ਕਿਹਾ, ਹੁਣ ਬੀਤੇ ਨੂੰ ਭੁੱਲਣ ਦਾ ਸਮਾਂ ਆ ਗਿਆ ਹੈ
ਕਸ਼ਮੀਰ ਦਾ ਰਾਗ ਅਲਾਪਣੋਂ ਨਾ ਭੁੱਲੇ ਬਾਜਵਾ
ੋ
ਇਸਲਾਮਾਬਾਦ, (ਏਜੰਸੀ): ਪਾਕਿਸਤਾਨੀ ਆਗੂਆਂ ਤੇ ਵੱਡੇ ਅਧਿਕਾਰੀਆਂ ਨੂੰ ਅਚਾਨਕ ਭਾਰਤ ਨਾਲ ਮੋਹ ਜਾਗ ਪਿਆ ਹੈ ਤੇ ਉਹ ਭਾਰਤ ਵਲ ਦੋਸਤੀ ਦਾ ਹੱਥ ਵਧਾਉਣਾ ਚਾਹੁੰਦੇ ਹਨ। ਬੀਤੇ ਦਿਨੀਂ ਜਿਥੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਭਾਰਤ ਪ੍ਰਤੀ ਲਚਕੀਲਾ ਰੁਖ਼ ਅਪਣਾ ਰਹੇ ਸਨ ਉਥੇ ਹੁਣ ਪਾਕਿਸਤਾਨ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਕਿ ਇਹ ਭਾਰਤ ਅਤੇ ਪਾਕਿਸਤਾਨ ਲਈ ‘ਬੀਤੇ ਸਮੇਂ ਨੂੰ ਭੁੱਲਣ ਅਤੇ ਅੱਗੇ ਵਧਣ’ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਦੋਹੇਂ ਗੁਆਂਢੀ ਦੇਸ਼ਾਂ ਦਰਮਿਆਨ ਸ਼ਾਂਤੀ ਨਾਲ ਦਖਣੀ ਅਤੇ ਮੱਧ ਏਸ਼ੀਆ ਵਿਚ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਖੋਲ੍ਹਣ ਵਿਚ ਮਦਦ ਮਿਲੇਗੀ। ਜਨਰਲ ਬਾਜਵਾ ਨੇ ਇਸਲਾਮਾਬਾਦ ਸੁਰੱਖਿਆ ਗੱਲਬਾਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਵਾਦਾਂ ਕਾਰਣ ਖੇਤਰੀ ਸ਼ਾਂਤੀ ਅਤੇ ਵਿਕਾਸ ਦੀ ਸੰਭਾਵਨਾ ਅਣਸੁਲਝੇ ਮੁੱਦਿਆਂ ਕਾਰਨ ਹਮੇਸ਼ਾ ਬੰਧਕ ਰਹੀ ਹੈ। ਉਹਨਾਂ ਕਿਹਾ, ‘ਮੇਰਾ ਮੰਨਣਾ ਹੈ ਕਿ ਇਹ ਕਦਮ ਬੀਤੇ ਸਮੇਂ ਨੂੰ ਭੁਲਣ ਅਤੇ ਅੱਗੇ ਵਧਣ ਦਾ ਹੈ।’
ਜਨਰਲ ਬਾਜਵਾ ਨੇ ਕਿਹਾ, ’ਸਾਡੇ ਗੁਆਂਢੀ ਨੂੰ ਵਿਸ਼ੇਸ਼ ਰੂਪ ਨਾਲ ਕਸ਼ਮੀਰ ’ਚ ਇਕ ਅਨੁਕੂਲ ਵਾਤਾਵਰਣ ਬਣਾਉਣਾ ਹੋਵੇਗਾ।’ ਉਨ੍ਹਾਂ ਕਿਹਾ ਕਿ ਇਨ੍ਹਾਂ ’ਚ ਸੱਭ ਤੋਂ ਅਹਿਮ ਮੁੱਦਾ ਕਸ਼ਮੀਰ ਦਾ ਹੈ। ਇਹ ਸਮਝਣਾ ਅਹਿਮ ਹੈ ਕਿ ਸ਼ਾਂਤੀਪੂਰਣ ਤਰੀਕਿਆਂ ਨਾਲ ਕਸ਼ਮੀਰ ਵਿਵਾਦ ਦੇ ਹੱਲ ਤੋਂ ਬਿਨਾਂ ਇਸ ਖੇਤਰ ’ਚ ਸ਼ਾਂਤੀ ਦੀ ਕੋਈ ਵੀ ਪਹਿਲ ਸਫ਼ਲ ਨਹੀਂ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਜਨਰਲ ਬਾਜਵਾ ਦੇ ਬਿਆਨ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸੇ ਸਥਾਨ ’ਤੇ ਇਹੀ ਬਿਆਨ ਦਿਤਾ ਸੀ। ਖ਼ਾਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਮੁਲਕ ਨਾਲ ਸ਼ਾਂਤੀ ਰੱਖਣ ’ਤੇ ਭਾਰਤ ਨੂੰ ਆਰਥਿਕ ਲਾਭ ਮਿਲੇਗਾ। ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨੀ ਆਗੂ ਤੇ ਫ਼ੌਜੀ ਅਧਿਕਾਰੀ ਅਪਣੀ ਕਹਿਣੀ ’ਤੇ ਕਿੰਨੇ ਕੁ ਖਰੇ ਉਤਰਦੇ ਹਨ ਤੇ ਜੇਕਰ ਉਹ ਸਚਮੁੱਚ ਸ਼ਾਂਤੀ ਚਾਹੁੰਦੇ ਹਨ ਤਾਂ ਅਤਿਵਾਦ ਦਾ ਸਮਰਥਨ ਬੰਦ ਕਰਨਾ ਪਵੇਗਾ।