ਅਜਵੈਣ ਦੀ ਵਰਤੋਂ ਮਸਾਲੇ ਦੇ ਰੂਪ 'ਚ ਹਰ ਘਰ ਦੀ ਰਸੋਈ 'ਚ ਕੀਤੀ ਜਾਂਦੀ ਹੈ। ਦਾਦੀ-ਨਾਨੀ ਵੱਲੋਂ ਦੇਸੀ ਨੁਸਖ਼ੇ ਦੇ ਤੌਰ 'ਤੇ ਢਿੱਡ ਦਰਦ ਹੋਣ 'ਤੇ ਅਜਵੈਣ ਦੀ ਫੱਕੀ ਮਾਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਖਾਣੇ ਦਾ ਸੁਆਦ ਵਧਾਉਂਦੀ ਹੈ, ਨਾਲ ਹੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਇਸ ਦਾ ਚੂਰਨ ਬਣਾ ਕੇ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।
ਅਜਵੈਣ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣਾਂ ਕਾਰਨ ਦਵਾਈ ਦਾ ਕੰਮ ਵੀ ਕਰਦੀ ਹੈ। ਵਿਸ਼ੇਸ਼ ਤੌਰ 'ਤੇ ਢਿੱਡ ਦਰਦ, ਗੈਸ ਬਣਨ, ਸਰਦੀ-ਜ਼ੁਕਾਮ, ਜੋੜਾਂ ਦੇ ਦਰਦ 'ਚ ਇਸ ਦੀ ਵਰਤੋਂ ਦਵਾਈ ਦੇ ਰੂਪ 'ਚ ਕੀਤੀ ਜਾਂਦੀ ਹੈ। ਅਜਵੈਣ ਦੀ ਵਰਤੋਂ ਸਾਨੂੰ ਕਈ ਰੋਗਾਂ ਤੋਂ ਦੂਰ ਰੱਖਦੀ ਹੈ।
ਬਦਹਜ਼ਮੀ: ਖਾਣਾ ਖਾਣ ਤੋਂ ਬਾਅਦ ਭਾਰੀਪਣ ਹੋਣ 'ਤੇ ਇਕ ਚਮਚਾ ਅਜਵੈਣ ਨੂੰ ਚੁਟਕੀ ਭਰ ਅਦਰਕ ਦੇ ਪਾਊਡਰ ਨਾਲ ਖਾਣ ਨਾਲ ਫ਼ਾਇਦਾ ਮਿਲਦਾ ਹੈ।
ਮਾਹਾਵਾਰੀ: ਮਾਹਾਵਾਰੀ ਦੇ ਦੌਰਾਨ ਹੋਣ ਵਾਲੀ ਦਰਦ ਤੋਂ ਛੁਟਕਾਰਾ ਪਾਉਣ ਲਈ ਅਜਵੈਣ ਦਾ ਪਾਣੀ ਬਹੁਤ ਲਾਭਦਾਇਕ ਹੈ। ਰਾਤ ਨੂੰ 1 ਗਿਲਾਸ ਪਾਣੀ 'ਚ ਇਕ ਚਮਚ ਅਜਵੈਣ ਪਾ ਕੇ ਭਿਓਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਪੀ ਲਓ।
ਕਾਲੀ ਖਾਂਸੀ: 10 ਗ੍ਰਾਮ ਅਜਵੈਣ 3 ਗ੍ਰਾਮ ਲੂਣ ਪੀਸ ਕੇ 40 ਗ੍ਰਾਮ ਸ਼ਹਿਦ 'ਚ ਮਿਲਾਓ। ਦਿਨ 'ਚ 3-4 ਵਾਰ ਥੋੜ੍ਹੀ-ਥੋੜ੍ਹੀ ਚੱਟਣ ਨਾਲ ਖਾਂਸੀ 'ਚ ਫ਼ਾਇਦਾ ਹੋਵੇਗਾ।
