ਇਸਲਾਮਾਬਾਦ, (ਏਜੰਸੀ): ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਇਸ ਕਦਰ ਦਹਿਸ਼ਤ ਵਿਚ ਪਾਇਆ ਹੋਇਆ ਹੈ ਕਿ ਲੋਕ ਮੇਲ-ਮਿਲਾਪ ਵੀ ਛੱਡ ਰਹੇ ਹਨ। ਪਾਕਿਸਤਾਨ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਵਾਇਰਸ ਦੇ ਮਾਮਲਿਆਂ ਦੀ ਵੱਧਦੀ ਗਿਣਤੀ ਵਿਚ ਪਾਕਿਸਤਾਨ ਨੇ ਕੋਵਿਡ-19 ਮਿਆਰੀ ਓਪਰੇਟਿੰਗ ਵਿਧੀ (ਸ਼ੌਫਸ) ਦੇ ਤਹਿਤ 12 ਅਫ਼ਰੀਕੀ ਦੇਸ਼ਾਂ ’ਤੇ ਯਾਤਰਾ ਪਾਬੰਦੀ ਲਗਾ ਦਿਤੀ ਹੈ। ਇਸ ਦੇ ਨਾਲ ਹੀ ਯੂਨਾਈਟਿਡ ਕਿੰਗਟਮ ਤੋਂ ਆਉਣ ਵਾਲੀਆਂ ਯਾਤਰੀ ਉਡਾਣਾਂ ’ਤੇ ਪਾਬੰਦੀ ਘਟ ਕਰ ਦਿਤੀ ਗਈ ਹੈ। ਨਵਾਂ ਆਦੇਸ਼ 23 ਮਾਰਚ ਤੋਂ 5 ਅਪ੍ਰੈਲ ਤਕ ਲਾਗੂ ਰਹੇਗਾ।
ਪਾਕਿਸਤਾਨ ਦੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.) ਦੇ ਮੁਤਾਬਕ, ਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਤਿੰਨ ਸ਼੍ਰੇਣੀਆਂ ਨੂੰ ਤੈਅ ਕੀਤਾ ਗਿਆ ਹੈ। ਸ਼੍ਰੇਣੀ ’ਏ’ ਦੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਪਰੀਖਣ ਦੀ ਲੋੜ ਨਹੀਂ ਹੁੰਦੀ ਹੈ ਜਦਕਿ ਸ਼੍ਰੇਣੀ ’ਬੀ’ ਵਾਲਿਆਂ ਨੂੰ ਪਾਕਿਸਤਾਨ ਜਾਣ ਤੋਂ 72 ਘੰਟੇ ਪਹਿਲਾਂ ਪੋਲੀਮਰੇਜ ਚੇਨ ਰਿਐਕਸ਼ਨ (ਪੀ.ਸੀ.ਆਰ.) ਪ੍ਰੀਖਣ ਦੀ ਲੋੜ ਹੁੰਦੀ ਹੈ। ਉੱਥੇ ‘ਸੀ’ ਸ਼੍ਰੇਣੀ ਦੇ ਦੇਸ਼ਾਂ ਨੂੰ ਪਾਕਿਸਤਾਨ ਜਾਣ ਲਈ ਦੇਸ਼ ਦੀ ਰਾਸ਼ਟਰੀ ਕਮਾਂਡ ਅਤੇ ਕੰਟਰੋਲ ਕੇਂਦਰ (ਐਨ.ਸੀ.ਓ.ਸੀ.) ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।