ਕਾਹਿਰਾ, (ਏਜੰਸੀ) : ਦੁਨੀਆਂ ਵਿਚ ਨਾਜਾਇਜ਼ ਤੇ ਘਟੀਆ ਸਮੱਗਰੀ ਨਾਲ ਇਮਾਰਤਾਂ ਬਣਾਉਣ ਦਾ ਗੋਰਖਧੰਦਾ ਬੜਾ ਪੁਰਾਣਾ ਹੈ ਇਸੇ ਲਈ ਇਮਾਰਤਾਂ ਡਿੱਗਣ ਨਾਲ ਹਰ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਮਿਸਰ ਦੀ ਰਾਜਧਾਨੀ ਕਾਹਿਰਾ ’ਚ ਅੰਜ ਤੜਕੇ ਇਕ 9 ਮੰਜ਼ਿਲਾ ਅਪਾਰਟਮੈਂਟ ਦੀ ਇਮਾਰਤ ਢਹਿ-ਢੇਰੀ ਹੋਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 24 ਦੇ ਕਰੀਬ ਜ਼ਖ਼ਮੀ ਹੋ ਗਏ। ਕਾਹਿਰਾ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਖਾਲਿਦ ਅਬਦੁਲ-ਅਲ ਨੇ ਦਸਿਆ ਕਿ ਬਚਾਅ ਕਰਮਚਾਰੀ ਅਲ-ਸਲਾਮ ’ਚ ਇਮਾਰਤ ਦੇ ਮਲਬੇ ’ਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਇਕ ਬਿਆਨ ’ਚ ਦਸਿਆ ਕਿ ਇਸ ਹਾਦਸੇ ’ਚ 24 ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲਾਂ ’ਚ ਦਾਖ਼ਲ ਕਰਾਇਆ ਗਿਆ ਹੈ। ਪੁਲਿਸ ਨੇ ਸਾਰੇ ਖੇਤਰ ਨੂੰ ਘੇਰ ਲਿਆ ਹੈ। ਕਰਮਚਾਰੀ ਮਲਬੇ ਨੂੰ ਹਟਾਉਣ ਲਈ ਬੁਲਡੋਜ਼ਰ ਦੀ ਵਰਤੋਂ ਕਰਦੇ ਦੇਖੇ ਗਏ। ਅਬਦੁਲ- ਅਲ ਨੇ ਦਸਿਆ ਕਿ ਇਮਾਰਤ ਢਹਿ-ਢੇਰੀ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਹੈ ਪਰ ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਇਮਾਰਤ ਦੇ ਨਿਰਮਾਣ ਵਿਚ ਕੁੱਝ ਕੁਤਾਹੀਆਂ ਜ਼ਰੂਰ ਹੋਈਆਂ ਹੋਣਗੀਆਂ। ਉਨ੍ਹਾਂ ਇਹ ਵੀ ਦਸਿਆ ਕਿ ਸਰਕਾਰ ਵਲੋਂ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਉਸਾਰੀਆਂ ਤੇ ਨਾ ਵਰਤੋਂ ਵਾਲੀਆਂ ਇਮਾਰਤਾਂ ਵਿਰੁਧ ਮੁਹਿੰਮ ਛੇੜੀ ਹੋਈ ਹੈ। ਉਨ੍ਹਾਂ ਦਸਿਆ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ।