ਸਾਡੇ ਖੂਨ ਦਾ ਇੱਕ ਕਤਰਾ ਵੀ ਕਿਸੇ ਦੀ ਜ਼ਿੰਦਗੀ ਬਚਾ ਸਕਦੈ: ਫੂਲਰਾਜ ਸਿੰਘ
ਐਸ.ਏ.ਐਸ ਨਗਰ : ਅਜ਼ਾਦ ਗਰੁੱਪ ਮੁਹਾਲੀ ਦੇ ਸੈਕਟਰ 79 ਵਿਚਲੇ ਮੁੱਖ ਦਫ਼ਤਰ ਵਿੱਚ ਮੁਹਾਲੀ ਡਿਵੈਲਪਮੈਂਟ ਅਤੇ ਵੈਲਫ਼ੇਅਰ ਐਸੋਸੀਏਸ਼ਨ ਦੇ ਯੂਥ ਵਿੰਗ ਵੱਲੋਂ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ, ਚੇਅਰਮੈਨ ਸੁਖਦੇਵ ਸਿੰਘ ਪਟਵਾਰੀ, ਪ੍ਰਧਾਨ ਫੂਲਰਾਜ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਮੀਤ ਪ੍ਰਧਾਨ ਹਰਵਿੰਦਰ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ ਵਾਲੀਆ, ਜਨਰਲ ਸਕੱਤਰ ਰਜਿੰਦਰ ਪ੍ਰਸ਼ਾਦ, ਖਜ਼ਾਨਚੀ ਅਰੁਣ ਗੋਇਲ, ਪ੍ਰਬੰਧਕ ਸਕੱਤਰ ਅਕਬਿੰਦਰ ਸਿੰਘ ਗੋਸਲ, ਜੁਆਇੰਟ ਸਕੱਤਰ ਸੁਖਮਿੰਦਰ ਸਿੰਘ ਬਰਨਾਲਾ ਸਹਾਇਕ ਸਕੱਤਰ ਜਸਪਾਲ ਸਿੰਘ, ਪ੍ਰੈਸ ਸਕੱਤਰ ਹਰਪਾਲ ਸਿੰਘ ਚੰਨਾ, ਸੁਮਿਤ ਸੋਢੀ, ਕਰਨੈਲ ਸਿੰਘ, ਹਰਮੇਸ਼ ਸਿੰਘ ਕੁੰਬੜਾ ਅਤੇ ਰਾਜੀਵ ਵਸ਼ਿਸ਼ਟ ਸਮੇਤ ਯੂਥ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸ. ਫੂਲਰਾਜ ਸਿੰਘ ਨੇ ਦੱਸਿਆ ਕਿ ਸਾਬਕਾ ਮੇਅਰ ਸ. ਕੁਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦ ਵਿੱਚ 23 ਮਾਰਚ ਨੂੰ ਅਜ਼ਾਦ ਗਰੁੱਪ ਦੇ ਸੈਕਟਰ 79 ਵਿਚਲੇ ਮੁੱਖ ਦਫ਼ਤਰ ਵਿੱਚ ਕਿਸਾਨ-ਮਜ਼ਦੂਰ ਏਕਤਾ ਨੂੰ ਸਮਰਪਿਤ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ 200 ਯੂਨਿਟ ਤੋਂ ਵੱਧ ਖੂਨ ਦਾਨ ਕੀਤਾ ਜਾਵੇਗਾ। ਉਹਨਾਂ ਮੁਹਾਲੀ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਸ਼ਿਕਰਤ ਕੀਤੀ ਜਾਵੇ ਅਤੇ ਖੂਨ ਦਾਨ ਕੀਤਾ ਜਾਵੇ, ਕਿਉਂਕਿ ਸਾਡੇ ਖੂਨ ਦਾ ਇੱਕ ਕਤਰਾ ਵੀ ਕਿਸੇ ਦੀ ਜ਼ਿੰਦਗੀ ਨੂੰ ਬਚਾ ਸਕਦਾ ਹੈ ਅਤੇ ਸਭ ਤੋਂ ਉੱਤਮ ਦਾਨ ਵੀ ਖੂਨ ਦਾਨ ਨੂੰ ਹੀ ਮੰਨਿਆ ਜਾਂਦਾ ਹੈ।