ਮੁਹਾਲੀ ਡਿਵੈੱਲਪਮੈਂਟ ਐਂਡ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਯਾਦ 'ਚ ਖੂਨਦਾਨ ਕੈਂਪ ਦਾ ਆਯੋਜਨ
ਮੁਹਾਲੀ(ਸੱਚੀ ਕਲਮ ਬਿਊਰੋ): ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਹੁਰਾਂ ਦੀ ਸ਼ਹਾਦਤ ਦੀ ਯਾਦ ਵਿੱਚ ਮੁਹਾਲੀ ਡਿਵੈੱਲਪਮੈਂਟ ਐਂਡ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਅਜ਼ਾਦ ਗਰੁੱਪ ਦੇ ਸਹਿਯੋਗ ਨਾਲ ਸਾਬਕਾ ਮੇਅਰ ਸ. ਕੁਲਵੰਤ ਸਿੰਘ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਅੰਦੋਲਨ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ।
ਅਜ਼ਾਦ ਗਰੁੱਪ ਦੇ ਸੈਕਟਰ 79 ਵਿਚਲੇ ਮੁੱਖ ਦਫ਼ਤਰ ਵਿੱਚ ਲਗਾਏ ਇਸ ਖੂਨਦਾਨ ਕੈਂਪ ਵਿੱਚ 195 ਯੂਨਿਟ ਖੂਨ ਦਾਨ ਕੀਤਾ ਗਿਆ। ਇਹ ਕੈਂਪ 6 ਫੇਜ਼ ਮੁਹਾਲੀ ਵਿਚਲੇ ਸਿਵਲ ਹਸਪਤਾਲ ਦੀ ਟੀਮ ਵੱਲੋਂ ਲਗਾਇਆ ਗਿਆ।
ਇਸ ਮੌਕੇ ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਸੂਰਬੀਰਾਂ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ ਅਤੇ ਉਨ੍ਹਾਂ ਵੱਲੋਂ ਪਾਏ ਪੂਰਨਿਆਂ ਉੱਤੇ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਵੱਲੋਂ ਦਰਸਾਏ ਗਏ ਸੱਚੇ ਮਾਰਗ 'ਤੇ ਚੱਲਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਖੂਨਦਾਨ ਕੈਂਪ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅਜ਼ਾਦ ਗਰੁੱਪ ਦੇ ਯੂਥ ਆਗੂ ਸ. ਮਨਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇ ਇਸ ਖੂਨਦਾਨ ਕੈਂਪ ਦੇ ਲਈ ਕੁੱਲ 205 ਵਿਅਕਤੀ ਪਹਿਲਾਂ ਹੀ ਖ਼ੂਨਦਾਨ ਕਰਨ ਦੇ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਪ੍ਰੰਤੂ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਦੇ ਪ੍ਰਭਾਵ ਦੇ ਚੱਲਦਿਆਂ ਸਾਵਧਾਨੀ ਵਰਤਦਿਆਂ ਸਿਰਫ਼ 195 ਲੋਕਾਂ ਨੂੰ ਖ਼ੂਨਦਾਨ ਕਰਨ ਲਈ ਚੁਣਿਆ ਗਿਆ, ਉਹ ਵੀ ਪੜਾਅਵਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦਿਆਂ ਖ਼ੂਨਦਾਨ ਕੈਂਪ ਦੇ ਸਮੁੱਚੇ ਕੰਮ ਨੂੰ ਸਿਰੇ ਚਾੜ੍ਹਿਆ ਗਿਆ। ਉਹਨਾਂ ਦੱਸਿਆ ਕਿ ਇਸ ਮੌਕੇ ਤੇ ਜਿੱਥੇ ਸਾਰੇ ਖੂਨਦਾਨ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਸੀ ਉੱਥੇ ਹਰ ਇਕ ਵਿਅਕਤੀ ਨੂੰ ਇਸ ਮੌਕੇ ਤੇ ਮਾਸਕ ਅਤੇ ਗਲਬਜ਼ ਵੀ ਤਕਸੀਮ ਕੀਤੇ ਗਏ।
ਇਸ ਮੌਕੇ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਪਰਮਜੀਤ ਸਿੰਘ ਚੌਹਾਨ ਅਤੇ ਪ੍ਰਧਾਨ ਫੂਲਰਾਜ ਸਿੰਘ ਸਾਬਕਾ ਕੌਂਸਲਰ ਤੋਂ ਇਲਾਵਾ ਕੌਂਸਲਰ ਸਰਬਜੀਤ ਸਿੰਘ ਸਮਾਣਾ, ਆਜ਼ਾਦ ਗਰੁੱਪ ਦੇ ਨੇਤਾ ਐੱਚ ਐੱਸ ਬਰਨਾਲਾ, ਅਜ਼ਾਦ ਗਰੁੱਪ ਦੇ ਮੁੱਖ ਬੁਲਾਰੇ ਪਰਵਿੰਦਰ ਸਿੰਘ ਸੋਹਾਣਾ, ਅਜ਼ਾਦ ਗਰੁੱਪ ਦੇ ਪ੍ਰਬੰਧਕ ਸਕੱਤਰ ਸ. ਅਕਬਿੰਦਰ ਸਿੰਘ ਗੋਸਲ, ਡਾ. ਉਮਾ ਸ਼ਰਮਾ, ਸੁਰਿੰਦਰ ਸਿੰਘ ਰੋਡਾ, ਕੌਂਸਲਰ ਰਮਨਪ੍ਰੀਤ ਕੌਰ, ਗੁਰਮੀਤ ਕੌਰ, ਅੰਜਲੀ ਸਿੰਘ, ਇਸ਼ਪ੍ਰੀਤ ਸਿੰਘ ਵਿੱਕੀ, ਸੁਧਾਰ, ਜਸਵੀਰ ਕੌਰ ਅਤਲੀ, ਰਜਨੀ ਗੋਇਲ, ਜਸਪਾਲ ਸਿੰਘ ਮਟੌਰ, ਅਮਰਜੀਤ ਸਿੰਘ, ਡਾ. ਕੁਲਦੀਪ ਸਿੰਘ, ਜਗਤਾਰ ਸਿੰਘ ਜੱਗੀ ਅਤੇ ਜਸਪਿੰਦਰ ਸਿੰਘ ਲਾਲੀ ਸਮੇਤ ਅਜ਼ਾਦ ਗਰੁੱਪ ਅਤੇ ਮੁਹਾਲੀ ਡਿਵੈੱਲਪਮੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰ ਵੀ ਹਾਜ਼ਰ ਸਨ।
ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ।