ਬੋਗੋਟਾ (ਏਜੰਸੀਆਂ): ਪੱਛਮੀ ਕੋਲੰਬੀਆ ਦੇ ਇਕ ਸ਼ਹਿਰ ਵਿਚ ਹੋਏ ਕਾਰ ਬੰਬ ਧਮਾਕੇ ਵਿਚ 19 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਕੋਲੰਬੀਆ ਵਿਚ ਇਹ ਧਮਾਕਾ ਪੇਂਡੂ ਖੇਤਰਾਂ ਵਿਚ ਵੱਧ ਰਹੀ ਹਿੰਸਾ ਦੇ ਦੌਰਾਨ ਹੋਇਆ ਹੈ। ਅਧਿਕਾਰੀਆਂ ਨੇ ਦਸਿਆ ਕਿ ਇਹ ਧਮਾਕਾ 30, 000 ਲੋਕਾਂ ਦੀ ਆਬਾਦੀ ਵਾਲੇ ਸ਼ਹਿਰ ਕੋਰਿੰਟੋ ਵਿਚ ਹੋਇਆ। ਇਸ ਸ਼ਹਿਰ ’ਚ ਕੋਲੰਬੀਆ ਦੀ ਫ਼ੌਜ ਅਤੇ ਵਿਦਰੋਹੀ ਸਮੂਹਾਂ ਵਿਚਕਾਰ ਲੰਮੇ ਸਮੇਂ ਤੋਂ ਲੜਾਈ ਚਲ ਰਹੀ ਹੈ।
ਇਹ ਬਾਗ਼ੀ ਸਮੂਹ ਕੋਕੀਨ ਦੀ ਤਸਕਰੀ ਕਰਦੇ ਹਨ ਅਤੇ ਨੇੜਲੇ ਐਂਡੀਜ਼ ਪਹਾੜ ’ਤੇ ਲੁਕ ਜਾਂਦੇ ਹਨ। ਮੌਕੇ ਉੱਤੇ ਮੌਜੂਦ ਲੋਕਾਂ ਮੁਤਾਬਕ ਕੋਰਿੰਟੋ ’ਚ ਨਗਰ ਨਿਗਮ ਦੀ ਬਿਲਡਿੰਗ ਨੇੜੇ ਇਕ ਕਾਰ ਬੰਬ ਧਮਾਕਾ ਹੋਇਆ। ਡਿਪਟੀ ਮੇਅਰ ਲਿਓਨਾਰਡੋ ਰਿਵੇਰਾ ਨੇ ਦਸਿਆ ਕਿ ਜਿਸ ਵੇਲੇ ਧਮਾਕਾ ਹੋਇਆ ਉਸ ਸਮੇਂ ਮੇਅਰ ਬਿਲਡਿੰਗ ਦੇ ਅੰਦਰ ਮੌਜੂਦ ਨਹੀਂ ਸਨ ਪਰ ਨਗਰ ਨਿਗਮ ਦੇ 3 ਕਰਮਚਾਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਕ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।