ਜ਼ੁਕਾਮ: ਅਜਵੈਣ ਨੂੰ ਤਵੇ 'ਤੇ ਗਰਮ ਕਰ ਕੇ ਕੱਪੜੇ ਦੀ ਪੋਟਲੀ ਬਣਾ ਕੇ ਸੁੰਘਣ ਨਾਲ ਛਿੱਕਾਂ ਤੋਂ ਰਾਹਤ ਅਤੇ ਬੰਦ ਨੱਕ ਖੁੱਲ੍ਹ ਜਾਂਦਾ ਹੈ। ਜੇ ਜ਼ੁਕਾਮ 'ਚ ਸਿਰ ਦਰਦ ਹੋਵੇ ਤਾਂ ਦੂਰ ਹੋ ਜਾਂਦਾ ਹੈ।
ਗਲੇ ਦੀ ਸੋਜ: ਗਰਮ ਪਾਣੀ ਨਾਲ ਇਕ ਚਮਚਾ ਅਜਵੈਣ 3-4 ਵਾਰ ਇਕ ਹਫ਼ਤੇ ਤੱਕ ਵਰਤੋਂ ਕਰਨ ਨਾਲ ਗਲੇ ਦੀ ਸੋਜ ਦੂਰ ਹੋ ਜਾਂਦੀ ਹੈ।
ਢਿੱਡ ਦੇ ਕੀੜੇ: ਅਜਵੈਣ ਦਾ ਚੂਰਨ 5 ਗ੍ਰਾਮ ਲੱਸੀ ਦੇ ਨਾਲ ਲੈਣ ਨਾਲ ਢਿੱਡ ਦੇ ਕੀੜੇ ਨਸ਼ਟ ਹੋ ਜਾਂਦੇ ਹਨ।
ਪਥਰੀ: ਅਜਵੈਣ ਨੂੰ ਮੂਲੀ ਦੇ ਰਸ 'ਚ ਮਿਲਾ ਕੇ ਖਾਣ ਨਾਲ ਪਥਰੀ ਗਲ ਕੇ ਨਿਕਲ ਜਾਂਦੀ ਹੈ।
ਚਮੜੀ ਰੋਗ: ਅਜਵੈਣ ਨੂੰ ਪੀਸ ਕੇ ਦਾਦ, ਖਾਜ, ਖੁਜਲੀ ਆਦਿ ਚਮੜੀ ਸਬੰਧੀ ਰੋਗਾਂ 'ਤੇ ਲਗਾਉਣ ਨਾਲ ਲਾਭ ਹੁੰਦਾ ਹੈ।
ਜੋੜਾਂ ਦਾ ਦਰਦ: ਅਜਵੈਣ ਦੇ ਤੇਲ ਦੀ ਮਾਲਿਸ਼ ਕਰਨ ਨਾਲ ਜੋੜਾਂ ਦਾ ਦਰਦ, ਜਕੜਨ ਅਤੇ ਸਰੀਰ ਦੇ ਅਨੇਕਾਂ ਹਿੱਸਿਆਂ 'ਚ ਦਰਦ ਆਦਿ 'ਚ ਲਾਭ ਹੁੰਦਾ ਹੈ।
ਕਿੱਲ-ਮੁਹਾਸਿਆਂ ਦੇ ਨਿਸ਼ਾਨ: ਕਿੱਲ-ਮੁਹਾਸਿਆਂ ਦੇ ਨਿਸ਼ਾਨਾਂ ਨੂੰ ਹੌਲੀ-ਹੌਲੀ ਘੱਟ ਕਰਨ ਲਈ ਅਜਵੈਣ ਦੇ ਪਾਊਡਰ ਨੂੰ ਦਹੀਂ 'ਚ ਮਿਲਾ ਕੇ ਨਿਯਮਤ ਕੁਝ ਦਿਨ ਲਗਾਓ। ਅੱਧੇ ਘੰਟੇ ਬਾਅਦ ਚਿਹਰਾ ਕੋਸੇ ਪਾਣੀ ਨਾਲ ਧੋ ਲਓ।
ਦੰਦਾਂ ਦਾ ਦਰਦ: ਜੇਕਰ ਦੰਦਾਂ 'ਚ ਦਰਦ ਹੋਵੇ ਅਤੇ ਡਾਕਟਰ ਦੇ ਕੋਲ ਉਸ ਸਮੇਂ ਜਾਣਾ ਮੁਸ਼ਕਿਲ ਹੋਵੇ ਤਾਂ 1 ਕੱਪ ਪਾਣੀ ਵਿਚ ਇਕ ਚਮਚਾ ਪੀਸੀ ਹੋਈ ਅਜਵੈਣ ਅਤੇ ਥੋੜ੍ਹਾ ਜਿਹਾ ਲੂਣ ਪਾ ਕੇ ਉਬਾਲ ਲਓ। ਜੇ ਪਾਣੀ ਕੋਸਾ ਹੋਵੇ ਤਾਂ ਉਸ ਨੂੰ ਮੂੰਹ ਵਿਚ ਲੈ ਕੇ ਕੁੱਝ ਦੇਰ ਤਕ ਰੱਖੋ ਅਤੇ ਬਾਅਦ ਵਿਚ ਕੁਰਲੀ ਕਰ ਕੇ ਸੁੱਟ ਦਿਓ। ਦਿਨ ਵਿਚ ਤਿੰਨ ਤੋਂ ਚਾਰ ਵਾਰ ਇਸ ਤਰ੍ਹਾਂ ਕਰਨ ਨਾਲ ਆਰਾਮ ਮਿਲੇਗਾ।