨੀ ਨੇਤਾਵਾਂ ਨੂੰ ਦਿੱਤਾ। ਇਸ ਸੰਦੇਸ਼ ਵਿਚ ਲਾਵਰੋਵ ਨੇ ਕਿਹਾ ਕਿ ਰੂਸ ਪਾਕਿਸਤਾਨ ਦੀ ਲੋੜ ਮੁਤਾਬਕ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹੈ। ਇਹੀ ਨਹੀਂ ਰੂਸ ਪਾਕਿਸਤਾਨ ਵਿਚ 8 ਅਰਬ ਡਾਲਰ ਦਾ ਨਿਵੇਸ਼ ਕਰਨਾ ਚਾਹੁੰਦਾ ਹੈ। ਰੂਸ ਅਤੇ ਪਾਕਿਸਤਾਨ ਵਿਚਾਲੇ ਵੱਧਦੀ ਦੋਸਤੀ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ।
ਪਾਕਿਸਤਾਨ ਅਖ਼ਬਾਰ ਐਕਸਪ੍ਰੈਸ ਟ੍ਰਿਬਿਊਨ ਨੇ ਲਾਵਰੋਵ ਅਤੇ ਪਾਕਿਸਤਾਨੀ ਨੇਤਾਵਾਂ ਵਿਚਾਲੇ ਬੈਠਕ ਵਿਚ ਮੌਜੂਦ ਇਕ ਅਧਿਕਾਰੀ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਲਾਵਰੋਵ ਨੇ ਮੁਲਾਕਾਤ ਦੌਰਾਨ ਕਿਹਾ, ''ਮੈਂ ਰਾਸ਼ਟਰਪਤੀ ਪੁਤਿਨ ਵਲੋਂ ਸੰਦੇਸ਼ ਲੈ ਕੇ ਆਇਆ ਹਾਂ ਕਿ ਅਸੀਂ ਪਾਕਿਸਤਾਨ ਦੀ ਹਰ ਉਹ ਮਦਦ ਕਰਨ ਲਈ ਤਿਆਰ ਹਾਂ ਜਿਸ ਦੀ ਉਸ ਨੂੰ ਲੋੜ ਹੈ।ਪਾਕਿਸਤਾਨੀ ਅਧਿਕਾਰੀ ਨੇ ਕਿਹਾ ਕਿ ਲਾਵਰੋਵ ਦੀ ਗੱਲ ਨੂੰ ਜੇਕਰ ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਰੂਸੀ ਰਾਸ਼ਟਰਪਤੀ ਨੇ ਸਾਨੂੰ ਖੁੱਲ੍ਹ ਕੇ ਸਹਾਇਤਾ ਦੇਣ ਦਾ ਆਫਰ ਦਿੱਤਾ ਹੈ।